ਟਰੇਨ ਦੀ ਲਪੇਟ ’ਚ ਆ ਕੇ ਨੌਜਵਾਨ ਜ਼ਖ਼ਮੀ
ਸੰਵਾਦ ਸੂਤਰ, ਜਾਗਰਣ ਕਪੂਰਥਲਾ :
Publish Date: Sat, 13 Dec 2025 09:37 PM (IST)
Updated Date: Sat, 13 Dec 2025 09:39 PM (IST)
ਕਪੂਰਥਲਾ : ਆਰਸੀਐੱਫ ਰੇਲ ਮਾਰਗ ’ਤੇ ਸੈਦੋਵਾਲ ਰੇਲਵੇ ਫਾਟਕ ਨੰਬਰ 25 ਦੇ ਨੇੜੇ ਟਰੇਨ ਦੀ ਲਪੇਟ ’ਚ ਆਉਣ ਨਾਲ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਜੀਆਰਪੀ ਮੌਕੇ ’ਤੇ ਪਹੁੰਚੀ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਨੌਜਵਾਨ ਨੂੰ 108 ਐਂਬੂਲੈਂਸ ਦੀ ਮਦਦ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ’ਚ ਭਰਤੀ ਕਰਵਾਇਆ।
ਇਸ ਸਬੰਧੀ ਜੀਆਰਪੀ ਦੇ ਏਐੱਸਆਈ ਸ਼ਕੀਲ ਮੁਹੰਮਦ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੈਦੋਵਾਲ ਰੇਲਵੇ ਫਾਟਕ ਨੰਬਰ 25 ਕੋਲ ਇਕ ਨੌਜਵਾਨ ਬੇਹੋਸ਼ੀ ਦੀ ਹਾਲਤ ’ਚ ਰੇਲਵੇ ਲਾਈਨ ਨੇੜੇ ਪਿਆ ਹੈ। ਸੂਚਨਾ ਮਿਲਣ ’ਤੇ ਉਹ ਟੀਮ ਨਾਲ ਮੌਕੇ ’ਤੇ ਪਹੁੰਚੇ, ਜਿਥੇ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ’ਚ ਮਿਲਿਆ। ਏਐੱਸਆਈ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਨੇ ਆਪਣਾ ਨਾਂ ਚੰਦਨ ਦੱਸਿਆ ਹੈ ਪਰ ਗੰਭੀਰ ਹਾਲਤ ਕਾਰਨ ਉਹ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਿਆ। ਨੌਜਵਾਨ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਸ ਦੀ ਫੋਟੋ ਆਲੇ-ਦੁਆਲੇ ਦੇ ਪਿੰਡਾਂ ’ਚ ਭੇਜੀ ਗਈ ਹੈ। ਜੀਆਰਪੀ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ’ਚ ਤਾਇਨਾਤ ਡਾਕਟਰਾਂ ਨੇ ਦੱਸਿਆ ਕਿ ਹਾਦਸੇ ’ਚ ਨੌਜਵਾਨ ਦੀ ਸੱਜੀ ਲੱਤ ਕੱਟ ਕੇ ਵੱਖ ਹੋ ਗਈ ਹੈ ਤੇ ਉਸ ਦੇ ਸਰੀਰ ’ਤੇ ਕਈ ਗੰਭੀਰ ਸੱਟਾਂ ਲੱਗੀਆਂ ਹਨ। ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।