ਮੰਦਿਰ ਦੇ ਬਾਹਰੋਂ ਐਕਟਿਵਾ ਚੋਰੀ ਕਰਨ ਵਾਲਾ ਕਾਬੂ, ਕੀਤਾ ਪੁਲਿਸ ਦੇ ਹਵਾਲੇ
ਮੰਦਿਰ ਦੇ ਬਾਹਰੋਂ ਐਕਟੀਵਾ ਚੋਰੀ ਕਰਨ ਵਾਲਾ ਚੋਰ ਆਇਆ ਕਾਬੂ, ਕੀਤਾ ਪੁਲਿਸ ਦੇ ਹਵਾਲੇ
Publish Date: Wed, 08 Apr 2026 06:38 PM (IST)
Updated Date: Wed, 08 Apr 2026 06:41 PM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ ਸ਼੍ਰੀ ਗੀਤਾ ਭਵਨ ਮੰਦਿਰ ਕਟਹਿਰਾ ਚੌਕ ਫਗਵਾੜਾ ਵਿਖੇ ਮੱਥਾ ਟੇਕਣ ਆਏ ਸ਼ਰਧਾਲੂ ਦੀ ਐਕਟਿਵਾ ਚੋਰੀ ਕਰਨ ਵਾਲੇ ਚੋਰ ਨੂੰ ਅੱਜ ਖੁਦ ਪੀੜਤ ਵਲੋਂ ਕਾਬੂ ਕੀਤਾ ਗਿਆ। ਮੰਦਿਰ ਦੇ ਸ਼ਰਧਾਲੂ ਪਰਵੇਸ਼ ਚੰਦਰ ਵਾਸੀ ਮੇਹਲੀ ਗੇਟ ਫਗਵਾੜਾ ਨੇ ਦੱਸਿਆ ਕਿ ਉਹ ਮੰਗਲਵਾਰ ਸੱਤ ਅਪ੍ਰੈਲ ਨੂੰ ਸਵੇਰੇ ਸ਼੍ਰੀ ਗੀਤਾ ਭਵਨ ਮੰਦਰ ਕਟਹਿਰਾ ਚੌਕ ਫਗਵਾੜਾ ਵਿਖੇ ਮੱਥਾ ਟੇਕਣ ਆਇਆ ਸੀ ਤਾਂ ਜਦੋਂ ਕਰੀਬ 8.30 ਵਜੇ ਮੰਦਿਰ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਕਿਸੇ ਨੇ ਉਸ ਦੀ ਐਕਟਿਵਾ ਚੋਰੀ ਕਰ ਲਈ ਸੀ। ਪੀੜਤ ਨੇ ਦੱਸਿਆ ਕਿ ਚੋਰ ਦੀ ਤਸਵੀਰ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਸੀ, ਜਿਸ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੀ। ਇਸੇ ਦੌਰਾਨ ਅੱਜ ਬੁੱਧਵਾਰ ਬਾਅਦ ਦੁਪਿਹਰ ਕਰੀਬ 3.30 ਵਜੇ ਜਦੋਂ ਉਹ ਗੋਲ ਚੌਕ ਦੇ ਨਜ਼ਦੀਕ ਲੰਘ ਰਿਹਾ ਸੀ ਤਾਂ ਐਕਟਿਵਾ ਚੋਰੀ ਕਰਨ ਵਾਲਾ ਸੀਸੀਟੀਵੀ ਕੈਮਰੇ ’ਚ ਕੈਦ ਹੋਇਆ ਨੌਜਵਾਨ ਉਸ ਕੋਲੋਂ ਲੰਘਿਆ, ਜਿਸ ਦੀ ਕਮੀਜ਼ ਤੋਂ ਉਸਦੀ ਪਛਾਣ ਕਰ ਕੇ ਉਸਨੇ ਚੋਰ ਦਾ ਪਿੱਛਾ ਕੀਤਾ ਤੇ ਸੈਂਟਰਲ ਟਾਊਨ ਮੰਡੀ ਦੇ ਗੇਟ ਕੋਲ ਉਸ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਚੋਰ ਨੇ ਮੰਨਿਆ ਕਿ ਉਸਨੇ ਹੀ ਮੰਦਿਰ ਦੇ ਬਾਹਰੋਂ ਐਕਟਿਵਾ ਚੋਰੀ ਕੀਤੀ ਸੀ। ਜਿਸ ਦੀ ਲੋਕਾਂ ਵਲੋਂ ਛਿੱਤਰ ਪਰੇਡ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਰਵੇਸ਼ ਚੰਦਰ ਨੇ ਦੱਸਿਆ ਕਿ ਉਸਦੀ ਚੋਰੀ ਹੋਈ ਐਕਟਿਵਾ ਨਾਵਲਟੀ ਸਵੀਟਸ ਦੇ ਨਜ਼ਦੀਕ ਲਾਵਾਰਿਸ ਹਾਲਤ ਵਿੱਚ ਖ਼ੜ੍ਹੀ ਬਰਾਮਦ ਹੋ ਗਈ ਹੈ। ਚੋਰ ਦੀ ਪਛਾਣ ਅਜੇ ਪੁੱਤਰ ਰਮੇਸ਼ ਵਾਸੀ ਸਹਾਰਨਪੁਰ (ਯੂ.ਪੀ.) ਹਾਲ ਪਲਾਹੀ ਰੋਡ ਫਗਵਾੜਾ ਵਜੋਂ ਹੋਈ ਦੱਸੀ ਜਾਂਦੀ ਹੈ।