ਜਨਮਦਿਨ ਤੇ ਕੇਕ ਕੱਟਣ ਨਾਲੋਂ ਬਿਹਤਰ ਹੈ ਰੁੱਖ ਲਾਉਣਾ : ਲੁਬਾਣਾ
ਵਾਤਾਵਰਣ ਬਚਾਉਣ ਦੀ ਅਨੋਖੀ ਪਹਿਲ; ਚੇਅਰਮੈਨ ਲੁਬਾਣਾ ਨੇ ਕਿਹਾ-ਜਨਮਦਿਨ ਤੇ ਕੇਕ ਕੱਟਣ ਨਾਲੋਂ ਬਿਹਤਰ ਹੈ ਰੁੱਖ ਲਾਉਣਾ
Publish Date: Fri, 22 May 2026 07:33 PM (IST)
Updated Date: Fri, 22 May 2026 07:34 PM (IST)
---ਚੇਅਰਮੈਨ ਲੁਬਾਣਾ ਨੇ ਦਿੱਤਾ ਜਨਮਦਿਨ ਦੀ ਪ੍ਰੰਪਰਾ ਬਦਲਣ ਦਾ ਸੱਦਾ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਜਦੋਂ ਪੂਰੀ ਦੁਨੀਆ ਜਲਵਾਯੂ ਪਰਿਵਰਤਨ ਤੇ ਪ੍ਰਦੂਸ਼ਣ ਦੀ ਮਾਰ ਝੱਲ ਰਹੀ ਹੈ, ਉਦੋਂ ਲੋੜ ਹੈ ਅਜਿਹੇ ਸੰਦੇਸ਼ਾਂ ਦੀ ਜੋ ਸਮਾਜ ਨੂੰ ਇਕ ਨਵੀਂ ਦਿਸ਼ਾ ਦੇਣ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੇ ਅਜਿਹਾ ਹੀ ਇਕ ਸਾਰਥਕ ਤੇ ਪ੍ਰੇਰਨਾਦਾਇਕ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਆਪਣੇ ਜਨਮਦਿਨ ਤੇ ਘੱਟੋ-ਘੱਟ ਪੰਜ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ ਤੇ ਸਾਲ ਭਰ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਇਹ ਛੋਟਾ ਜਿਹਾ ਕਦਮ ਧਰਤੀ ਨੂੰ ਹਰਿਆ ਭਰਿਆ ਬਣਾਉਣ ’ਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਆਪਣੇ ਸੰਬੋਧਨ ’ਚ ਚੇਅਰਮੈਨ ਲੁਬਾਣਾ ਨੇ ਕਿਹਾ ਕਿ ਅੱਜ ਅਸੀਂ ਜਿਸ ਹਵਾ ’ਚ ਸਾਹ ਲੈ ਰਹੇ ਹਾਂ ਉਹ ਪ੍ਰਦੂਸ਼ਿਤ ਹੈ, ਜੋ ਪਾਣੀ ਪੀ ਰਹੇ ਹਾਂ ਉਹ ਦੂਸ਼ਿਤ ਹੈ ਤੇ ਜਿਸ ਧਰਤੀ ’ਤੇ ਰਹਿ ਰਹੇ ਹਾਂ ਉਹ ਗਰਮ ਹੁੰਦੀ ਜਾ ਰਹੀ ਹੈ। ਇਸ ਸਭ ਦਾ ਸਭ ਤੋਂ ਵੱਡਾ ਕਾਰਨ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੈ। ਉਨ੍ਹਾਂ ਕਿਹਾ ਕਿ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਤੋ ਬਚਾਉਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਧਰਤੀ ਨੂੰ ਹਰਿਆ-ਭਰਿਆ ਬਣਾ ਕੇ ਅਸੀਂ ਤੰਦਰੁਸਤ ਜੀਵਨ ਜੀ ਸਕੀਏ। ਚੇਅਰਮੈਨ ਲੁਬਾਣਾ ਨੇ ਇਕ ਨਵੀਂ ਅਤੇ ਅਨੋਖੀ ਸੋਚ ਪੇਸ਼ ਕਰਦਿਆਂ ਕਿਹਾ ਕਿ ਅੱਜ ਜਨਮਦਿਨ ਤੇ ਕੇਕ ਕੱਟਣਾ, ਪਾਰਟੀ ਕਰਨਾ ਤੇ ਤੋਹਫੇ ਲੈਣਾ ਇਕ ਪ੍ਰੰਪਰਾ ਬਣ ਗਈ ਹੈ ਪਰ ਜੇਕਰ ਇਸ ਪ੍ਰੰਪਰਾ ’ਚ ਰੁੱਖ ਲਗਾਉਣ ਦਾ ਸੰਕਲਪ ਵੀ ਜੋੜ ਲਿਆ ਜਾਵੇ ਤਾਂ ਇਹ ਜਨਮਦਿਨ ਸਿਰਫ ਨਿੱਜੀ ਖੁਸ਼ੀ ਦਾ ਦਿਨ ਨਹੀਂ, ਸਗੋਂ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਦਿਨ ਬਣ ਜਾਵੇਗਾ। ਜੇਕਰ ਹਰ ਨੌਜਵਾਨ ਤੇ ਬੱਚਾ ਆਪਣੇ ਜਨਮਦਿਨ ’ਤੇ ਪੰਜ ਰੁੱਖ ਲਗਾਏ ਤੇ ਉਨ੍ਹਾਂ ਦੀ ਸਾਲ ਭਰ ਦੇਖਭਾਲ ਕਰੇ ਤਾਂ ਕੁਝ ਹੀ ਸਾਲਾਂ ’ਚ ਲੱਖਾਂ ਰੁੱਖ ਧਰਤੀ ਦੀ ਹਰਿਆਲੀ ਵਧਾ ਸਕਦੇ ਹਨ। ਚੇਅਰਮੈਨ ਲੁਬਾਣਾ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਸਾਨੂੰ ਬਿਨਾਂ ਕਾਰਨ ਰੁੱਖ ਨਹੀਂ ਕੱਟਣੇ ਚਾਹੀਦੇ। ਜੋ ਲੋਕ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰ ਰਹੇ ਹਨ, ਉਹ ਅਸਲ ’ਚ ਆਉਣ ਵਾਲੀਆਂ ਪੀੜ੍ਹੀਆਂ ਨਾਲ ਬੇਇਨਸਾਫ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੁੱਖ ਕੱਟਣ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਸੰਭਾਲ ਦਾ ਸਬੂਤ ਦੇਣਾ ਚਾਹੀਦਾ ਹੈ।