ਅਣਪਛਾਤੇ ਵਾਹਨ ਦੀ ਟੱਕਰ ਨਾਲ ਮਹਿਲਾ ਕਾਂਸਟੇਬਲ ਦੀ ਮੌਤ
ਮਹਿਲਾ ਕਾਂਸਟੇਬਲ ਦੀ ਐਕਟਿਵਾ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਨਾਲ ਮੌਤ
Publish Date: Tue, 20 Jan 2026 07:56 PM (IST)
Updated Date: Tue, 20 Jan 2026 07:57 PM (IST)

ਡਿਊਟੀ ’ਤੇ ਢਿੱਲਵਾਂ ਥਾਣੇ ਜਾ ਰਹੀ ਸੀ ਕਾਂਸਟੇਬਲ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹੇ ਦੇ ਢਿੱਲਵਾਂ ਪੁਲਿਸ ਥਾਣੇ ਵਿਚ ਤਾਇਨਾਤ ਇਕ ਮਹਿਲਾ ਕਾਂਸਟੇਬਲ ਦੀ ਜਲੰਧਰ-ਅੰਮ੍ਰਿਤਸਰ ਹਾਈਵੇਅ ਤੇ ਇਕ ਅਣਪਛਾਤੇ ਵਾਹਨ ਨਾਲ ਸਿੱਧੀ ਟੱਕਰ ਹੋਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਖ਼ਮੀ ਮਹਿਲਾ ਨੂੰ 108 ਐਂਬੂਲੈਂਸ ਰਾਹੀਂ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ, ਜਿਥੇ ਡਿਊਟੀ ਤੇ ਮੌਜੂਦ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਮਹਿਲਾ ਕਾਂਸਟੇਬਲ ਦੀ ਪਛਾਣ ਕੁਲਵਿੰਦਰ ਕੌਰ (44) ਵਜੋਂ ਹੋਈ ਹੈ, ਜੋ ਕਿ ਹਮੀਰਾ ਪਿੰਡ ਦੇ ਜਗਤਜੀਤ ਨਗਰ ਦੀ ਰਹਿਣ ਵਾਲੀ ਸੀ। ਉਹ ਮੂਲ ਰੂਪ ਵਿਚ ਪਟਿਆਲਾ ਦੀ ਰਹਿਣ ਵਾਲੀ ਸੀ ਤੇ ਵਿਆਹ ਤੋਂ ਬਾਅਦ ਹਮੀਰਾ ਦੇ ਜਗਤਜੀਤ ਨਗਰ ਵਿਚ ਆਪਣੇ ਸਹੁਰੇ ਘਰ ਰਹਿ ਰਹੀ ਸੀ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਢਿੱਲਵਾਂ ਦੇ ਐੱਸਐੱਚਓ ਦਲਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਾਹਨ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਸਵੇਰੇ 11 ਵਜੇ ਦੇ ਕਰੀਬ ਆਪਣੀ ਐਕਟਿਵਾ ਤੇ ਹਮੀਰਾ ਤੋਂ ਢਿੱਲਵਾਂ ਪੁਲਿਸ ਥਾਣੇ ਜਾ ਰਹੀ ਸੀ ਕਿ ਢਿਲਵਾਂ ਨੇੜੇ ਇਕ ਪੈਲੇਸ ਦੇ ਸਾਹਮਣੇ ਇਕ ਅਣਪਛਾਤੇ ਵਾਹਨ ਨੇ ਉਸਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਸੜਕ ਤੇ ਡਿੱਗ ਪਈ ਅਤੇ ਗੰਭੀਰ ਜ਼ਖਮੀ ਹੋ ਗਈ। ਸੂਚਨਾ ਮਿਲਣ ਤੇ, 108 ਐਂਬੂਲੈਂਸ ਟੀਮ ਉਸਨੂੰ ਹਸਪਤਾਲ ਲੈ ਗਈ, ਪਰ ਡਿਊਟੀ ਤੇ ਮੌਜੂਦ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ, ਕਪੂਰਥਲਾ ਦੀ ਮੋਰਚਰੀ ਵਿਚ ਰੱਖ ਦਿੱਤਾ ਹੈ। ਅਣਪਛਾਤੇ ਵਾਹਨ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।