ਟਿਕਟਾਂ ਦਾ ਐਲਾਨ ਨਹੀਂ ਪਰ ਡਿਜੀਟਲ ਪਲੇਟਫਾਰਮ ’ਤੇ ਪ੍ਰਚਾਰ ਹੋਇਆ ਤੇਜ਼
ਟਿਕਟਾਂ ਦਾ ਐਲਾਨ ਨਹੀ, ਪਰ ਡਿਜੀਟਲ ਪਲੇਟਫਾਰਮ ਤੇ ਪ੍ਰਚਾਰ ਹੋਇਆ ਤੇਜ਼
Publish Date: Thu, 07 May 2026 09:35 PM (IST)
Updated Date: Thu, 07 May 2026 09:35 PM (IST)

ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਲੱਗੀ ਉਮੀਦਵਾਰਾਂ ਦੀ ਦੌੜ -ਅਧਿਕਾਰਕ ਘੋਸ਼ਣਾ ਤੋਂ ਪਹਿਲਾਂ ਹੀ ਡਿਜੀਟਲ ਪੋਲਿੰਗ ਨਾਲ ਬਣਾਇਆ ਜਾ ਰਿਹਾ ਮਾਹੌਲ ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਵਿਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਰਾਜਨੀਤਿਕ ਮਾਹੌਲ ਦਿਨੋ-ਦਿਨ ਭਖ਼ਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਲੇ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਅਧਿਕਾਰਕ ਤੌਰ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ, ਪਰ ਇਸ ਦੇ ਬਾਵਜੂਦ ਸ਼ਹਿਰ ਦੇ ਕਈ ਸੰਭਾਵੀ ਉਮੀਦਵਾਰਾਂ ਨੇ ਆਪਣੀ ਦਾਅਵੇਦਾਰੀ ਜ਼ੋਰਦਾਰ ਢੰਗ ਨਾਲ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ, ਇੰਸਟਗ੍ਰਾਮ, ਟਵੀਟਰ ਤੇ ਹੋਰ ਡਿਜੀਟਲ ਮੀਡੀਆ ’ਤੇ ਉਮੀਦਵਾਰਾਂ ਦੇ ਪੋਸਟਰ ਵੱਡੀ ਗਿਣਤੀ ‘ਚ ਵਾਇਰਲ ਹੋ ਰਹੇ ਹਨ। ਇਨ੍ਹਾਂ ਪੋਸਟਰਾਂ ‘ਚ ਕਈ ਉਮੀਦਵਾਰ ਆਪਣੇ-ਆਪ ਨੂੰ ਭਵਿੱਖ ਦੇ ਕੌਂਸਲਰ ਵਜੋਂ ਪੇਸ਼ ਕਰਦੇ ਹੋਏ ਚੋਣ ਨਿਸ਼ਾਨ ਵੀ ਦਰਸਾ ਰਹੇ ਹਨ, ਜਦੋਂ ਕਿ ਅਸਲ ਵਿਚ ਉਨ੍ਹਾਂ ਦੀ ਟਿਕਟ ਹਾਲੇ ਪੱਕੀ ਨਹੀਂ ਹੈ। ਇਹ ਦ੍ਰਿਸ਼ ਸਾਫ਼ ਦੱਸਦਾ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਪ੍ਰਚਾਰ ਦੀ ਦੌੜ ਕਿੰਨੀ ਤੀਬਰ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਕਈ ਸੰਭਾਵੀ ਉਮੀਦਵਾਰਾਂ ਵੱਲੋਂ ਡਿਜੀਟਲ ਮੀਡੀਆ ਨੂੰ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਆਪਣੇ ਹੱਕ ‘ਚ “ਵੋਟਿੰਗ ਪੈਟਰਨ” ਜਾਂ ਆਨਲਾਈਨ ਪੋਲ ਵੀ ਚਲਾਏ ਜਾ ਰਹੇ ਹਨ। ਇਨ੍ਹਾਂ ਪੋਲਾਂ ਰਾਹੀਂ ਉਮੀਦਵਾਰ ਲੋਕਾਂ ਦੀ ਰਾਏ ਆਪਣੇ ਹੱਕ ‘ਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਇਕ ਤਰ੍ਹਾਂ ਦਾ ਮਨੋਵਿਗਿਆਨਕ ਮਾਹੌਲ ਬਣਾਇਆ ਜਾ ਰਿਹਾ ਹੈ। ਹਾਲਾਂਕਿ ਇਹ ਪੋਲ ਅਧਿਕਾਰਕ ਨਹੀਂ ਹੁੰਦੇ, ਪਰ ਫਿਰ ਵੀ ਇਨ੍ਹਾਂ ਦਾ ਪ੍ਰਭਾਵ ਆਮ ਵੋਟਰਾਂ ‘ਤੇ ਪੈਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਵਾਰਡਾਂ ‘ਚ ਵੀ ਇਹੀ ਤਸਵੀਰ ਵੇਖਣ ਨੂੰ ਮਿਲ ਰਹੀ ਹੈ, ਜਿਥੇ ਸੰਭਾਵੀ ਉਮੀਦਵਾਰ ਆਪਣੇ-ਆਪਣੇ ਖੇਤਰਾਂ ਵਿਚ ਬੈਨਰ, ਹੋਰਡਿੰਗ ਤੇ ਸੋਸ਼ਲ ਮੀਡੀਆ ਮੁਹਿੰਮਾਂ ਰਾਹੀਂ ਲੋਕਾਂ ਨਾਲ ਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਥਾਵਾਂ ‘ਤੇ ਇਹ ਵੀ ਦੇਖਿਆ ਗਿਆ ਹੈ ਕਿ ਇਕੋ ਵਾਰਡ ਤੋਂ ਕਈ ਦਾਅਵੇਦਾਰ ਆਪਣੇ-ਆਪ ਨੂੰ ਪਾਰਟੀ ਦਾ ਅਧਿਕਾਰਕ ਉਮੀਦਵਾਰ ਦੱਸਦੇ ਹੋਏ ਲੋਕਾਂ ਨੂੰ ਗੁੰਝਲ ਵਿਚ ਪਾ ਰਹੇ ਹਨ। ਰਾਜਨੀਤਿਕ ਵਿਸ਼ਲੇਸ਼ਕਾਂ ਦੇ ਮੁਤਾਬਕ ਇਹ ਰੁਝਾਨ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪਾਰਟੀਆਂ ਅੰਦਰ ਟਿਕਟਾਂ ਨੂੰ ਲੈ ਕੇ ਭਾਰੀ ਖਿੱਚੋਤਾਣ ਚੱਲ ਰਹੀ ਹੈ। ਸੰਭਾਵੀ ਉਮੀਦਵਾਰ ਪਹਿਲਾਂ ਹੀ ਆਪਣੀ ਪਕੜ ਮਜ਼ਬੂਤ ਕਰਨ ਤੇ ਹਾਈਕਮਾਨ ‘ਤੇ ਦਬਾਅ ਬਣਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ। ਡਿਜੀਟਲ ਪੋਲਿੰਗ ਤੇ ਆਨਲਾਈਨ ਸਰਵੇਖਣ ਇਸ ਮੁਹਿੰਮ ਦਾ ਹਿੱਸਾ ਬਣ ਗਏ ਹਨ। ਦੂਜੇ ਪਾਸੇ ਆਮ ਜਨਤਾ ਵਿਚ ਵੀ ਇਸ ਗੱਲ ਨੂੰ ਲੈ ਕੇ ਉਤਸੁਕਤਾ ਹੈ ਕਿ ਆਖ਼ਿਰਕਾਰ ਕਿਹੜੇ ਚਿਹਰਿਆਂ ਨੂੰ ਪਾਰਟੀਆਂ ਵੱਲੋਂ ਅਧਿਕਾਰਕ ਟਿਕਟ ਦਿੱਤੀ ਜਾਵੇਗੀ ਤੇ ਕਿਹੜੇ ਦਾਅਵੇਦਾਰਾਂ ਦੇ ਅਰਮਾਨ ਅਧੂਰੇ ਰਹਿ ਜਾਣਗੇ। ਫਿਲਹਾਲ ਚੋਣ ਮੈਦਾਨ ‘ਚ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ, ਪਰ ਇਹ ਯਕੀਨੀ ਹੈ ਕਿ ਟਿਕਟਾਂ ਦੇ ਐਲਾਨ ਨਾਲ ਹੀ ਸਿਆਸੀ ਤਸਵੀਰ ਹੋਰ ਸਾਫ਼ ਹੋ ਜਾਵੇਗੀ। ਕੁੱਲ ਮਿਲਾ ਕੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹੀ ਕਪੂਰਥਲਾ ‘ਚ ਪ੍ਰਚਾਰ ਦੀ ਰਫ਼ਤਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਵਾਰ ਚੋਣ ਮੁਕਾਬਲਾ ਕਾਫ਼ੀ ਰੋਚਕ ਤੇ ਟੱਕਰ ਦਾ ਹੋਣ ਵਾਲਾ ਹੈ।