ਜਨਗਣਨਾ ਪ੍ਰੋਫਾਰਮੇ ’ਚ ਮਾੜੀ ਸ਼ਬਦਾਵਲੀ ਹਟਾਈ ਜਾਵੇ : ਭਾਜਪਾ
ਜਨਗਣਨਾ ਪ੍ਰੋਫਾਰਮੇ ਵਿਚ ਮਾੜੀ ਸ਼ਬਦਾਵਲੀ ਦੀ ਵਰਤੋਂ ਆਪ ਸਰਕਾਰ ਦੀ ਘਟੀਆ ਸੋਚ ਦਾ ਪ੍ਰਤੀਕ : ਸੱਭਰਵਾਲ, ਬਲੇਰ, ਨਾਹਰ
Publish Date: Sat, 09 May 2026 08:40 PM (IST)
Updated Date: Sat, 09 May 2026 08:41 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਜਨਗਣਨਾ ਦੇ ਪ੍ਰੋਫਾਰਮੇ ਵਿਚ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਦੇ ਵਿਰੋਧ ਵਿਚ ਅੱਜ ਸਰਕਾਰ ਖ਼ਿਲਾਫ਼ ਤਿੱਖਾ ਰੋਸ ਜ਼ਾਹਰ ਕਰਦਿਆਂ ਭਾਜਪਾ ਐੱਸਸੀ ਵਿੰਗ ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਭਾਜਪਾ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੀਟਿੰਗ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਭਾਜਪਾ ਐੱਸਸੀ ਮੋਰਚਾ ਦੇ ਸੂਬਾ ਆਗੂ ਨਿਰਮਲ ਨਾਹਰ, ਸੂਬਾ ਬੁਲਾਰੇ ਮਹਿੰਦਰ ਸਿੰਘ ਬਲੇਰ ਤੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਨਗਣਨਾ ਪ੍ਰੋਫਾਰਮੇ ਵਿਚ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਾਲ ਵਾਲਮੀਕਿ ਤੇ ਮਜ੍ਹਬੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਿੱਧੀ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇਕ ਗਲਤੀ ਨਹੀਂ, ਸਗੋਂ ਸਿਸਟਮ ਦੀ ਸੋਚ ਬੇਨਕਾਬ ਹੋਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਬਦਾਂ ’ਤੇ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਰੋਕ ਲਗਾਈ ਜਾ ਚੁੱਕੀ ਹੈ, ਉਨ੍ਹਾਂ ਨੂੰ ਸਰਕਾਰੀ ਦਸਤਾਵੇਜ਼ਾਂ ਵਿਚ ਵਰਤਣਾ ਗੰਭੀਰ ਲਾਪਰਵਾਹੀ ਨਹੀਂ, ਸਗੋਂ ਜ਼ਿੰਮੇਵਾਰੀ ਤੋਂ ਭੱਜਣ ਦੇ ਬਰਾਬਰ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇ ਦਲਿਤ ਭਾਈਚਾਰੇ ਦੀ ਇੱਜ਼ਤ ’ਤੇ ਚੋਟ ਲੱਗੇ ਤੇ ਸਰਕਾਰ ਚੁੱਪ ਰਹੇ, ਤਾਂ ਇਹ ਕਿਹੜਾ ਮਾਡਲ ਹੈ। ਭਾਜਪਾ ਆਗੂਆਂ ਨੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਆਪਣੇ ਪ੍ਰਤੀ ਲਿਖੀ ਗੰਦੀ ਭਾਸ਼ਾ ਦੇ ਲਈ ਇਨ੍ਹਾਂ ਤੋ ਸਵਾਲ ਪੁੱਛਣੇ ਚਾਹੀਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪ੍ਰੋਫਾਰਮੇ ਵਿਚ ਇਤਰਾਜ਼ਯੋਗ ਤੇ ਅਪਮਾਨਜਨਕ ਸ਼ਬਦਾਂ ਨੂੰ ਤੁਰੰਤ ਨਾ ਹਟਾਇਆ ਗਿਆ ਤਾਂ ਤਿੱਖਾ ਸੰਘਰਸ਼ ਸਰਕਾਰ ਦੀਆਂ ਜੜ੍ਹਾਂ ਪੁੱਟ ਦੇਵੇਗਾ, ਸਾਰਾ ਭਾਈਚਾਰਾ ਸੜਕਾਂ ’ਤੇ ਆ ਗਿਆ ਤਾਂ ਸਰਕਾਰ ਨੂੰ ਭੱਜਣਾ ਔਖਾ ਹੋ ਜਾਵੇਗਾ। ਇਸ ਮੌਕੇ ਅਸ਼ੋਕ ਮਾਹਲਾ, ਲੱਕੀ ਸਰਪੰਚ, ਵਿੱਕੀ ਗੁਜਰਾਲ, ਕਮਲਜੀਤ ਪ੍ਰਭਾਕਰ ਆਦਿ ਹਾਜ਼ਰ ਸਨ।