ਭੰਡਾਲ ਦੋਨਾਂ ਤੋਂ ਹਿਮਾਚਲ ਵਿਖੇ ਧਾਰਮਿਕ ਯਾਤਰਾ ਤੇ ਗਏ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਖੱਡ "ਚ ਡਿੱਗੀ

-4 ਲੋਕਾਂ ਦੀ ਮੌਤ, ਭੰਡਾਲ ਦੋਨਾਂ ਤੋਂ ਹਿਮਾਚਲ ’ਚ ਧਾਰਮਿਕ ਯਾਤਰਾ ’ਤੇ ਗਏ ਸਨ ਸ਼ਰਧਾਲੂ
ਸੁਖਵਿੰਦਰ ਸਿੰਘ ਸਿੱਧੂ\ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਕਾਲ਼ਾ ਸੰਘਿਆਂ/ਸਿੱਧਵਾਂ ਦੋਨਾਂ : ਕਸਬਾ ਕਾਲ਼ਾ ਸੰਘਿਆਂ ਦੇ ਨਜ਼ਦੀਕੀ ਪਿੰਡ ਭੰਡਾਲ ਦੋਨਾਂ ਜ਼ਿਲ੍ਹਾ ਕਪੂਰਥਲਾ ਤੋਂ ਹਿਮਾਚਲ ਪ੍ਰਦੇਸ਼ ਧਾਰਮਿਕ ਯਾਤਰਾ ’ਤੇ ਟਰੈਕਟਰ ਟਰਾਲੀ ’ਚ ਸਵਾਰ ਹੋ ਕੇ ਗਏ ਸ਼ਰਧਾਲੂਆਂ ਨਾਲ਼ ਹਿਮਾਚਲ ਪ੍ਰਦੇਸ਼ ਵਿਖੇ ਭਿਆਨਕ ਸੜਕ ਹਾਦਸਾ ਵਾਪਰਨ ਦਾ ਦੁਖਦਾਇਕ ਖ਼ਬਰ ਜਿਵੇਂ ਹੀ ਇਲਾਕੇ ਵਿੱਚ ਪਤਾ ਲੱਗਾ ਸਾਰੇ ਪਾਸੇ ਸੋਗ ਦੀ ਲਹਿਰ ਪਸਰ ਗਈ। ਜਾਣਕਾਰੀ ਅਨੁਸਾਰ ਭੰਡਾਲ ਦੋਨਾਂ ਪਿੰਡ ਦੇ ਪ੍ਰੀਤ ਪੁੱਤਰ ਜੋਗਿੰਦਰ ਸਿੰਘ ਆਪਣੇ ਟਰੈਕਟਰ ਟਰਾਲੀ ਵਿੱਚ ਸੰਗਤ ਨੂੰ ਨਾਲ਼ ਲੈ ਕੇ ਮਾਤਾ ਦੇ ਮੰਦਿਰਾਂ ਤੇ ਮੱਥਾ ਟੇਕਣ ਗਿਆ ਅਤੇ ਜਦੋਂ ਇਹ ਜੱਥਾ ਮਾਤਾ ਚਿੰਤਪੂਰਨੀ ਦੇ ਦਰਬਾਰ ਤੋਂ ਮੱਥਾ ਟੇਕ ਕੇ ਜਵਾਲਾ ਦੇਵੀ ਦੇ ਮੰਦਿਰ ਜਾ ਰਿਹਾ ਸੀ ਤਾਂ ਹਿਮਾਚਲ ਦੇ ਐੱਨਐੱਚ.-503 ’ਤੇ ਪਿੰਡ ਢਲਿਆਰਾ ਕੋਲ਼ ਇਕ ਖਤਰਨਾਕ ਮੋੜ ਜਿਸ ਨੂੰ ‘ਖ਼ੂਨੀ ਮੋੜ’ ਵੀ ਕਿਹਾ ਜਾਂਦਾ ਹੈ ’ਤੇ ਪਹੁੰਚਿਆ ਤਾਂ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਸੜਕ ਕਿਨਾਰੇ ਕਰੀਬ 10 ਫੁੱਟ ਉੱਚੀ ਪਹਾੜੀ ਨੂੰ ਟੱਪ ਕੇ ਅੱਗੇ ਕ਼ਰੀਬ 90 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀਆਂ। ਬੇਹੱਦ ਡੂੰਘੀ ਖੱਡ ਵਿੱਚ ਜਾ ਡਿੱਗਿਆ ਤੇ ਹਾਹਾਕਾਰ ਮਚ ਗਈ। ਇਸ ਹਾਦਸੇ ਵਿੱਚ ਪਿਓ ਪੁੱਤ ਸਮੇਤ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਭੰਡਾਲ ਦੋਨਾਂ ਦੇ ਲੋਕ ਅਤੇ ਸਰਪੰਚ ਅਮਰਜੀਤ ਸਿੰਘ ਹਿਮਾਚਲ ਘਟਨਾ ਵਾਲ਼ੀ ਜਗ੍ਹਾ ਵੱਲ ਰਵਾਨਾ ਹੋ ਗਏ।
ਇਸ ਦਰਦਨਾਕ ਘਟਨਾ ਸਬੰਧੀ ਸਰਪੰਚ ਅਮਰਜੀਤ ਸਿੰਘ ਮ੍ਰਿਤਕਾਂ ਵਿੱਚ ਇਕ ਦੇ ਪਰਿਵਾਰਕ ਮੈਂਬਰ ਹਰਮੇਸ਼ ਲਾਲ ਨੇ ਦੱਸਿਆ ਕਿ ਇਹ ਸੰਗਤ 9 ਅਪ੍ਰੈਲ ਨੂੰ ਪਿੰਡ ਤੋਂ ਮਾਤਾ ਦੇ ਮੰਦਿਰਾਂ ਦੇ ਦਰਸ਼ਨਾਂ ਲਈ ਰਵਾਨਾ ਹੋਏ ਇਸ ਜੱਥੇ ਵਿਚ ਕ਼ਰੀਬ 25 ਸ਼ਰਧਾਲੂ ਸ਼ਾਮਲ ਸਨ, ਜਿਨ੍ਹਾਂ ਵਿੱਚ 12-13 ਸਾਲ ਦੇ ਛੋਟੇ ਬੱਚੇ ਅਤੇ ਔਰਤਾਂ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂ ਅੱਗੇ ਟਰੈਕਟਰ ਤੇ ਬੈਠੇ ਸਨ, ਉਨ੍ਹਾਂ ਦੀ ਹੀ ਹਾਦਸੇ ਵਿੱਚ ਮੌਤ ਹੋਈ। ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਟਰੈਕਟਰ ਟਰਾਲੀ ਚਾਲਕ ਪ੍ਰੀਤ (30) ਪੁੱਤਰ ਜੋਗਿੰਦਰ ਸਿੰਘ ਸਮੇਤ ਮੰਗਲ ਸਿੰਘ (50) ਪੁੱਤਰ ਪ੍ਰੀਤਮ ਸਿੰਘ, ਮਨਪ੍ਰੀਤ ਸਿੰਘ (22) ਪੁੱਤਰ ਮੰਗਲ ਸਿੰਘ, ਗੁਰਸ਼ਰਨ ਸਿੰਘ (20) ਪੁੱਤਰ ਪਰਮਜੀਤ ਸਿੰਘ ਮੌਜੂਦ ਹਨ ਅਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਐਂਬੂਲੈਂਸ ਰਾਹੀਂ ਪਿੰਡ ਲਿਆਂਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਟਰਾਲੀ ਵਿੱਚ ਬੈਠੇ ਸ਼ਰਧਾਲੂਆਂ ਦੇ ਸੱਟਾਂ ਲੱਗੀਆਂ। ਫ਼ਿਲਹਾਲ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਿੰਡ ਦੋਨਾਂ ਭੰਡਾਲ ਦੋਨਾਂ ਪੁੱਜਣੇ ਸ਼ੁਰੂ ਹੋ ਗਏ ਅਤੇ ਆਪਣੇ-ਆਪਣੇ ਜਾਣਕਾਰਾਂ ਦਾ ਸੁੱਖ ਸੁਨੇਹਾ ਲੈਂਦੇ ਵੇਖੇ ਗਏ ਅਤੇ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਲਈ ਇਕੱਤਰਾਂ ਦੀਆਂ ਅੱਖਾਂ ਨਮ ਵੇਖੀਆਂ ਗਈਆਂ।