ਪਾਸਟਰ ਖ਼ਿਲਾਫ਼ ਮੰਦੀ ਭਾਸ਼ਾ ਬੋਲਣ ਵਾਲੇ ਨੂੰ ਪੁਲਿਸ ਕਦੋਂ ਕਰੇਗੀ ਗ੍ਰਿਫ਼ਤਾਰੀ : ਰਾਜ
ਪਾਸਟਰ ਦੇ ਖ਼ਿਲਾਫ਼ ਘਟੀਆ ਭਾਸ਼ਾ ਬੋਲਣ ਵਾਲੇ ਨੂੰ ਪੁਲਿਸ ਕਦੋਂ ਕਰੂਗੀ ਗ੍ਰਿਫਤਾਰੀ : ਰਾਜ
Publish Date: Wed, 11 Feb 2026 08:47 PM (IST)
Updated Date: Thu, 12 Feb 2026 04:09 AM (IST)

- ਧਾਰਮਿਕ ਆਗੂਆਂ ਦੀਆਂ ਫੋਟੋਆਂ ਲਗਾ ਕੇ ਝੂਠੀਆਂ ਖ਼ਬਰਾਂ ਚਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕੈਪਸ਼ਨ: 11ਕੇਪੀਟੀ29 ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ । ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਇਕ ਅਖੌਤੀ ਪੱਤਰਕਾਰ, ਜਿਸ ਖ਼ਿਲਾਫ਼ ਅਜਨਾਲਾ ਥਾਣੇ ’ਚ 19-10-2024 ਦੀ ਐੱਫਆਰਆਈ ਹੋਵੇ ਉਹ ਇਸਾਈ ਕੌਮ ਦੇ ਪਾਸਟਰ ਸਾਹਿਬਾਨਾਂ ਦੀ ਇੱਜ਼ਤ ਨੂੰ ਸ਼ਰੇਆਮ ਉਛਾਲਣ ਦੀ ਕੋਸ਼ਿਸ਼ ਕਰੇ ਤੇ ਪ੍ਰਸਾਸ਼ਨ ਕੁੰਭਕਰਨੀ ਨੀਦ ਸੁੱਤਾ ਹੋਵੇ ਤਾਂ ਸਮਝੋ ਮਾਮਲਾ ਗੜਬੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਕਿਹਾ ਕਿ ਬੜੇ ਹੀ ਦੁੱਖ ਅਤੇ ਗੰਭੀਰ ਚਿੰਤਾ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਦਿਨੀਂ ਇਕ ਅਖੌਤੀ ਪੱਤਰਕਾਰ ਵੱਲੋਂ ਇੱਕ ਆਪਣੇ ਹੀ ਬਣਾਏ ਹੋਏ ਚੈਨਲ ਤੇ ਇਸਾਈ ਕੌਮ ਦੇ ਪਾਸਟਰ ਸਾਹਿਬਾਨਾਂ ਦੀ ਇੱਜ਼ਤ ਨੂੰ ਸ਼ਰੇਆਮ ਉਛਾਲਣ ਦੀ ਕੋਸ਼ਿਸ਼ ਕੀਤੀ ਗਈ। ਇਸ ਪੱਤਰਕਾਰ ਵੱਲੋਂ ਪਾਸਟਰ ਸਾਹਿਬਾਨਾਂ ਦੀਆਂ ਤਸਵੀਰਾਂ ਲਗਾ ਕੇ ਝੂਠੀਆਂ ਅਤੇ ਭੜਕਾਊ ਖ਼ਬਰਾਂ ਚਲਾਈਆਂ ਗਈਆਂ, ਜਿਸ ਨਾਲ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ, ਸਗੋਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੱਕ ਅਖੌਤੀ ਪੱਤਰਕਾਰ ਜੋ ਆਪਣੇ ਆਪ ਨੂੰ ਇਸਾਈ ਕੌਮ ਦਾ ਹਤੈਸ਼ੀ ਦੱਸਦਾ ਹੈ, ਵੱਲੋਂ ਪਾਸਟਰ ਸਾਹਿਬਾਨਾਂ ਖ਼ਿਲਾਫ਼ ਕਥਿਤ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਗਈ। ਇਸ ਗੰਭੀਰ ਮਾਮਲੇ ਵਿੱਚ ਸੰਬੰਧਿਤ ਧਾਰਾਵਾਂ ਹੇਠ ਪਰਚਾ ਦਰਜ ਹੋ ਚੁੱਕਾ ਹੈ ਅਤੇ ਮਾਮਲਾ ਇਸ ਵੇਲੇ ਕਾਨੂੰਨੀ ਕਾਰਵਾਈ ਦੇ ਦਾਇਰੇ ਵਿੱਚ ਹੈ। ਹੋਰ ਵੀ ਚਿੰਤਾਜਨਕ ਗੱਲ ਇਹ ਹੈ ਕਿ ਕੁਝ ਅਖੌਤੀ ਪੱਤਰਕਾਰਾਂ ਵੱਲੋਂ ਸਤਿਕਾਰਯੋਗ ਖੋਜੇਵਾਲਾ ਮਨਿਸਟਰੀ ਦੇ ਸੰਚਾਲਕ, ਸਤਿਕਾਰਯੋਗ ਪਾਸਟਰ ਹਰਪ੍ਰੀਤ ਦਿਓਲ ਦੀ ਫੋਟੋ ਗਲਤ ਢੰਗ ਨਾਲ ਵਰਤ ਕੇ ਆਪਣੇ ਚੈਨਲਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਚਲਾਈ ਗਈ, ਜੋ ਸਿਰਫ਼ ਆਪਣੀ ਟੀਆਰਪੀ ਵਧਾਉਣ ਦੀ ਘਿਨੌਣੀ ਕੋਸ਼ਿਸ਼ ਦੱਸੀ ਜਾ ਰਹੀ ਹੈ। ਸਰਬਜੀਤ ਰਾਜ ਨੇ ਕਿਹਾ ਕਿ ਕੁਝ ਅਖੌਤੀ ਪੱਤਰਕਾਰ ਧਰਮ ਦੇ ਨਾਮ ਤੇ ਨਫ਼ਰਤ ਫੈਲਾ ਕੇ ਆਪਣੀ ਟੀਆਰਪੀ ਵਧਾਉਣਾ ਚਾਹੁੰਦੇ ਹਨ, ਜੋ ਬਿਲਕੁਲ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਪਾਸਟਰ ਸਾਹਿਬਾਨਾਂ ਅਤੇ ਧਾਰਮਿਕ ਆਗੂਆਂ ਦੀਆਂ ਫੋਟੋਆਂ ਲਗਾ ਕੇ ਝੂਠੀਆਂ ਖ਼ਬਰਾਂ ਚਲਾਉਣ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਨੇਕ ਅਤੇ ਸਤਿਕਾਰਯੋਗ ਵਿਅਕਤੀ ਨੂੰ ਬਦਨਾਮ ਕਰਨ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਸਮੇਂ ਰਹਿੰਦਿਆਂ ਕਾਰਵਾਈ ਨਾ ਕੀਤੀ ਤਾਂ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਅਜਨਾਲਾ ਥਾਣੇ ਦਾ ਸ਼ਾਂਤੀਪੂਰਨ ਤਰੀਕੇ ਨਾਲ ਘੇਰਾਓ ਕਰੇਗੀ, ਕਿਉਂਕਿ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਪਵਿੱਤਰ ਬਾਈਬਲ ਅਤੇ ਆਪਣੇ ਪਾਸਟਰ ਸਾਹਿਬਾਨਾਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।