ਫਗਵਾੜਾ ਦੀ ਮੁੱਖ ਅਨਾਜ ਮੰਡੀ ’ਚ ਕਣਕ ਦੀ ਲਿਫਟਿੰਗ ਠੱਪ, ਬੋਰੀਆਂ ਦੇ ਲੱਗੇ ਅੰਬਾਰ
ਫਗਵਾੜਾ ਦੀ ਮੁੱਖ ਅਨਾਜ ਮੰਡੀ ਵਿੱਚ ਕਣਕ ਦੀ ਲਿਫਟਿੰਗ ਠੱਪ, ਬੋਰੀਆਂ ਦੇ ਲੱਗੇ ਅਮਬਾਰ
Publish Date: Sat, 25 Apr 2026 07:47 PM (IST)
Updated Date: Sun, 26 Apr 2026 04:17 AM (IST)

ਕੈਪਸ਼ਨ-25ਪੀਐਚਜੀ2 ਫਗਵਾੜਾ ਦੀ ਨਵੀਂ ਅਨਾਜ ਮੰਡੀ ਵਿੱਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ । ਕੈਪਸ਼ਨ 25ਪੀਐਚਜੀ3 ਜਾਣਕਾਰੀ ਦਿੰਦੇ ਹੋਏ ਨਰੇਸ਼ ਭਾਰਦਵਾਜ। ਵਿਜੇ ਸੋਨੀ ਪੰਜਾਬੀ ਜਾਗਰਣ,ਫਗਵਾੜਾ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਸਥਿਤ ਨਵੀਂ ਅਨਾਜ ਮੰਡੀ ਵਿੱਚ ਇਨ੍ਹੀ ਦਿਨੀ ਕਣਕ ਦੀ ਲਿਫਟਿੰਗ ਬਹੁਤ ਹੀ ਹੌਲੀ ਹੋ ਰਹੀ ਹੈ, ਜਿਸ ਕਾਰਨ ਮੰਡੀ ਵਿੱਚ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗ ਗਏ ਹਨ। ਹਾਲਤ ਇਹ ਹੈ ਕਿ ਜਿੱਥੇ ਪਿਛਲੇ ਸਾਲ ਕਰੀਬ 7 ਲੱਖ ਕੁਇੰਟਲ ਕਣਕ ਦੀ ਆਮਦ ਹੋਈ ਸੀ, ਉੱਥੇ ਇਸ ਸਾਲ ਹੁਣ ਤੱਕ ਕੁੱਲ ਸੰਭਾਵਿਤ ਆਮਦ ਦਾ ਲਗਭਗ 85 ਫੀਸਦੀ ਕਣਕ ਪਹੁੰਚ ਚੁੱਕੀ ਹੈ, ਪਰ ਲਿਫਟਿੰਗ ਸਿਰਫ਼ 20 ਤੋਂ 25 ਪ੍ਰਤੀਸ਼ਤ ਹੀ ਹੋ ਸਕੀ ਹੈ। ਮੰਡੀ ਵਿੱਚ ਜਗ੍ਹਾ ਦੀ ਘਾਟ ਕਾਰਨ ਨਵਾਂ ਮਾਲ ਰੱਖਣ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ। ਮਜ਼ਦੂਰ ਵਰਗ ਵੀ ਪਰੇਸ਼ਾਨ ਹੈ ਅਤੇ ਕਈ-ਕਈ ਦਿਨਾਂ ਤੱਕ ਕੰਮ ਨਾ ਮਿਲਣ ਜਾਂ ਇੰਤਜ਼ਾਰ ਵਿੱਚ ਬੈਠਣ ਲਈ ਮਜਬੂਰ ਹੈ। ਆੜਤੀਆਂ ਦਾ ਕਹਿਣਾ ਹੈ ਕਿ ਜੇ ਹਾਲਤ ਜਲਦੀ ਨਹੀਂ ਸੁਧਰੀ ਤਾਂ ਕਣਕ ਦੀ ਕਮੀ ਦਾ ਨੁਕਸਾਨ ਉਨ੍ਹਾਂ ਨੂੰ ਹੀ ਝਲਣਾ ਪਵੇਗਾ। ਜ਼ਿਲ੍ਹਾ ਕਪੂਰਥਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਹਰ ਸਾਲ ਆਉਣ ਵਾਲੀ ਲਿਫਟਿੰਗ ਸਮੱਸਿਆ ਬਾਰੇ ਜਾਣੂ ਕਰਵਾ ਦਿੱਤਾ ਸੀ। ਇਸ ਤੋਂ ਇਲਾਵਾ ਲਿਫਟਿੰਗ ਅਤੇ ਟ੍ਰਾਂਸਪੋਰਟੇਸ਼ਨ ਦੀਆਂ ਦਿਕਤਾਂ ਬਾਰੇ ਮੁੱਖ ਮੰਤਰੀ ਪੱਧਰ ਤੱਕ ਵੀ ਮਾਮਲਾ ਪਹੁੰਚਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੋਈ ਢੁੱਕਵਾਂ ਸੁਧਾਰ ਨਹੀਂ ਹੋਇਆ। ਉਨ੍ਹਾਂ ਨੇ ਨਾਰਾਜ਼ਗੀ ਜਤਾਉਂਦੇ ਹੋਏ ਦੋਸ਼ ਲਾਇਆ ਕਿ ਇਸ ਵਾਰ ਵੀ ਸਰਕਾਰ ਵੱਲੋਂ ਦਿੱਤੇ ਸਾਰੇ ਭਰੋਸੇ ਖੋਖਲੇ ਸਾਬਤ ਹੋਏ ਹਨ। ਇਸ ਕਰਕੇ ਪੰਜਾਬ ਦੀਆਂ ਮੰਡੀਆਂ ਵਿੱਚ ਮਜ਼ਦੂਰਾਂ ਦੀ ਉਪਲਬਧਤਾ ਵੀ ਪ੍ਰਭਾਵਿਤ ਹੋ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਕਈ-ਕਈ ਦਿਨ ਖਾਲੀ ਬੈਠਣਾ ਪੈਂਦਾ ਹੈ। ਬੇਰੁਜ਼ਗਾਰੀ ਕਾਰਨ ਖਰਚ ਦਾ ਬੋਝ ਵਧ ਜਾਂਦਾ ਹੈ ਅਤੇ ਉਨ੍ਹਾਂ ਦੀ ਕਮਾਈ ਇੱਥੇ ਹੀ ਖਤਮ ਹੋ ਜਾਂਦੀ ਹੈ। ਆੜਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੇ ਪ੍ਰਬੰਧਾਂ ’ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਜਦੋਂ ਤੋਂ ਭਗਵੰਤ ਮਾਨ ਸਰਕਾਰ ਸੱਤਾ ਵਿੱਚ ਆਈ ਹੈ, ਤਦੋਂ ਤੋਂ ਮੰਡੀਆਂ ਵਿੱਚ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰ ਵਰਗ ਨੂੰ ਹਰ ਫਸਲੀ ਸੀਜ਼ਨ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਆੜਤੀ ਪਰਗਟ ਸਿੰਘ, ਬਿੱਟੂ ਘੁੰਮਣ, ਅਰੁਣ ਕਾਲੂਚਾ, ਪਰਵੇਸ਼ ਗੁਪਤਾ, ਅੰਕਿਤ ਗੁਪਤਾ, ਰਾਜੀਵ ਗੁਪਤਾ, ਦੀਪਕ ਗੁਪਤਾ, ਰੋਸ਼ਨ ਲਾਲ, ਅਭਿਨੀਤ ਸ਼ਰਮਾ, ਕੌਸ਼ਲ ਪ੍ਰਭਾਕਰ, ਸਾਹਿਲ ਸ਼ਰਮਾ, ਆਸ਼ੂ ਅਰੋੜਾ, ਵਿਕਕੀ, ਸਨੀ, ਰਿਿਤਕ ਆਦਿ ਹਾਜ਼ਰ ਸਨ।