-ਸਾਰੀਆਂ ਪਾਰਟੀਆਂ ਇਕ-ਦੂਜੇ ਦੀ

-ਸਾਰੀਆਂ ਪਾਰਟੀਆਂ ਇਕ-ਦੂਜੇ ਦੀ ਸੂਚੀ ਦੀ ਉਡੀਕ ’ਚ
-13 ਤੋਂ ਨਾਮਜ਼ਦਗੀਆਂ ਪਰ ਪਾਰਟੀਆਂ ਦੇ ਉਮੀਦਵਾਰ ਤੈਅ ਨਹੀਂ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ
ਕਪੂਰਥਲਾ : 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ। 13 ਮਈ ਤੋਂ ਨਾਮਜ਼ਦਗੀਆਂ ਦਾਖਲ ਹੋਣੀਆਂ ਸ਼ੁਰੂ ਹੋ ਰਹੀਆਂ ਹਨ ਪਰ ਹਾਲੇ ਤੱਕ ਕਿਸੇ ਵੀ ਪ੍ਰਮੁੱਖ ਸਿਆਸੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੀ ਅਧਿਕਾਰਤ ਸੂਚੀ ਜਾਰੀ ਨਹੀਂ ਕੀਤੀ ਗਈ। ਟਿਕਟਾਂ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਤੇ ਅੰਦਰੂਨੀ ਲਾਬੀਬਾਜ਼ੀ ਕਾਰਨ ਸ਼ਹਿਰ ਦੀ ਸਿਆਸਤ ਵਿਚ ਸ਼ਸ਼ੋਪੰਜ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਵਾਰ ਦੀਆਂ ਨਿਗਮ ਚੋਣਾਂ ਵਿਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ “ਵੇਟ ਐਂਡ ਵਾਚ” ਦੀ ਰਣਨੀਤੀ ਅਪਣਾ ਕੇ ਬੈਠੀਆਂ ਹੋਈਆਂ ਹਨ। ਹਰ ਪਾਰਟੀ ਦੂਜੀ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਉਸ ਤੋਂ ਬਾਅਦ ਬਣਨ ਵਾਲੀਆਂ ਸਿਆਸੀ ਪ੍ਰਸਥਿਤੀਆਂ ਦਾ ਆਪਣੇ ਹੱਕ ਵਿਚ ਲਾਭ ਲਿਆ ਜਾ ਸਕੇ। ਖਾਸ ਕਰਕੇ ਟਿਕਟਾਂ ਤੋਂ ਨਾਰਾਜ਼ ਹੋਣ ਵਾਲੇ ਆਗੂਆਂ, ਬਾਗੀ ਉਮੀਦਵਾਰਾਂ ਤੇ ਸੰਭਾਵੀ ਦਲ-ਬਦਲ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਿਵੇਂ ਹੀ ਕਿਸੇ ਪਾਰਟੀ ਦੀ ਸੂਚੀ ਜਾਰੀ ਹੋਵੇਗੀ, ਉਸ ਤੋਂ ਬਾਅਦ ਹੋਰ ਪਾਰਟੀਆਂ ਆਪਣੇ ਸਮੀਕਰਨ ਬਦਲ ਸਕਦੀਆਂ ਹਨ। ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਚਾਰਾਂ ਪ੍ਰਮੁੱਖ ਪਾਰਟੀਆਂ ਨੇ ਅੰਦਰੂਨੀ ਮੀਟਿੰਗਾਂ ਤੇਜ਼ ਕਰ ਦਿੱਤੀਆਂ ਹਨ। ਹਰ ਵਾਰਡ ਵਿਚ ਜਿੱਤਣ ਯੋਗ ਚਿਹਰੇ ਦੀ ਭਾਲ ਜਾਰੀ ਹੈ ਤੇ ਟਿਕਟਾਂ ਲਈ ਦਾਅਵੇਦਾਰਾਂ ਦੀ ਭਾਰੀ ਭੀੜ ਕਾਰਨ ਆਗੂਆਂ ਲਈ ਫੈਸਲਾ ਕਰਨਾ ਵੀ ਆਸਾਨ ਨਹੀਂ ਰਹਿ ਗਿਆ। ਆਮ ਆਦਮੀ ਪਾਰਟੀ ਤੇ ਭਾਜਪਾ ਵੱਲੋਂ ਉਮੀਦਵਾਰਾਂ ਦੀਆਂ ਸੂਚੀਆਂ ਹਾਈਕਮਾਂਡ ਪੱਧਰ ’ਤੇ ਤਿਆਰ ਕੀਤੀਆਂ ਜਾ ਰਹੀਆਂ ਹਨ, ਜਦਕਿ ਕਾਂਗਰਸ ਤੇ ਅਕਾਲੀ ਦਲ ਸਥਾਨਕ ਪੱਧਰ ’ਤੇ ਆਗੂਆਂ ਨਾਲ ਮੰਥਨ ਕਰਕੇ ਨਾਵਾਂ ਨੂੰ ਅੰਤਿਮ ਰੂਪ ਦੇ ਰਹੇ ਹਨ। ਫਿਲਹਾਲ ਟਿਕਟਾਂ ’ਤੇ ਬਣਿਆ ਸਸਪੈਂਸ ਅਤੇ “ਵੇਟ ਐਂਡ ਵਾਚ” ਦੀ ਸਿਆਸਤ ਨਿਗਮ ਚੋਣਾਂ ਨੂੰ ਹੋਰ ਵੀ ਦਿਲਚਸਪ ਬਣਾ ਰਹੀ ਹੈ। ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਜਿਵੇਂ ਹੀ ਪਹਿਲੀ ਵੱਡੀ ਸੂਚੀ ਜਾਰੀ ਹੋਵੇਗੀ, ਉਸ ਤੋਂ ਬਾਅਦ ਬਾਗੀਆਂ, ਅਜ਼ਾਦ ਉਮੀਦਵਾਰਾਂ ਤੇ ਸੰਭਾਵੀ ਸਿਆਸੀ ਉਲਟਫੇਰਾਂ ਦਾ ਦੌਰ ਵੀ ਸ਼ੁਰੂ ਹੋ ਸਕਦਾ ਹੈ। ਆਉਣ ਵਾਲੇ 48 ਘੰਟੇ ਕਪੂਰਥਲਾ ਦੀ ਸਿਆਸਤ ਲਈ ਬੇਹੱਦ ਅਹਿਮ ਮੰਨੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਨੇ ਕਿਹਾ ਕਿ ਪਾਰਟੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਹਰ ਵਾਰਡ ਤੋਂ ਮਜ਼ਬੂਤ ਉਮੀਦਵਾਰ ਚੋਣ ਲੜਨ ਲਈ ਬੇਹਦ ਉਤਸ਼ਾਹਿਤ ਹਨ। ਸਾਫ ਅਕਸ ਤੇ ਸਮਾਜਿਕ ਅਸਰ ਰਸੂਖ ਰੱਖਣ ਵਾਲੇ ਪਾਰਟੀ ਦੇ ਜੁਝਾਰੂ ਵਰਕਰਾਂ ਨੂੰ ਮੈਰਿਟ ਦੇ ਅਧਾਰ ’ਤੇ ਟਿਕਟਾਂ ਦਿੱਤੀਆ ਜਾਣਗੀਆ ਤਾਂਕਿ ਜਿੱਤ ਯਕੀਨੀ ਬਣ ਸਕੇ। ਉਨ੍ਹਾਂ ਦੱਸਿਆ ਕਿ ਇਸ ਸਭ ਦੇ ਬਾਵਜੂਦ ਲਿਸਟ ਨੂੰ ਅੰਤਿਮ ਛੋਹ ਪਾਰਟੀ ਦੀ ਹਾਈਕਮਾਂਡ ਵੱਲੋਂ ਦਿੱਤੀ ਜਾਵੇਗੀ ਤੇ ਆਪ ਪਾਰਟੀ ਹਰ ਸੀਟ ’ਤੇ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿਚ ਉਤਰੇਗੀ।
ਓਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਉਮੀਦਵਾਰਾਂ ਦੀ ਸੂਚੀ 13 ਮਈ ਨੂੰ ਚੰਡੀਗੜ੍ਹ ਵਿਚ ਹਾਈਕਮਾਂਡ ਵੱਲੋਂ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਹਰ ਵਾਰਡ ਵਿਚ ਅਜਿਹੇ ਉਮੀਦਵਾਰ ਉਤਾਰੇਗੀ, ਜਿਨ੍ਹਾਂ ਦਾ ਸਮਾਜ ਵਿਚ ਚੰਗਾ ਅਕਸ ਤੇ ਮਜ਼ਬੂਤ ਪਕੜ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਾਰਡਾਂ ’ਚ ਉਮੀਦਵਾਰ ਲਗਪਗ ਫਾਈਨਲ ਹੋ ਚੁੱਕੇ ਹਨ ਪਰ ਕੁਝ ਵਾਰਡਾਂ ’ਚ ਦਾਅਵੇਦਾਰ ਜ਼ਿਆਦਾ ਹੋਣ ਕਾਰਣ ਹਾਈਕਮਾਂਡ ਵੱਲੋਂ ਨਾਮ ਤੈਅ ਕੀਤੇ ਜਾਣਗੇ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਭਾਜਪਾ ਨਿਗਮ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ।
ਕਾਂਗਰਸ ਵੱਲੋਂ ਵੀ ਟਿਕਟਾਂ ਨੂੰ ਲੈ ਕੇ ਕਾਫੀ ਗਹਿਰਾ ਮੰਥਨ ਚੱਲ ਰਿਹਾ ਹੈ। ਵਿਧਾਨ ਸਭਾ ਹਲਕਾ ਕਪੂਰਥਲਾ ਦੇ ਐੱਮਐੱਲਏ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਇਕ ਵਿਸ਼ਾਲ ਪਾਰਟੀ ਹੈ ਤੇ ਹਰ ਵਾਰਡ ਵਿਚ ਕਈ-ਕਈ ਦਾਅਵੇਦਾਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸਾਫ ਅਕਸ ਤੇ ਇਮਾਨਦਾਰ ਵਰਕਰਾਂ ਨੂੰ ਹੀ ਟਿਕਟ ਦਿੱਤੀ ਜਾਵੇਗੀ ਤਾਂ ਜੋ ਨਿਗਮ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰਕੇ ਵਿਰਾਸਤੀ ਸ਼ਹਿਰ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਸੰਕੇਤ ਦਿੱਤਾ ਕਿ ਲਗਪਗ ਉਮੀਦਵਾਰ ਫਾਈਨਲ ਹੋ ਚੁੱਕੇ ਹਨ, ਪਰ ਕੁਝ ਵਾਰਡਾਂ ’ਚ ਚੋਣ ਲੜਨ ਦੇ ਚਾਹਵਾਨ ਜ਼ਿਆਦਾ ਹਨ ਪਰ ਫਿਰ ਵੀ ਇਕ-ਅੱਧੇ ਦਿਨ ਵਿਚ ਕਾਂਗਰਸ ਦੀ ਸੂਚੀ ਜਾਰੀ ਹੋ ਜਾਵੇਗੀ।
ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨੇ ਕਿਹਾ ਕਿ ਅਕਾਲੀ ਵਰਕਰਾਂ ਵਿਚ ਨਿਗਮ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਤੇ ਹਰ ਵਾਰਡ ਤੋਂ ਬਿਹਤਰ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਵਾਰਡਾਂ ਵਿਚ ਨਾਮ ਲਗਪਗ ਤੈਅ ਹੋ ਚੁੱਕੇ ਹਨ ਤੇ ਇਕ-ਅੱਧੇ ਦਿਨ ਵਿਚ ਸੂਚੀ ਵੀ ਜਾਰੀ ਕਰ ਦਿੱਤੀ ਜਾਵੇਗੀ। ਅਕਾਲੀ ਵਰਕਰ ਇਕਜੁੱਟ ਹੋਕੇ ਚੋਣਾਂ ਲੜਨ ਲਈ ਬਹੁਤ ਹੀ ਉਤਸ਼ਾਹਿਤ ਹਨ। ਜਲਦ ਹੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ।