ਸਰਕਾਰੀ ਬੱਸ ਨੂੰ ਲੁੱਟਣ ਵਾਲੇ ਦੋਵੇਂ ਵਿਅਕਤੀ ਗ੍ਰਿਫ਼ਤਾਰ
ਸਰਕਾਰੀ ਬੱਸ ਨੂੰ ਲੁੱਟਣ ਵਾਲੇ ਦੋਨੋ ਵਿਅਕਤੀ ਗ੍ਰਿਫਤਾਰ
Publish Date: Wed, 08 Apr 2026 07:39 PM (IST)
Updated Date: Wed, 08 Apr 2026 07:41 PM (IST)

ਕੁਲਬੀਰ ਸਿੰਘ ਮਿੰਟੂ/ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਉਸ ਸਮੇਂ ਸਫਲਤਾ ਹੱਥ ਲੱਗੀ, ਜਦੋਂ ਸਰਕਾਰੀ ਬੱਸ ਨੂੰ ਲੁੱਟਣ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਿੰਦਰ ਸਿੰਘ ਕਪੂਰਥਲਾ ਅਤੇ ਏਸੀਪੀ ਧਰੇਂਦਰ ਵਰਮਾ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਥਾਣਾ ਮੁਖੀ ਸੁਲਤਾਨਪੁਰ ਲੋਧੀ ਦੀ ਅਗਵਾਈ ਵਿੱਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਸਰਕਾਰੀ ਬੱਸ ਨੂੰ ਲੁੱਟਣ ਵਾਲੇ ਦੋ ਵਿਅਕਤੀ ਗ੍ਰਿਫਤਾਰ ਕਰਕੇ ਖੋਹੇ 900 ਰੁਪਏ, ਵਾਰਦਾਤ ਸਮੇਂ ਵਰਤਿਆ ਦਾਤਰ ਅਤੇ ਕਾਰ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਤਿੰਨ ਅਪ੍ਰੈਲ ਨੂੰ ਏਐਸਆਈ ਗੁਰਮੇਜ਼ ਸਿੰਘ ਚੌਕੀ ਮੋਠਾਂਵਾਲਾ ਥਾਣਾ ਸੁਲਤਾਨਪੁਰ ਲੋਧੀ ਨੂੰ ਮਲਕੀਤ ਰਾਮ ਨੇ ਦਰਖਾਸਤ ਦਿੱਤੀ ਕਿ ਉਹ ਪੰਜਾਬ ਰੋਡਵੇਜ਼ ਦੀ ਮਿੰਨੀ ਬੱਸ ’ਤੇ ਕੰਡਕਟਰੀ ਕਰਦਾ ਹੈ ਤੇ ਦੁਪਹਿਰ 12.30 ਵਜੇ ਪਿੰਡ ਕੁਲਾਰਾ ਤੋਂ ਥੋੜ੍ਹਾ ਅੱਗੇ ਮੋਨਾਵਾਲ ਵੱਲ ਜਾ ਰਹੇ ਸੀ ਤਾਂ ਜਦੋਂ ਬੱਸ ਟਮਾਟੋ ਸੋਸ ਫੈਕਟਰੀ ਨੇੜੇ ਪੁੱਜੀ ਤਾਂ ਪਿੱਛੋ ਇੱਕ ਕਾਰ ਆ ਰਹੀ ਸੀ, ਜਿਸਨੂੰ ਡਰਾਈਵਰ ਨੇ ਸਾਇਡ ਦਿੱਤੀ ਤਾਂ ਉਨ੍ਹਾਂ ਬੱਸ ਅੱਗੇ ਕਾਰ ਲਗਾ ਦਿੱਤੀ ਕਾਰ ਵਿੱਚੋ ਦੋ ਨੋਜਵਾਨ ਬੱਸ ਅੰਦਰ ਦਾਖਲ ਹੋਏ ਇੱਕ ਕੋਲ ਦਾਤਰ ਸੀ, ਜਿਸਨੇ ਉਸਨੂੰ ਦਾਤਰ ਦਾ ਡਰਾਵਾ ਦੇ ਕੇ ਪੈਸੇ ਦੇਣ ਲਈ ਕਿਹਾ ਤਾਂ ਦਾਤਰ ਦਾ ਡਰਾਵਾ ਦੇ ਕੇ ਬੈਗ ਵਿੱਚੋਂ ਰੁਪਏ ਕੱਢ ਕੇ ਫਰਾਰ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਖ ਵੱਖ ਪੁਲਿਸ ਟੀਮਾ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ। ਤਫਤੀਸ਼ ਦੌਰਾਨ ਵਾਰਦਾਤ ਕਰਨ ਵਾਲੇ ਵਿਅਕਤੀਆਂ ਸੁਖਦੇਵ ਸਿੰਘ ਤੇ ਅਲਮਸਤ ਲੋਟੀਆ ਨੂੰ ਗ੍ਰਿਫਤਾਰ ਕਰ ਕੇ ਖੋਹੇ 900 ਰੁਪਏ, ਕਾਰ ਤੇ ਵਾਰਦਾਤ ਵਿੱਚ ਵਰਤਿਆ ਦਾਤਰ ਬਰਾਮਦ ਕੀਤਾ ਗਿਆ ਹੈ। ਦੋਵਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਸਖਤੀ ਨਾਲ ਪੁੱਛਗਿੱਛ ਕਰ ਕੇ ਇਨ੍ਹਾਂ ਵੱਲੋਂ ਹੋਰ ਕੀਤੀਆਂ ਵਾਰਦਾਤਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ।