ਪੰਜਾਬ ਨਸ਼ੇ ਕਾਰਨ ਹੋਰ ਕਿੰਨੇ ਪੁੱਤਰ ਗੁਆਏਗਾ : ਠੇਕੇਦਾਰ
ਸਰਕਾਰ ਦੀ ਨਸ਼ੇ ਵਿਰੁੱਧ ਲੜਾਈ ਵਿੱਚ ਅਸਫਲਤਾ ਦਾ ਗੰਭੀਰ ਸਬੂਤ ਹਨ- ਠੇਕੇਦਾਰ
Publish Date: Mon, 11 May 2026 07:01 PM (IST)
Updated Date: Mon, 11 May 2026 07:03 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਵਿਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੇ ਇਸ ਨੂੰ ਕਾਬੂ ਕਰਨ ਵਿਚ ਪੰਜਾਬ ਸਰਕਾਰ ਦੀ ਕਥਿਤ ਅਸਫਲਤਾ ਇਕ ਗੰਭੀਰ ਮੁੱਦਾ ਹੈ। ਹਾਲ ਹੀ ਦੇ ਅੰਕੜਿਆਂ ਤੇ ਰਿਪੋਰਟਾਂ ਅਨੁਸਾਰ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਦੇ ਸੂਬਾਈ ਉਪ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਇਕ ਪ੍ਰੈੱਸ ਬਿਆਨ ਵਿਚ ਕਹੀ। ਠੇਕੇਦਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਉਦੋਂ ਆਪਣਾ ਜੋਸ਼ ਗੁਆ ਬੈਠੀ, ਜਦੋਂ ਮੁਹਿੰਮ ਦੇ ਬਾਵਜੂਦ ਪਿਛਲੇ 15 ਦਿਨਾਂ ਵਿਚ ਨਸ਼ਿਆਂ ਕਾਰਨ ਪੰਜ ਮੌਤਾਂ ਹੋਈਆਂ ਹਨ। ਠੇਕੇਦਾਰ ਨੇ ਸੂਬੇ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹਾਲ ਹੀ ਵਿਚ ਹੋਈਆਂ ਮੌਤਾਂ ’ਤੇ ਡੂੰਘਾ ਦੁੱਖ ਤੇ ਚਿੰਤਾ ਪ੍ਰਗਟ ਕੀਤੀ। ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਤੇ ਭਾਵੁਕ ਹੋ ਕੇ ਠੇਕੇਦਾਰ ਨੇ ਸਰਕਾਰ ਨੂੰ ਪੁੱਛਿਆ ਪੰਜਾਬ ਹੋਰ ਕਿੰਨੇ ਪੁੱਤਰ ਗੁਆਏਗਾ? ਪੰਜਾਬ ਦੇ ਨੌਜਵਾਨਾਂ ਨੂੰ ਕੌਣ ਬਚਾਏਗਾ? ਪੰਜਾਬ ਨਸ਼ਿਆਂ ਕਾਰਨ ਰੋਜ਼ਾਨਾ ਹੋਣ ਵਾਲੇ ਅੰਤਿਮ ਸੰਸਕਾਰਾਂ ਦਾ ਸੋਗ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਰੋਜ਼ਾਨਾ ਹੋ ਰਹੀਆਂ ਮੌਤਾਂ ਨਾ ਸਿਰਫ਼ ਦਿਲ ਦਹਿਲਾ ਦੇਣ ਵਾਲੀਆਂ ਹਨ, ਸਗੋਂ ਮੌਜੂਦਾ ਸਰਕਾਰ ਦੀ ਨਸ਼ਿਆਂ ਵਿਰੁੱਧ ਲੜਾਈ ਵਿਚ ਅਸਫਲਤਾ ਦਾ ਗੰਭੀਰ ਪ੍ਰਮਾਣ ਵੀ ਹਨ। ਇਹ ਘਟਨਾਵਾਂ ਇਕੱਲੀਆਂ ਘਟਨਾਵਾਂ ਨਹੀਂ ਹਨ। ਇਹ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੀ ਜ਼ਮੀਨੀ ਹਕੀਕਤ ਨੂੰ ਉਜਾਗਰ ਕਰਦੀਆਂ ਹਨ, ਜੋ ਇਸਦੇ ਵੱਡੇ ਦਾਅਵਿਆਂ ਦੇ ਬਿਲਕੁਲ ਉਲਟ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੌਜੂਦਾ ਗੂੰਗੀ ਤੇ ਮੂਕ ਆਪ ਸਰਕਾਰ ਤੁਰੰਤ ਕਾਰਵਾਈ ਨਹੀਂ ਕਰਦੀ, ਤਾਂ ਇਤਿਹਾਸ ਇਸ ਸਮੇਂ ਨੂੰ ਇਕ ਅਜਿਹੇ ਸਮੇਂ ਵਜੋਂ ਯਾਦ ਰੱਖੇਗਾ ਜਦੋਂ ਇਕ ਪੂਰੀ ਪੀੜ੍ਹੀ ਨੂੰ ਬਚਾਉਣ ਦਾ ਮੌਕਾ ਗੁਆ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਤਾਂ ਨਸ਼ਾ ਛੁਡਾਊ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਹੈ ਤੇ ਨਾ ਹੀ ਵੱਡੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਹੈ। ਸਿਰਫ਼ ਛੋਟੇ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ, ਜਦੋਂ ਕਿ ਵੱਡੇ ਤਸਕਰ ਪਹੁੰਚ ਤੋਂ ਬਾਹਰ ਹਨ।