ਬਿਆਸ ਦਰਿਆ ’ਚ ਡੁੱਬਣ ਨਾਲ ਚਾਚੇ-ਭਤੀਜੇ ਦੀ ਮੌਤ
ਵਿਸਾਖੀ ਮੌਕੇ ਬਿਆਸ ਦਰਿਆ ਵਿੱਚ ਡੁੱਬਣ ਨਾਲ ਚਾਚੇ-ਭਤੀਜੇ ਦੀ ਦੁਖਦਾਈ ਮੌਤ
Publish Date: Tue, 14 Apr 2026 09:05 PM (IST)
Updated Date: Tue, 14 Apr 2026 09:09 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਵਿਸਾਖੀ ਮੌਕੇ ਬਿਆਸ ਦਰਿਆ ਵਿੱਚ ਨਹਾਉਣ ਗਏ ਚਾਚੇ-ਭਤੀਜੇ ਦੀ ਡੁੱਬਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿਲਵਾਂ ਦੇ ਮੁਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਇਤਲਾਹ ਮਿਲੀ ਕਿ ਮੰਡ ਬੁਤਾਲਾ ਅਤੇ ਚੱਕੋਕੀ ਵਿਚਕਾਰ ਬਿਆਸ ਦਰਿਆ ਵਿੱਚ ਨਹਾਉਣ ਦੌਰਾਨ ਦੋ ਨੌਜਵਾਨ ਡੁੱਬ ਗਏ ਹਨ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਐੱਨਡੀਆਰਐੱਫ ਅਤੇ ਗੋਤਾਖੋਰਾਂ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਗਿਆ। ਬਚਾਅ ਟੀਮਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਲਗਭਗ ਸਾਢੇ ਤਿੰਨ ਘੰਟਿਆਂ ਬਾਅਦ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਦਰਿਆ ਵਿਚੋਂ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਛਾਣ ਰਮਨਦੀਪ ਸਿੰਘ (22) ਪੁੱਤਰ ਬੂਟਾ ਸਿੰਘ ਅਤੇ ਗੁਰਦੇਵ ਸਿੰਘ (30) ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬੁਤਾਲਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਦੋਵੇਂ ਆਪਸ ਵਿੱਚ ਚਾਚਾ-ਭਤੀਜਾ ਸਨ। ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਮ੍ਰਿਤਕਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਥਾਣਾ ਮੁਖੀ ਨੇ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਮੌਕੇ ਦਰਿਆ ਜਾਂ ਹੋਰ ਡੂੰਘੇ ਪਾਣੀ ਵਾਲੀਆਂ ਥਾਵਾਂ ’ਤੇ ਨਹਾਉਣ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਅਜਿਹੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਹਾਦਸੇ ਨਾਲ ਪਿੰਡ ਬੁਤਾਲਾ ਅਤੇ ਸਮੂਹ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।