ਦਾਤਰ ਦੇ ਜ਼ੋਰ ’ਤੇ ਸਕੂਟਰੀ ਖੋਹਣ ਵਾਲੇ ਦੋ ਨੌਜਵਾਨ ਕਾਬੂ
ਦਾਤਰ ਦੇ ਜ਼ੋਰ ’ਤੇ ਸਕੂਟਰੀ ਖੋਹਣ ਵਾਲੇ ਦੋ ਨੌਜਵਾਨ ਕਾਬੂ
Publish Date: Mon, 30 Mar 2026 09:21 PM (IST)
Updated Date: Mon, 30 Mar 2026 09:24 PM (IST)

ਭੁਲੱਥ ਪੁਲਿਸ ਵੱਲੋਂ ਵਾਰਦਾਤ ਦੇ ਕੁੱਝ ਸਮੇਂ ਬਾਅਦ ਦੋਸ਼ੀ ਕੀਤੇ ਕਾਬੂ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਭੁਲੱਥ ਪੁਲਿਸ ਵੱਲੋਂ ਲੁੱਟ-ਖੋਹ ਦੀ ਵਾਰਦਾਤ ਕਰਨ ਵਾਲੇ ਦੋ ਨੌਜਵਾਨਾਂ ਨੂੰ ਘਟਨਾ ਤੋਂ ਕੁੱਝ ਸਮੇਂ ਬਾਅਦ ਹੀ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਾਏਪੁਰ ਪੀਰਬਖਸ਼ ਵਾਲਾ ਥਾਣਾ ਭੁਲੱਥ ਜੋ ਆਪਣੇ ਪਿੰਡ ਤੋਂ ਆਪਣੀ ਪਤਨੀ ਬਿਮਲ ਕੌਰ ਨਾਲ ਸਕੂਟਰੀ ਐਕਟਿਵਾ ਨੰਬਰ ਪੀਬੀ 57ਸੀ 5922 ‘ਤੇ ਸਵਾਰ ਹੋ ਕੇ ਆਪਣੇ ਰਿਸ਼ਤੇਦਾਰ ਪਾਸ ਪਿੰਡ ਬੈਸ ਅਵਾਣ ਥਾਣਾ ਟਾਂਡਾ ਵਿਖੇ ਜਾ ਰਿਹਾ ਸੀ। ਜਦੋਂ ਉਹ ਅਕਾਲ ਅਕੈਡਮੀ ਨੇੜੇ 100 ਫੁੱਟੀ ਸੜਕ ‘ਤੇ ਪਹੁੰਚੇ ਤਾਂ ਪਿੱਛੋਂ ਇਕ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਤੇ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਦੋਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਤੇ ਉਨ੍ਹਾਂ ਵਿਚੋਂ ਇਕ ਨੇ ਦਾਤਰ ਕੱਢ ਕੇ ਧਮਕਾਇਆ ਤੇ ਕਿਹਾ ਜੋ ਵੀ ਕੀਮਤੀ ਸਮਾਨ ਹੈ ਕੱਢ ਦਿਓ, ਨਹੀ ਤਾਂ ਮਾਰ ਦਿਆਂਗੇ। ਨਰਿੰਦਰ ਸਿੰਘ ਦੀ ਪਤਨੀ ਤੋਂ ਕੰਨ੍ਹਾਂ ’ਚ ਪਹਿਨੀਆਂ ਵਾਲੀਆਂ ਲੈ ਲਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਸਕੂਟਰੀ ਵੀ ਖੋਹ ਲਈ ਤੇ ਮੌਕੇ ਤੋਂ ਬੇਗੋਵਾਲ ਵੱਲ ਨੂੰ ਹੋ ਫਰਾਰ ਗਏ। ਪੀੜਤ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਥਾਣਾ ਮੁਖੀ ਭੁਲੱਥ ਇੰਸਪੈਕਟਰ ਬਿਕਰਮਜੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਭੁਲੱਥ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੀ ਭਾਲ ਕੀਤੀ ਗਈ। ਵੇਈਂ ਪੁੱਲ ’ਤੇ ਨਾਕਾਬੰਦੀ ਦੌਰਾਨ ਸ਼ੱਕੀ ਨੌਜਵਾਨ ਮੋਟਰਸਾਈਕਲ ‘ਤੇ ਆਉਂਦੇ ਵੇਖੇ ਗਏ, ਜਿਨ੍ਹਾਂ ਨੇ ਪੁਲਿਸ ਤੋਂ ਬਚਣ ਲਈ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਰਵੀ ਕੁਮਾਰ ਪੁੱਤਰ ਲਾਲ ਚੰਦ ਵਾਸੀ ਦਿਆਲਪੁਰ ਥਾਣਾ ਸੁਭਾਨਪਰ ਤੇ ਭੁਪਿੰਦਰ ਸਿੰਘ ਉਰਫ਼ ਬਬਲੂ ਪੁੱਤਰ ਗੁਰਦੇਵ ਸਿੰਘ ਵਾਸੀ ਰੇਰੂ ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਖੋਹੀ ਗਈ ਸਕੂਟਰੀ ਬਰਾਮਦ ਕਰ ਲਈ ਹੈ। ਵਾਲੀਆਂ ਬਾਰੇ ਦੋਸ਼ੀਆਂ ਨੇ ਦੱਸਿਆ ਕਿ ਉਹ ਡੁਪਲੀਕੇਟ ਸਨ ਤੇ ਉਨ੍ਹਾਂ ਨੂੰ ਸੁੱਟ ਦਿੱਤਾ ਗਿਆ ਸੀ। ਪੁਲਿਸ ਵੱਲੋਂ ਦੋਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਹੈ। ਇਸ ਮੌਕੇ ਥਾਣੇਦਾਰ ਮਨਜੀਤ ਸਿੰਘ ਵੀ ਹਾਜ਼ਰ ਸਨ।