ਯੂਰਿਕ ਐਸਿਡ ਕਿਉਂ ਵੱਧਦਾ ਹੈ?ਗੰਭੀਰ ਬਿਮਾਰੀਆਂ ਨੂੰ ਸੱਦਾ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਅਜੋਕੇ ਸਮੇਂ ਵਿਚ ਭਾਵੇਂ ਅੱਜ ਅਸੀਂ ਇੱਕਵੀਂ ਸਦੀ ਵਿਚ ਘੁੰਮ ਰਹੇ ਹਾਂ ਪਰ ਇਹ ਸਦੀ ਵਿਚ ਹੋ ਰਹੀਆਂ ਬਿਮਾਰੀਆਂ ਨੇ ਆਮ ਲੋਕਾਂ ਦੀ ਕਮਰ ਜ਼ਰੂਰ ਤੋੜ ਰੱਖੀ ਹੈ। ਅਨੇਕਾਂ ਅਜੀਬੋ-ਗਰੀਬ ਬਿਮਾਰੀਆਂ ਦਾ ਮੁੱਖ ਕਾਰਨ ਸਾਡਾ ਰਹਿਣ-ਸਹਿਣ, ਖਾਣ-ਪੀਣ ਹੈ। ਜਿਥੇ ਪਹਿਲਾਂ ਪੁਰਾਣੇ ਬਜ਼ੁਰਗ ਘਰ ਦਾ ਬਣਿਆ ਖਾਣਾ, ਦੁੱਧ, ਲੱਸੀ ਨੂੰ ਤਵੱਜੋ ਦਿੰਦੇ ਸਨ, ਅੱਜ ਉਹ ਬਦਲ ਕੇ ਜੰਕ ਫੂਡ, ਬਰਗਰ, ਪੀਜ਼ੇ ਵਿਚ ਤਬਦੀਲ ਹੋ ਚੁੱਕਾ ਹੈ, ਜਿਸ ਕਾਰਨ ਮਨੁੱਖੀ ਸਰੀਰ ਅਨੇਕਾਂ ਬਿਮਾਰੀਆਂ ਨਾਲ ਘਿਰਦਾ ਜਾ ਰਿਹਾ ਹੈ। ਇਨ੍ਹਾਂ ਵਿਚੋਂ ਅਜੋਕੇ ਸਮੇਂ ਵਿਚ ਹੋ ਰਹੀ ਬਿਮਾਰੀ ਹੈ ਯੂਰਿਕ ਐਸਿਡ ਦਾ ਵਧਣਾ, ਜਿਸਦੇ ਹੋਣ ਤੋਂ ਬਾਅਦ ਹੱਡੀਆਂ ਵਿਚ ਬੇਇੰਤਹਾ ਦਰਦ ਹੁੰਦਾ ਹੈ ਤੇ ਸੋਜ਼ਿਸ਼ ਸ਼ੁਰੂ ਹੋ ਜਾਂਦੀ ਹੈ। ਇਸ ਸਬੰਧੀ ਫਗਵਾੜਾ ਸ਼ਹਿਰ ਦੇ ਪ੍ਰਸਿੱਧ ਡਾਕਟਰਾਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ, ਇਸ ਤੋਂ ਬਚਣ ਦਾ ਉਪਾਅ ਤੇ ਯੂਰਿਕ ਐਸਿਡ ਵੱਧ ਜਾਣ ਤੋਂ ਬਾਅਦ ਪਰਹੇਜ਼ ਸਬੰਧੀ ਗੱਲਬਾਤ ਕੀਤੀ ਗਈ। ਡਾ. ਵੀਰ ਸਿੰਘ ਬਸਰਾ, ਡਾ. ਜਤਿੰਦਰ ਸਿੰਘ ਪਰਹਾਰ, ਡਾ. ਬੀਐੱਸ ਭਾਟੀਆ ਨੇ ਦੱਸਿਆ ਕਿ ਯੂਰਿਕ ਐਸਿਡ ਸਰੀਰ ਵਿਚ ਪਿਊਰੀਨ ਦੇ ਟੁੱਟਣ ਨਾਲ ਬਣਦਾ ਹੈ। ਆਮ ਤੌਰ ‘ਤੇ ਇਹ ਗੁਰਦੇ (ਕਿਡਨੀ) ਰਾਹੀਂ ਪੇਸ਼ਾਬ ਨਾਲ ਬਾਹਰ ਨਿਕਲ ਜਾਂਦਾ ਹੈ। ਜਦੋਂ ਇਹ ਜ਼ਿਆਦਾ ਬਣਦਾ ਹੈ ਜਾਂ ਠੀਕ ਤਰ੍ਹਾਂ ਬਾਹਰ ਨਹੀਂ ਨਿਕਲਦਾ, ਤਾਂ ਖੂਨ ਵਿਚ ਇਸ ਦੀ ਮਾਤਰਾ ਵੱਧ ਜਾਂਦੀ ਹੈ। ਇਸਨੂੰ ਹਾਈਪਰਯੂਰਿਸੀਮੀਆ ਕਿਹਾ ਜਾਂਦਾ ਹੈ। ਯੂਰਿਕ ਐਸਿਡ ਵਧਣਾ ਇਕ ਆਮ ਪਰ ਗੰਭੀਰ ਸਮੱਸਿਆ ਬਣ ਸਕਦੀ ਹੈ ਜੇ ਸਮੇਂ ‘ਤੇ ਧਿਆਨ ਨਾ ਦਿੱਤਾ ਜਾਵੇ। ਸਹੀ ਖੁਰਾਕ, ਨਿਯਮਿਤ ਕਸਰਤ ਤੇ ਡਾਕਟਰੀ ਸਲਾਹ ਨਾਲ ਇਸ ਨੂੰ ਕਾਬੂ ਵਿਚ ਰੱਖਿਆ ਜਾ ਸਕਦਾ ਹੈ।
ਯੂਰਿਕ ਐਸਿਡ ਬਣਨ ਦੇ ਮੁੱਖ ਕਾਰਣ
ਪਿਊਰੀਨ ਵਾਲੇ ਭੋਜਨ ਦੀ ਵਧੇਰੇ ਵਰਤੋਂ : ਲਾਲ ਮਾਸ, ਅੰਗਾਂ ਦਾ ਮਾਸ (ਜਿਵੇਂ ਕਲੇਜਾ), ਕੁਝ ਸਮੁੰਦਰੀ ਮੱਛੀਆਂ, ਦਾਲਾਂ ਦੀ ਅਤਿ ਖਪਤ।
ਸ਼ਰਾਬ ਦੀ ਵਰਤੋਂ : ਖਾਸ ਕਰਕੇ ਬੀਅਰ ਯੂਰਿਕ ਐਸਿਡ ਵਧਾ ਸਕਦੀ ਹੈ।
ਮੋਟਾਪਾ ਤੇ ਬੈਠਕਦਾਰ ਜੀਵਨ ਸ਼ੈਲੀ : ਕਿਡਨੀ ਦੀ ਕਮਜ਼ੋਰੀ, ਜੇ ਗੁਰਦੇ ਠੀਕ ਤਰ੍ਹਾਂ ਕੰਮ ਨਾ ਕਰਨ ਤਾਂ ਯੂਰਿਕ ਐਸਿਡ ਬਾਹਰ ਨਹੀਂ ਨਿਕਲਦਾ।
ਡਾਇਬਟੀਜ਼, ਬਲੱਡ ਪ੍ਰੈਸ਼ਰ ਜਾਂ ਹੋਰ ਬਿਮਾਰੀਆਂ, ਜੀਨਸ (ਵਿਰਾਸਤੀ ਕਾਰਕ)
ਯੂਰਿਕ ਐਸਿਡ ਵਧਣ ਦੇ ਨੁਕਸਾਨ
ਜੋੜਾਂ ਵਿਚ ਦਰਦ ਤੇ ਸੋਜ਼ਿਸ਼ (ਗਾਊਟ-ਘੋੁਟ)
ਗੁਰਦੇ ਦੀ ਪੱਥਰੀ
ਜੋੜਾਂ ਵਿਚ ਕ੍ਰਿਸਟਲ ਬਣਨਾ
ਬਚਣ ਦੇ ਉਪਾਅ
1. ਖੁਰਾਕ ਵਿਚ ਬਦਲਾਅ
ਘੱਟ ਪਿਊਰੀਨ ਵਾਲਾ ਭੋਜਨ ਖਾਓ। ਹਰੀ ਸਬਜ਼ੀਆਂ, ਫਲ, ਦੁੱਧ ਤੇ ਦਹੀਂ ਦੀ ਵਰਤੋਂ ਵਧਾਓ। ਲਾਲ ਮਾਸ ਤੇ ਸ਼ਰਾਬ ਤੋਂ ਬਚੋ। ਮਿੱਠੇ ਪੇਅ (ਸੋਡਾ) ਘੱਟ ਕਰੋ।
2. ਵੱਧ ਪਾਣੀ ਪੀਓ : ਰੋਜ਼ਾਨਾ 8–10 ਗਿਲਾਸ ਪਾਣੀ ਪੀਣ ਨਾਲ ਯੂਰਿਕ ਐਸਿਡ ਬਾਹਰ ਨਿਕਲਣ ਵਿਚ ਮਦਦ ਮਿਲਦੀ ਹੈ।
3. ਵਜ਼ਨ ਕੰਟਰੋਲ ਕਰੋ : ਨਿਯਮਿਤ ਕਸਰਤ ਕਰੋ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਓ।
4. ਡਾਕਟਰੀ ਸਲਾਹ : ਜੇ ਯੂਰਿਕ ਐਸਿਡ ਲਗਾਤਾਰ ਵੱਧ ਰਿਹਾ ਹੋਵੇ ਜਾਂ ਜੋੜਾਂ ਵਿਚ ਤੇਜ਼ ਦਰਦ ਹੋਵੇ, ਤਾਂ ਡਾਕਟਰ ਦੀ ਸਲਾਹ ਲਓ।