ਦੋ ਜਾਸੂਸਾਂ ਦੀ ਗ੍ਰਿਫ਼ਤਾਰੀ ਕਾਰਨ ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ : ਸੰਦੀਪ ਪੰਡਤ
ਕਪੂਰਥਲਾ ਵਿੱਚ ਆਈ.ਐਸ.ਆਈ ਮੋਡਿਊਲ ਦੇ ਦੋ ਜਾਸੂਸ ਗ੍ਰਿਫ਼ਤਾਰ – ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਗੰਭੀਰ ਸਵਾਲ: ਸੰਦੀਪ ਪੰਡਿਤ
Publish Date: Fri, 01 May 2026 08:39 PM (IST)
Updated Date: Fri, 01 May 2026 08:41 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਕਪੂਰਥਲਾ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਜੁੜੇ ਦੋ ਸ਼ੱਕੀ ਜਾਸੂਸਾਂ ਦੀ ਗ੍ਰਿਫ਼ਤਾਰੀ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ’ਤੇ ਵੱਡੇ ਪ੍ਰਸ਼ਨ ਚਿੰਨ੍ਹ ਲਾ ਦਿੱਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਬਾਲਾ ਸਾਹਿਬ ਉੱਦਮ ਠਾਕਰੇ ਦੇ ਜ਼ਿਲ੍ਹਾ ਯੂਥ ਪ੍ਰਧਾਨ ਸੰਦੀਪ ਪੰਡਤ ਨੇ ਕੀਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪ੍ਰਾਰੰਭਿਕ ਜਾਂਚ ਅਨੁਸਾਰ ਇਹ ਦੋਵੇਂ ਵਿਅਕਤੀ ਕਾਫੀ ਸਮੇਂ ਤੋਂ ਇਥੇ ਸਰਗਰਮ ਸਨ ਅਤੇ ਸਥਾਨਕ ਜਾਣਕਾਰੀ ਇਕੱਠੀ ਕਰਨ ਦੇ ਕੰਮ ਵਿੱਚ ਲੱਗੇ ਹੋਏ ਸਨ। ਇਸ ਘਟਨਾ ਨੇ ਸਿਰਫ ਕਪੂਰਥਲਾ ਹੀ ਨਹੀਂ, ਸਾਰੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸ਼ੱਕੀ ਵਿਅਕਤੀ ਸੈਨਾ ਛਾਵਨੀ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪਹਿਲਾਂ ਤੋਂ ਹੀ ਆਪਣਾ ਡੇਰਾ ਜਮਾ ਚੁੱਕੇ ਸਨ। ਉੱਥੇ ਹੀ ਸੰਦੀਪ ਪੰਡਤ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਬਾਹਰੀ ਪ੍ਰਦੇਸ਼ਾਂ ਤੋਂ ਆਏ ਲੋਕ ਰਹਿ ਰਹੇ ਹਨ ਅਤੇ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਡੇਰਾ ਜਮਾਏ ਬੈਠੇ ਹਨ, ਜਿਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ-ਪੜਤਾਲ ਨਹੀਂ ਕੀਤੀ ਗਈ। ਇਸ ਕਾਰਨ ਅਜਿਹੇ ਤੱਤਾਂ ਨੂੰ ਸ਼ਹਿਰ ਵਿੱਚ ਆਸਾਨੀ ਨਾਲ ਠਿਕਾਣਾ ਬਣਾਉਣ ਦਾ ਮੌਕਾ ਮਿਲ ਰਿਹਾ ਹੈ, ਜੋ ਕਿ ਭਵਿੱਖ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਸੰਦੀਪ ਪੰਡਤ ਨੇ ਇਸ ਗੱਲ ਨੂੰ ਲੈ ਕੇ ਰੋਸ ਜਾਹਿਰ ਕੀਤਾ ਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਸਮੇਂ ਸਿਰ ਸਖਤ ਕਦਮ ਨਹੀਂ ਚੁੱਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪਹਿਲਾਂ ਹੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਮਜ਼ਬੂਤ ਕੀਤੀ ਜਾਂਦੀ ਤਾਂ ਸ਼ਾਇਦ ਇਸ ਤਰ੍ਹਾਂ ਦੀ ਘਟਨਾ ਤੋਂ ਬਚਿਆ ਜਾ ਸਕਦਾ ਸੀ। ਖ਼ਾਸ ਕਰ ਕੇ ਕਿਰਾਏਦਾਰਾਂ ਅਤੇ ਬਾਹਰੀ ਮਜ਼ਦੂਰਾਂ ਦੀ ਪੂਰੀ ਜਾਣਕਾਰੀ ਇਕੱਠੀ ਕਰਨਾ ਬਹੁਤ ਜ਼ਰੂਰੀ ਹੈ। ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਪਹਿਲ ਦੇ ਆਧਾਰ ’ਤੇ ਵਿਆਪਕ ਤਸਦੀਕ ਮੁਹਿੰਮ ਚਲਾਏ। ਹਰ ਇਕ ਕਿਰਾਏਦਾਰ, ਦੁਕਾਨਦਾਰ ਅਤੇ ਬਾਹਰਲੇ ਵਿਅਕਤੀਆਂ ਦੀ ਪਛਾਣ ਦੀ ਪੂਰੀ ਜਾਂਚ ਕੀਤੀ ਜਾਵੇ। ਨਾਲ ਹੀ ਇੰਟੈਲੀਜੈਂਸ ਨੈੱਟਵਰਕ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਅਜਿਹੀਆਂ ਸਰਗਰਮੀਆਂ ਨੂੰ ਸਮੇਂ ਸਿਰ ਬੇਨਕਾਬ ਕੀਤਾ ਜਾ ਸਕੇ। ਸਰਕਾਰ ਅਤੇ ਸੁਰੱਖਿਆ ਏਜੰਸੀਆਂ ਲਈ ਇਹ ਇਕ ਚਿਤਾਵਨੀ ਹੈ ਕਿ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਭਾਰੀ ਪੈ ਸਕਦੀ ਹੈ।