ਬਿਨਾਂ ਤਨਖਾਹ ਅਧਿਆਪਕਾਂ ਦੀ ਹੋਲੀ ਰਹੀ ਫਿੱਕੀ
ਬਿਨਾਂ ਤਨਖਾਹ ਅਧਿਆਪਕਾਂ ਦੀ ਹੋਲੀ ਰਹੀ ਫਿੱਕੀ
Publish Date: Thu, 05 Mar 2026 09:27 PM (IST)
Updated Date: Thu, 05 Mar 2026 09:29 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਸੈਣੀ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਉਪ ਸੂਬਾ ਪ੍ਰਧਾਨ ਜਸਬੀਰ ਭੰਗੂ ਨੇ ਸਾਂਝਾ ਪ੍ਰੈੱਸ ਨੋਟ ਜਾਰੀ ਕਰਦੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਹਜ਼ਾਰਾਂ ਅਧਿਆਪਕਾਂ ਦਾ ਹੋਲੀ ਦਾ ਤਿਉਹਾਰ ਫਿਕਾ ਰਿਹਾ ਤੇ ਬਜਟ ਦੀ ਕਮੀ ਕਾਰਨ ਹਜ਼ਾਰਾਂ ਅਧਿਆਪਕ ਆਪਣੀ ਤਨਖਾਹ ਉਡੀਕਦੇ ਰਹੇ। ਉਨ੍ਹਾਂ ਕਿਹਾ ਕਿ ਲੱਖਾਂ ਖਰਚ ਕਰਕੇ ਜਿਥੇ ਸਰਕਾਰ ਸਿੱਖਿਆ ਕ੍ਰਾਂਤੀ ਦੇ ਗੀਤ ਗਾ ਰਹੀ ਹੈ ਪਰ ਦੂਜੇ ਪਾਸੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਡੀਡੀਓ ਨੂੰ ਲੋੜੀਂਦਾ ਬਜਟ ਜਾਰੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ ਲਗਭਗ ਹਜ਼ਾਰਾਂ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ ਹਨ ਕਿਉਂਕਿ ਮੁੱਖ ਦਫਤਰ ਵੱਲੋਂ ਬਜਟ ਅਲਾਟ ਨਹੀਂ ਹੋਇਆ ਹੈ ਤੇ ਜ਼ਿਲ੍ਹਾ ਖਜ਼ਾਨਾ ਅਧਿਕਾਰੀਆਂ ਕੋਲੋਂ ਇਕ ਹੀ ਜਵਾਬ ਹੈ ਕਿ ਬਜਟ ਮੁੱਖ ਦਫਤਰ ਤੋਂ ਜਾਰੀ ਨਹੀਂ ਹੋਇਆ ਹੈ। ਆਗੂਆਂ ਨੇ ਕਿਹਾ ਕਿ ਤਨਖਾਹ ਵਿਚ ਦੇਰੀ ਹੋਣ ਕਾਰਨ ਅਧਿਆਪਕਾਂ ਨੂੰ ਘਰੇਲੂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਬੈਂਕਾਂ ਤੋਂ ਲਏ ਕਰਜ਼ੇ ਦੀਆਂ ਕਿਸਤਾਂ ਦੇ ਭੁਗਤਾਨ ਵਿਚ ਦੇਰੀ ਹੋਣ ਕਰਕੇ ਉਨ੍ਹਾਂ ਉਪਰ ਜੁਰਮਾਨੇ ਲੱਗ ਰਹੇ ਹਨ, ਜਿਸ ਨਾਲ ਮੁਲਾਜ਼ਮ ਆਰਥਿਕ ਤੇ ਮਾਨਸਿਕ ਤਨਾਅ ਦਾ ਸ਼ਿਕਾਰ ਹੋ ਰਹੇ ਹਨ। ਇਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਨਾ ਦੇਣਾ ਸਰਕਾਰ ਦੀ ਵਿੱਤੀ ਕਮਜ਼ੋਰੀ ਤੇ ਪ੍ਰਸ਼ਾਸਨਿਕ ਅਣਗਹਿਲੀ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਸਾਰੇ ਬਕਾਇਆ ਬਜਟ ਜਾਰੀ ਕਰਕੇ ਅਧਿਆਪਕਾਂ ਦੀਆਂ ਤਨਖਾਹਾਂ ਦਾ ਭੁਗਤਾਨ ਕੀਤਾ ਜਾਵੇ ਤੇ ਭਵਿੱਖ ਵਿਚ ਅਜਿਹੀ ਸਥਿਤੀ ਦੁਬਾਰਾ ਪੈਦਾ ਨਾ ਹੋਵੇ ਇਸ ਲਈ ਪੱਕਾ ਤੇ ਯੋਜਨਾਬੱਧ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮਸਲੇ ਵਿਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਅਧਿਆਪਕ ਵਰਗ ਨੂੰ ਵਾਰ-ਵਾਰ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।