ਚੂਹੜਪੁਰ ਵਾਸੀਆਂ ਫਿਰਨੀ ਦੀ ਜਗ੍ਹਾ ਖੁਰਦ-ਬੁਰਦ ਕਰਨ ਦੇ ਲਾਏ ਦੋਸ਼
ਚੂਹੜਪੁਰ ਵਿੱਚ ਫਿਰਨੀ ਦੀ ਜਗਾ ਖੁਰਦ ਬੁਰਦ ਕਰਨ ਦੇ ਪਿੰਡ ਵਾਸੀਆਂ ਲਗਾਏ ਦੋਸ਼
Publish Date: Wed, 27 May 2026 07:46 PM (IST)
Updated Date: Thu, 28 May 2026 04:08 AM (IST)

ਮਿਲੀਭੁਗਤ ਨਾਲ 22 ਫੁੱਟ ਦੀ ਫਿਰਨੀ ਕੀਤੀ 16 ਫੁੱਟ, ਮਾਮਲੇ ਦੀ ਪੜਤਾਲ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ : ਬੀਡੀਪੀਓ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਕੌਮੀ ਪ੍ਰਧਾਨ ਸਰਦੂਲ ਸਿੰਘ ਥਿੰਦ, ਮਲਕੀਤ ਸਿੰਘ ਆਦਿ ਪਿੰਡ ਚੂਹੜਪੁਰ ਵਾਸੀਆਂ ਨੇ ਡੀਡੀਪੀਓ ਕਪੂਰਥਲਾ ਤੇ ਬੀਡੀਪੀਓ ਸੁਲਤਾਨਪੁਰ ਲੋਧੀ ਨੂੰ ਇੱਕ ਪੱਤਰ ਲਿਖ ਕੇ ਦਸਿਆ ਕਿ ਪਿੰਡ ਦੀ ਪੰਚਾਇਤ ਦੀ ਕਥਿਤ ਮਿਲੀ ਭੁਗਤ ਨਾਲ ਪਿੰਡ ਦੀ ਫਿਰਨੀ ਨੂੰ ਕੁਝ ਇਕ ਥਾਂ ਤੋਂ 22 ਤੋਂ 16 ਫੁੱਟ ਕਰ ਦਿੱਤਾ ਗਿਆ ਹੈ। ਉਹਨਾਂ ਪੱਤਰ ਵਿੱਚ ਦੱਸਿਆ ਕਿ ਪੰਚਾਇਤ ਨੇ ਪਿੰਡ ਦੇ ਕੁਝ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਲਈ ਉਹਨਾਂ ਦੇ ਘਰ ਦੇ ਅੱਗੋਂ ਪਿੰਡ ਦੀ 22 ਫੁੱਟ ਫਿਰਨੀ ਨੂੰ 16 ਫੁੱਟ ਕਰ ਦਿੱਤਾ ਹੈ ਜਦਕਿ ਪਿੰਡ ਦੇ ਚਾਰ ਚੁਫੇਰੇ ਇਹ ਫਿਰਨੀ 22 ਫੁੱਟ ਦੀ ਹੈ। ਉਨ੍ਹਾਂ ਦੱਸਿਆ ਕਿ ਫਿਰਨੀ ਦੇ ਨਾਲ ਜਿੱਥੇ ਨੀਵੀਂ ਜਗ੍ਹਾ ਹੈ, 13 ਇੰਚੀ ਕੰਧ ਸਮੇਤ ਪਿਲਰ ਤਿਆਰ ਕੀਤੀ ਗਈ ਹੈ ਜਦ ਕਿ ਦੋ ਘਰਾਂ ਨਾਲ ਕਥਿਤ ਪੈਸੇ ਦਾ ਲੈਣ ਦੇਣ ਕਰਕੇ ਅਤੇ ਮਿਲੀਭੁਗਤ ਨਾਲ ਉਨਾਂ ਦੇ ਘਰ ਅੱਗੇ 16 ਫੁੱਟ ਦੀ ਫੁੱਟ ਦੀ ਫਿਰਨੀ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਜਗ੍ਹਾ ਨਾਲ ਜੋ ਸੀਵਰੇਜ ਸਿਸਟਮ ਪਾਇਆ ਜਾ ਰਿਹਾ ਹੈ, ਉਹ ਵੀ ਬਹੁਤ ਹੀ ਘਟੀਆ ਮਟੀਰੀਅਲ ਅਤੇ ਘਟੀਆ ਹੋਦੀਆਂ ਤਿਆਰ ਕਰਕੇ ਪਾਇਆ ਜਾ ਰਿਹਾ ਹੈ। ਉਨਾਂ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਆਪਣੇ ਪੱਧਰ ਤੇ ਪੰਚਾਇਤ ਅਫਸਰ ਜਾਂ ਕਿਸੇ ਹੋਰ ਅਫਸਰ ਰਾਹੀਂ ਪੜਤਾਲ ਕਰਵਾ ਕੇ ਬਣਦੀ 22 ਫੁਟ ਫਿਰਨੀ ਪੂਰੀ ਕਰਨ ਉਪਰੰਤ ਸੀਵਰੇਜ ਤੇ ਇੰਟਰਲੌਕ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਅਤੇ ਘਟੀਆ ਮਟੀਰੀਅਲ ਵਰਤਨ ਦੇ ਦੋਸ਼ ਹੇਠ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਮਾਮਲੇ ’ਚ ਤੁਰੰਤ ਲੋੜੀਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਡਾਇਰੈਕਟਰ, ਪੰਚਾਇਤ ਵਿਭਾਗ ਅਤੇ ਪੰਚਾਇਤ ਮੰਤਰੀ ਨੂੰ ਮਿਲ ਕੇ ਮਾਮਲੇ ਤੋਂ ਜਾਣੂ ਕਰਵਾਉਣਗੇ। ਇਸ ਸੰਬੰਧ ਵਿੱਚ ਪੰਚਾਇਤ ਸਕੱਤਰ ਕਸ਼ਮੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਜਿਸ ਤਰ੍ਹਾਂ ਪਿੱਛੋਂ ਬਣੀ ਆ ਰਹੀ ਸੀ, ਉਸੇ ਤਰ੍ਹਾਂ ਹੀ ਹੁਣ ਬਣਾਈ ਗਈ ਹੈ ਤੇ ਉਸ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਗਿਆ ਹੈ। ਉਹਨਾਂ ਸੀਵਰੇਜ ਦੇ ਚੱਲ ਰਹੇ ਕੰਮ ਵਿੱਚ ਘਟੀਆ ਸਮਾਨ ਦੀ ਵਰਤੋਂ ਦੇ ਦੋਸ਼ਾਂ ਨੂੰ ਵੀ ਝੁਠਾ ਤੇ ਬੇਬੁਨਿਆਦ ਦੱਸਿਆ। ਇਸ ਸੰਬੰਧੀ ਬੀਡੀਪੀਓ ਗੁਰਮੀਤ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਮਾਮਲਾ ਉਨਾਂ ਦੇ ਧਿਆਨ ਵਿੱਚ ਹੈ ਅਤੇ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨਾਂ ਇਹ ਵੀ ਕਿਹਾ ਕਿ ਛੇਤੀ ਹੀ ਇਸ ਮਾਮਲੇ ਸਬੰਧੀ ਲੋੜੀਦੀ ਕਾਰਵਾਈ ਕੀਤੀ ਜਾਵੇਗੀ।