ਸੁਰਜੀਤ ਪਾਤਰ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ
ਸੁਰਜੀਤ ਪਾਤਰ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ
Publish Date: Tue, 12 May 2026 09:21 PM (IST)
Updated Date: Tue, 12 May 2026 09:24 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਤੇ ਕਿਤਾਬ ਮੰਚ, ਕਪੂਰਥਲਾ (ਰਜਿ.) ਦੇ ਸਾਂਝੇ ਉਪਰਾਲੇ ਨਾਲ ਪਦਮਸ਼੍ਰੀ ਸੁਰਜੀਤ ਪਾਤਰ ਦੀ ਦੂਜੀ ਬਰਸੀ ਮੌਕੇ ਉਨ੍ਹਾਂ ਦੇ ਸਾਹਿਤਕ ਸਫ਼ਰ ਤੇ ਸਾਹਿਤਕਾਰਾਂ ਨਾਲ ਨਿੱਜੀ ਤਜਰਬਿਆਂ ਨੂੰ ਸਾਂਝਾ ਕਰਨ ਹਿੱਤ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਨੇ ਆਏ ਹੋਏ ਮਹਿਮਾਨਾਂ ਤੇ ਕਵੀਆਂ ਦਾ ਸਵਾਗਤ ਕਰਦਿਆਂ, ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੰਦਿਆ ਕਿਹਾ ਕਿ ਸੁਰਜੀਤ ਪਾਤਰ ਸਾਹਿਬ ਦਾ ਜਾਣਾ ਇਕ ਯੁੱਗ ਦੇ ਅੰਤ ਸਮਾਨ ਹੈ। ਇਸ ਸਮਾਗਮ ਵਿਚ ਡਾ. ਆਸਾ ਸਿੰਘ ਘੁੰਮਣ ਜੀ (ਨਡਾਲਾ) ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਉਨ੍ਹਾਂ ਨੇ ਪਾਤਰ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ, ਇਸ ਦੇ ਨਾਲ ਹੀ ਉਨ੍ਹਾਂ ਕਿਤਾਬ ਮੰਚ ਕਪੂਰਥਲਾ ਦੇ ਕਿਤਾਬ ਬੈਂਕ ਵਰਗੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸ਼ਹਿਬਾਜ਼ ਖ਼ਾਨ ਵੱਲੋਂ ਸੁਰਜੀਤ ਪਾਤਰ ਜੀ ਦੇ ਸਾਹਿਤਕ ਸਫ਼ਰ ’ਤੇ ਪਰਚਾ ਪੜ੍ਹਿਆ ਤੇ ਉਨ੍ਹਾਂ ਦੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸ਼੍ਰੀਮਤੀ ਪ੍ਰੋਮਿਲਾ ਅਰੋੜਾ ਜੀ ਵੱਲੋਂ ਪਾਤਰ ਜੀ ਨਾਲ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ ਗਏ। ਸਮਾਗਮ ਵਿਚ ਮੰਚ ਸੰਚਾਲਨ ਦੀ ਭੂਮਿਕਾ ਮੁੱਨਜ਼ਾ ਇਰਸ਼ਾਦ ਵੱਲੋਂ ਨਿਭਾਈ ਗਈ। ਕਿਤਾਬ ਮੰਚ, ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ ਵੱਲੋਂ ਇਸ ਮੰਚ ਦਾ ਮੰਤਵ ਤੇ ਕਿਤਾਬ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਭਵਿੱਖੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਆਕਰਸ਼ਣ ਕਵੀ ਦਰਬਾਰ ਰਿਹਾ, ਜਿਸ ਵਿਚ ਕ੍ਰਮਵਾਰ ਅਵਤਾਰ ਸਿੰਘ ਭੰਡਾਲ, ਨੀਤ ਨਰਿੰਦਰ, ਗੁਰਪ੍ਰੀਤ ਪਨੇਸਰ, ਸਵਰਾਜ ਕੌਰ, ਸ਼ਹਿਬਾਜ਼ ਖ਼ਾਨ, ਅਵਤਾਰ ਅਸੀਮ, ਪ੍ਰੇਮ ਰੱਤੜਾ, ਦਵਿੰਦਰ ਸਿੰਘ ਘੁੰਮਣ ਅਤੇ ਮਨੀਸ਼ ਕੁਮਾਰ ਬਹਿਲ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਕਿਤਾਬ ਮੰਚ ਵੱਲੋਂ ਮੁੱਖ ਮਹਿਮਾਨ, ਕਵੀਆਂ ਤੇ ਆਏ ਹੋਏ ਮਹਿਮਾਨਾਂ ਨੂੰ ਪੁਸਤਕਾਂ ਭੇਟ ਕੀਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਕਿਤਾਬ ਮੰਚ ਕਪੂਰਥਲਾ (ਰਜਿ.) ਵੱਲੋਂ ਸ਼ਹਿਰ ਵਿਚ ਕਈ ਥਾਵਾਂ ’ਤੇ ਕਿਤਾਬ ਬੈਂਕ ਸੁਵਿਧਾ ਦੀ ਸ਼ੁਰੂਆਤ ਕਰਨਗੇ, ਜਿਸ ਦਾ ਆਗਾਜ਼ ਅੱਜ ਸਮਾਗਮ ਦੌਰਾਨ ਕੀਤਾ ਗਿਆ। ਇਸ ਮੁਹਿੰਮ ਦੇ ਚੱਲਦੇ ਜ਼ਿਲ੍ਹੇ ਵਿਚ ਕੋਈ ਵੀ ਨਾਗਰਿਕ ਜਿਸ ਕੋਲ ਪੁਸਤਕਾਂ ਮੌਜੂਦ ਹਨ (ਜੋ ਉਹ ਪੜ੍ਹ ਚੁੱਕੇ ਹੋਣ ਜਾਂ ਉਨ੍ਹਾਂ ਕੋਲ ਇਕ ਤੋਂ ਵੱਧ ਪ੍ਰਤੀਆਂ ਹੋਣ) ਦਾਨ ਕਰ ਸਕਦੇ ਹਨ ਤੇ ਕੋਈ ਵੀ ਪੜ੍ਹਨ ਵਿਚ ਰੁਚੀ ਰੱਖਣ ਵਾਲਾ ਇਸ ਬੈਂਕ ਤੋਂ ਕਿਤਾਬ ਪੜ੍ਹਨ ਲਈ ਲੈ ਵੀ ਸਕਦਾ ਹੈ। ਇਹ ਕਿਤਾਬ ਬੈਂਕ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵਿਖੇ ਅੱਜ ਤੋਂ ਸ਼ੁਰੂ ਕੀਤਾ ਗਿਆ ਤੇ ਭਵਿੱਖ ਵਿਚ ਹੋਰ ਸਥਾਨਾਂ ’ਤੇ ਵੀ ਇਹ ਕਿਤਾਬ ਬੈਂਕ ਸਥਾਪਿਤ ਕੀਤੇ ਜਾਣਗੇ। ਡਾ. ਹਰਭਜਨ ਸਿੰਘ ਵੱਲੋਂ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਕਿ ਉਨ੍ਹਾਂ ਨੇ ਆਪਣੇ ਦਫ਼ਤਰ ਵਿਖੇ ਇਸ ਉਪਰਾਲੇ ਦੀ ਸ਼ੁਰੂਆਤ ਕੀਤੀ। ਇਸ ਮੌਕੇ ਆਏ ਹੋਏ ਮਹਿਮਾਨਾਂ, ਕਵੀਆਂ ਦੇ ਨਾਲ ਸ਼੍ਰੀਮਤੀ ਰਵਿੰਦਰ ਕੌਰ (ਸੇਵਾਮੁਕਤ ਬੈਂਕ ਮੈਨੇਜਰ), ਮਨਪ੍ਰੀਤ ਕੌਰ, ਕੋਮਲ ਤੇ ਅਮਰੀਕ ਸਿੰਘ ਮੌਜੂਦ ਸਨ।