ਐੱਨਆਰਆਈ ਦੇ ਘਰ ਚੋਰੀ ਕਰਦੇ ਫੜੇ, ਪੁਲਿਸ ਹਵਾਲੇ ਕੀਤੇ
ਐਨ.ਆਰ.ਆਈ. ਦੇ ਘਰੋਂ ਚੋਰੀ ਕਰਨ ਆਏ ਚੋਰ ਲੋਕਾਂ ਨੇ ਕਾਬੂ ਕਰਕੇ ਕੀਤੇ ਪੁਲਿਸ ਹਵਾਲੇ
Publish Date: Sat, 13 Dec 2025 06:40 PM (IST)
Updated Date: Sat, 13 Dec 2025 06:42 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਇਥੋਂ ਨੇੜਲੇ ਪਿੰਡ ਢਪੱਈ ਵਿਖੇ ਇਕ ਐੱਨਆਰਆਈ ਦੀ ਕੋਠੀ ਵਿਚੋਂ ਚੋਰੀ ਕਰਨ ਆਏ ਚੋਰਾਂ ਨੂੰ ਪਿੰਡ ਵਾਸੀਆਂ ਵੱਲੋਂ ਕਾਬੂ ਕਰਦੇ ਹੋਏ ਪੁਲਿਸ ਦੇ ਹਵਾਲੇ ਕੀਤਾ ਗਿਆ। ਕੋਠੀ ਦਾ ਮਾਲਕ ਜੋ ਕਿ ਵਿਦੇਸ਼ ਵਿਚ ਰਹਿੰਦਾ ਹੈ, ਜਦੋਂ ਉਸ ਨੇ ਰਾਤ ਦੇ ਸਮੇਂ ਆਪਣੇ ਮੋਬਾਇਲ ’ਤੇ ਘਰ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਉਸਦੀ ਕੋਠੀ ਵਿਚ ਕੁਝ ਅਣਪਛਾਤੇ ਵਿਅਕਤੀ ਦਾਖਲ ਹੋਏ ਹਨ, ਜਿਸ ਦੀ ਸੂਚਨਾ ਉਸ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਦਿੱਤੀ ਗਈ ਤੇ ਉਨ੍ਹਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮੌਕੇ ’ਤੇ ਪਹੁੰਚ ਕੇ ਚੋਰਾਂ ਨੂੰ ਕਾਬੂ ਕੀਤਾ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਨਰਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਮੰਨਣ ਥਾਣਾ ਸਦਰ ਕਪੂਰਥਲਾ ਨੇ ਦੱਸਿਆ ਕਿ ਉਸਦੀ ਲੜਕੀ ਗਗਨਦੀਪ ਕੌਰ ਪਿੰਡ ਢਪੱਈ ਦੇ ਕੁਲਵੰਤ ਸਿੰਘ ਪੁੱਤਰ ਨਿਰੰਜਣ ਸਿੰਘ ਨਾਲ ਵਿਆਹੀ ਹੈ, ਜਿਸ ਦਾ ਪਤੀ ਤੇ ਸਹੁਰਾ ਅਮਰੀਕਾ ਰਹਿੰਦੇ ਹਨ। ਪਿੰਡ ਵਿਚ ਉਨ੍ਹਾਂ ਦੀ ਕੋਠੀ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਗਗਨਦੀਪ ਕੌਰ ਉਨ੍ਹਾਂ ਕੋਲ ਰਹਿ ਰਹੀ ਸੀ। 11 ਅਤੇ 12 ਦਸੰਬਰ ਦੀ ਦਰਮਿਆਨੀ ਰਾਤ ਨੂੰ 2 ਨੌਜਵਾਨ ਉਨ੍ਹਾਂ ਦੀ ਕੋਠੀ ਵਿਚ ਦਾਖਲ ਹੋਏ ਜੋ ਹਥਿਆਰਾਂ ਨਾਲ ਲੈਸ ਸਨ ਅਤੇ ਗੇਟ ਟੱਪ ਕੇ ਅੰਦਰ ਦਾਖਲ ਹੋ ਗਏ, ਜਿਨ੍ਹਾਂ ਨੂੰ ਉਸਦੀ ਲੜਕੀ ਗਗਨਦੀਪ ਕੌਰ ਨੇ ਸੀਸੀਟੀਵੀ ਕੈਮਰੇ ਜੋ ਕਿ ਉਸਦੇ ਮੋਬਾਇਲ ਨਾਲ ਅਟੈਚ ਹਨ ’ਤੇ ਦੇਖਿਆ ਅਤੇ ਪਿੰਡ ਦੇ ਜਰਨੈਲ ਸਿੰਘ ਮੈਂਬਰ ਪੰਚਾਇਤ, ਜੀਤ ਚਾਹਲ ਡਰਾਈਵਰ ਤੇ ਮਨਜੀਤ ਸਿੰਘ ਨੂੰ ਫੋਨ ’ਤੇ ਸੂਚਿਤ ਕੀਤਾ ਕਿ ਸਾਡੇ ਘਰ ਵਿਚ 2 ਨੌਜਵਾਨ ਚੋਰੀ ਕਰ ਰਹੇ ਹਨ। ਚੋਰਾਂ ਨੇ ਘਰ ਵਿਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਅਤੇ ਲਾਈਟਾਂ ਦੀ ਭੰਨਤੋੜ ਕੀਤੀ ਹੈ। ਇਸ ’ਤੇ ਪਿੰਡ ਵਾਸੀਆਂ ਵੱਲੋਂ ਉਕਤ ਚੋਰਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ। ਚੌਕੀ ਵਡਾਲਾ ਦੇ ਇੰਚਾਰਜ ਏਐੱਸਆਈ ਲਖਵੀਰ ਸਿੰਘ ਗੌਸਲ ਨੇ ਕਿਹਾ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਇੰਦਰਜੀਤ ਸਿੰਘ ਉਰਫ ਜੋਤੀ ਪੁੱਤਰ ਨਿਸ਼ਾਨ ਸਿੰਘ ਵਾਸੀ ਬਿਸ਼ਨਪੁਰ ਅਰਾਈਆਂ ਥਾਣਾ ਕੋਤਵਾਲੀ ਕਪੂਰਥਲਾ ਅਤੇ ਸੁਖਜਿੰਦਰ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਪੱਤੜ ਕਲਾਂ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਪੁੱਛਗਿਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਪਾਸੋਂ ਇਕ ਖਿਡੌਣਾਨੁਮਾ ਪਿਸਤੌਲ, ਇਕ ਕਿਰਚ, ਹਥੌੜੀ ਤੇ ਇਕ ਪੇਚਕਸ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਖਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਪੁੱਛਗਿਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।