ਭਾਜਪਾ ਦਾ ਦਲਿਤ ਵਿਰੋਧੀ ਚੇਹਰਾ ਬੇਨਕਾਬ ਹੋਇਆ : ਧਾਲੀਵਾਲ
ਯੂਪੀ ਆਈਏਐਸ ਅਧਿਕਾਰੀ ਰਿੰਕੂ ਸਿੰਘ ਦੇ ਅਸਤੀਫ਼ੇ ਨੇ ਭਾਜਪਾ ਦੇ ਦਲਿਤ ਵਿਰੋਧੀ ਚੇਹਰੇ ਨੂੰ ਬੇਨਕਾਬ ਕੀਤਾ: ਬਲਵਿੰਦਰ ਧਾਲੀਵਾਲ
Publish Date: Fri, 03 Apr 2026 07:03 PM (IST)
Updated Date: Fri, 03 Apr 2026 07:07 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੇਵਾਮੁਕਤ ਆਈਏਐੱਸ ਅਧਿਕਾਰੀ ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਉੱਤਰ ਪ੍ਰਦੇਸ਼ ਦੇ ਆਈਏਐੱਸ ਰਿੰਕੂ ਸਿੰਘ ਰਾਹੀ ਦੇ ਅਸਤੀਫ਼ੇ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਨੇ ਭਾਜਪਾ ਸਰਕਾਰ ਦੇ ਦਲਿਤ ਵਿਰੋਧੀ ਚੇਹਰੇ ਨੂੰ ਬੇਨਕਾਬ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਹਮੇਸ਼ਾ ਦਲਿਤਾਂ ਦੇ ਵਿਰੁੱਧ ਰਹੀ ਹੈ। ਰਿੰਕੂ ਸਿੰਘ ਰਾਹੀ ਇਸਦੀ ਇਕ ਪ੍ਰਮੁੱਖ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੀ ਸੀ, ਜਿਸਨੇ 2018 ਵਿਚ ਦਲਿਤ ਅੱਤਿਆਚਾਰ ਰੋਕਥਾਮ ਐਕਟ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਵਿਚ 14 ਦਲਿਤ ਨੌਜਵਾਨ ਸ਼ਹੀਦ ਹੋ ਗਏ। ਹਜ਼ਾਰਾਂ ਨੌਜਵਾਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਜੇਲ੍ਹ ਭੇਜੇ ਗਏ। ਅੱਜ ਵੀ ਉਹ ਅਦਾਲਤਾਂ ਵਿਚ ਆਪਣੇ ਕੇਸ ਲੜਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਈਏਐੱਸ ਅਧਿਕਾਰੀ ਰਿੰਕੂ ਸਿੰਘ ਰਾਹੀ ਦੇ ਤਕਨੀਕੀ ਅਸਤੀਫ਼ੇ ਨੂੰ ਰੱਦ ਕਰੇ, ਉਨ੍ਹਾਂ ਨੂੰ ਬਹਾਲ ਕਰੇ ਤੇ ਉਨ੍ਹਾਂ ਨੂੰ ਇਕ ਚੰਗੀ ਪੋਸਟਿੰਗ ਦੇਵੇ। ਵਿਧਾਇਕ ਧਾਲੀਵਾਲ ਨੇ ਕੇਂਦਰ ਸਰਕਾਰ ਤੇ ਰਾਸ਼ਟਰਪਤੀ ਨੂੰ ਰਿੰਕੂ ਦੇ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਤੇ ਉਨ੍ਹਾਂ ਨੂੰ ਬਹਾਲ ਕਰਨ ਦੀ ਅਪੀਲ ਕੀਤੀ। ਵਿਰੋਧ ਪ੍ਰਦਰਸ਼ਨਾਂ ਦੌਰਾਨ ਦਲਿਤ ਨੌਜਵਾਨਾਂ ਵਿਰੁੱਧ ਦਰਜ ਐੱਫਆਈਆਰਜ਼ ਨੂੰ ਵੀ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਧਾਲੀਵਾਲ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਸਰਕਾਰ ਦੇ ਅਧੀਨ, ਦੇਸ਼ ਭਰ ਵਿਚ ਦਲਿਤਾਂ ਵਿਰੁੱਧ ਅੱਤਿਆਚਾਰਾਂ ਤੇ ਵਿਤਕਰੇ ਦੇ ਮਾਮਲੇ ਵਧੇ ਹਨ। ਦਲਿਤਾਂ ਨੂੰ ਸਕੂਲਾਂ ਤੇ ਕਾਲਜਾਂ ਵਿਚ ਸਿੱਖਿਆ ਪ੍ਰਾਪਤ ਕਰਨ ਤੇ ਫਿਰ ਨੌਕਰੀਆਂ ਪ੍ਰਾਪਤ ਕਰਨ ਲਈ ਲੰਬੇ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਵਾਰ ਜਦੋਂ ਉਹ ਨੌਕਰੀਆਂ ਪ੍ਰਾਪਤ ਕਰ ਲੈਂਦੇ ਹਨ, ਤਾਂ ਉਹ ਉਨ੍ਹਾਂ ਵਿਚ ਰਹਿਣ ਲਈ ਸੰਘਰਸ਼ ਕਰਦੇ ਹਨ। ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਜਿਸ ਨਾਲ ਅਕਸਰ ਉਹ ਖੁਦਕੁਸ਼ੀ ਕਰ ਜਾਂਦੇ ਹਨ। ਉਦਾਹਰਣਾਂ ਵਿਚ ਵਿਦਿਆਰਥੀ ਰੋਹਿਤ ਵੇਮੁਲਾ ਤੇ ਆਈਪੀਐੱਸ ਅਧਿਕਾਰੀ ਵਾਈ ਪੂਰਨ ਸਿੰਘ ਸ਼ਾਮਲ ਹਨ। ਕੌਣ ਹੈ ਰਿੰਕੂ ਸਿੰਘ ਰਾਹੀ ਉੱਤਰ ਪ੍ਰਦੇਸ਼ ਦੇ 2022 ਬੈਚ ਦੇ ਆਈਏਐੱਸ ਅਧਿਕਾਰੀ ਰਿੰਕੂ ਸਿੰਘ ਇਕ ਇਮਾਨਦਾਰ ਅਧਿਕਾਰੀ ਹਨ, ਜਿਨ੍ਹਾਂ ਨੇ ਪੀਸੀਐੱਸ ਅਧਿਕਾਰੀ ਵਜੋਂ ਸੇਵਾ ਨਿਭਾਉਂਦੇ ਹੋਏ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਈ ਸੀ। ਉਨ੍ਹਾਂ ਤੇ ਜਾਨੋਂ ਮਾਰਨ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ ਸੀ। ਸੱਤ ਵਾਰ ਗੋਲੀ ਲੱਗਣ, ਇਕ ਅੱਖ ਤੇ ਇਕ ਜਬਾੜਾ ਗੁਆਉਣ ਦੇ ਬਾਵਜੂਦ, ਰਿੰਕੂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਅੱਗੇ ਪੜ੍ਹਾਈ ਕੀਤੀ ਤੇ ਆਈਏਐੱਸ ਅਧਿਕਾਰੀ ਬਣੇ ਤੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਲੜਾਈ ਜਾਰੀ ਰੱਖੀ। ਸਜ਼ਾ ਵਜੋਂ, ਉਨ੍ਹਾਂ ਨੂੰ ਅੱਠ ਮਹੀਨਿਆਂ ਤੱਕ ਕੰਮ ਨਹੀਂ ਦਿੱਤਾ ਗਿਆ। ਇਸ ਤੋਂ ਤੰਗ ਆ ਕੇ ਉਨ੍ਹਾਂ ਨੇ ਆਈਏਐੱਸ ਅਹੁਦੇ ਤੋਂ ਤਕਨੀਕੀ ਅਸਤੀਫਾ ਦੇ ਦਿੱਤਾ।