ਦਿਨ ਦਿਹਾੜੇ ਚੋਰਾਂ ਦਾ ਧਾਵਾ, ਸੋਨਾ-ਚਾਂਦੀ ਤੇ ਨਕਦੀ ਲੈ ਕੇ ਫ਼ਰਾਰ
ਦਿਨ ਦਿਹਾੜੇ ਚੋਰਾਂ ਦਾ ਧਾਵਾ, ਸੋਨਾ-ਚਾਂਦੀ ਤੇ ਨਗਦੀ ਲੈ ਕੇ ਫਰਾਰ
Publish Date: Mon, 04 May 2026 06:16 PM (IST)
Updated Date: Tue, 05 May 2026 04:11 AM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਿੰਡ ਦੋਦਾ ਵਜ਼ੀਰ ਦੇ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਮਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਇਸ ਸਬੰਧੀ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਏਸੀ ਰਿਪੇਅਰ ਅਤੇ ਫਿਟਿੰਗ ਦਾ ਕੰਮ ਕਰਦਾ ਹੈ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਸਵੇਰੇ ਕਰੀਬ 9:30 ਵਜੇ ਮੇਰਾ ਸਾਰਾ ਬਾਕੀ ਪਰਿਵਾਰ ਖੋਜੇਵਾਲ ਵਿਖੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿੱਚ ਚੁਪਹਿਰਾ ਸਾਹਿਬ ’ਚ ਸ਼ਮੂਲੀਅਤ ਕਰਨ ਲਈ ਗਿਆ ਹੋਇਆ ਸੀ।ਜਿਸ ਤੋਂ ਬਾਅਦ ਉਹ ਵੀ ਰੋਜ਼ਾਨਾ ਰੂਟੀਨ ਮੁਤਾਬਿਕ ਕੰਮ ਤੇ ਚਲਾ ਗਿਆ ਸੀ ਅਤੇ ਘਰ ’ਚ ਹੋਰ ਕੋਈ ਵੀ ਮੌਜੂਦ ਨਹੀਂ ਸੀ। ਜਾਣਕਾਰੀ ਦਿੰਦਿਆਂ ਰਮਨਪ੍ਰੀਤ ਸਿੰਘ ਦੱਸਿਆ ਕਿ ਜਦੋਂ ਉਹ ਦੁਪਹਿਰ ਕਰੀਬ 1:30 ਵਜੇ ਦਵਾਈ ਖਾਣ ਵਾਪਸ ਘਰ ਆਇਆ ਤਾਂ ਘਰ ਦੀਆਂ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ ਅਤੇ ਸਮਾਨ ਇੱਧਰ-ਉੱਧਰ ਖਿੱਲਰਿਆ ਪਿਆ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਘਰ ਵਿੱਚੋਂ ਕਾਫੀ ਕੀਮਤੀ ਸਾਮਾਨ ਗਾਇਬ ਹੈ। ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਚੋਰ ਘਰ ਦੀ ਛੱਤ ਉੱਤੇ ਬਣੇ ਦਰਵਾਜ਼ੇ ਦੀ ਕੁੰਡੀ ਤੋੜ ਕੇ ਅੰਦਰ ਦਾਖਲ ਹੋਏ। ਘਰ ਵਿੱਚ ਦਾਖਲ ਹੋਣ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਅਲਮਾਰੀਆਂ ਨੂੰ ਖੰਗਾਲਿਆ ਅਤੇ ਉਨ੍ਹਾਂ ਵਿੱਚ ਪਿਆ ਕੀਮਤੀ ਸਾਮਾਨ ਲੁੱਟ ਲਿਆ। ਚੋਰੀ ਹੋਏ ਸਮਾਨ ਵਿੱਚ ਸੋਨੇ ਦੀਆਂ ਵਾਲੀਆਂ ਦੇ 2 ਜੋੜੇ, ਚਾਂਦੀ ਦੇ ਕੜਿਆਂ ਦੇ 2 ਜੋੜੇ, ਚਾਂਦੀ ਦੇ ਗਜਰੇ ਸਮੇਤ ਕੁਝ ਨਕਦੀ ਵੀ ਸ਼ਾਮਲ ਹੈ। ਘਟਨਾ ਕਾਰਨ ਉਨ੍ਹਾਂ ਦਾ ਕਰੀਬ 1.5 ਲੱਖ ਦਾ ਨੁਕਸਾਨ ਹੋਇਆ ਹੈ। ਇਲਾਕੇ ਵਿੱਚ ਇਸ ਵਾਰਦਾਤ ਤੋਂ ਬਾਅਦ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਏਐਸਆਈ ਹਰਜਿੰਦਰ ਸਿੰਘ ਥਾਣਾ ਤਲਵੰਡੀ ਚੌਧਰੀਆਂ ਨੇ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਚੋਰਾਂ ਦੀ ਤਲਾਸ਼ ਜਾਰੀ ਹੈ।