ਘਰ ਆਏ ਚੋਰ ਦੀ ਖੰਭੇ ਨਾਲ ਬੰਨ੍ਹ ਕੇ ਕੀਤੀ ਸੇਵਾ
ਸਵੇਰੇ ਸਾਢੇ ਚਾਰ ਵਜੇ
Publish Date: Sun, 22 Feb 2026 10:00 PM (IST)
Updated Date: Sun, 22 Feb 2026 10:03 PM (IST)

ਸਵੇਰੇ ਸਾਢੇ ਚਾਰ ਵਜੇ ਕੰਧ ਟੱਪ ਕੇ ਹਵੇਲੀ ’ਚ ਆਇਆ ਸੀ ਚੋਰ ਜਾਸੰ, ਨਡਾਲਾ : ਸਬ ਡਿਵੀਜ਼ਨ ਭੁਲੱਥ ਦੇ ਕਸਬਾ ਨਡਾਲਾ ਦੇ ਵਾਰਡ ਨੰਬਰ-11 ਦੀ ਹਿੰਮਤ ਸਿੰਘ ਕਾਲੋਨੀ ’ਚ ਸਵੇਰੇ ਸਾਢੇ ਚਾਰ ਵਜੇ ਕੰਧ ਟੱਪ ਕੇ ਚੋਰੀ ਦੀ ਨੀਅਤ ਨਾਲ ਦਾਖਲ ਹੋਏ ਚੋਰ ਨੂੰ ਕਿਸਾਨ ਨੇ ਫੜ ਲਿਆ ਤੇ ਉਸ ਦੀ ਖੂਬ ਛਿੱਤਰ ਪਰੇਡ ਕੀਤੀ। ਫਿਰ ਉਸ ਨੂੰ ਵਿਹੜੇ ’ਚ ਲੱਕੜ ਦੇ ਪੋਲ ਨਾਲ ਬੰਨ੍ਹ ਦਿੱਤਾ। ਬਾਅਦ ’ਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਲਗਪਗ 4.30 ਵਜੇ ਉਹ ਆਪਣੀ ਹਵੇਲੀ ’ਚ ਸੌਂ ਰਿਹਾ ਸੀ ਕਿ ਇਸ ਦੌਰਾਨ ਚੋਰੀ ਦਾ ਆਦੀ ਬਿੱਟੂ ਨਾਂ ਦਾ ਵਿਅਕਤੀ ਕੰਧ ਟੱਪ ਕੇ ਹਵੇਲੀ ’ਚ ਦਾਖਲ ਹੋਇਆ ਤੇ ਚਾਰਾ ਕੁਤਰਨ ਵਾਲੀ ਮਸ਼ੀਨ ਦੇ ਉੱਪਰ ਲੱਗੀ ਮੋਟਰ ਦੇ ਨਟ ਖੋਲ੍ਹਣ ਲੱਗਾ। ਉਨ੍ਹਾਂ ਦਸਿਆ ਕਿ ਉਹ ਨੇੜੇ ਹੀ ਬਿਸਤਰ ’ਤੇ ਲੇਟ ਕੇ ਇਹ ਸਭ ਦੇਖ ਰਿਹਾ ਸੀ। ਜਦ ਉਹ ਨਟ ਖੋਲ੍ਹ ਕੇ ਮੋਟਰ ਚੋਰੀ ਕਰਕੇ ਜਾਣ ਲੱਗਾ ਤਾਂ ਉਹ ਉੱਠਿਆ ਤੇ ਉਸ ਨੂੰ ਫੜ ਲਿਆ। ਪਹਿਲਾਂ ਤਾਂ ਉਸ ਦੀ ਖੂਬ ਛਿੱਤਰ ਪਰੇਡ ਕੀਤੀ ਤੇ ਫਿਰ ਵਿਹੜੇ ’ਚ ਇਕ ਲੱਕੜ ਦੇ ਖੰਭੇ ਨਾਲ ਬੰਨ੍ਹ ਦਿੱਤਾ। ਪੀੜਤ ਕਿਸਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦੀ ਮੋਟਰਸਾਈਕਲ ਚੋਰੀ ਹੋਈ ਸੀ, ਜੋ ਇਸੇ ਆਦਮੀ ਦਾ ਕੰਮ ਸੀ। ਬਾਬਾ ਬਲਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਇਹੀ ਵਿਅਕਤੀ 21 ਫਰਵਰੀ ਦੀ ਸ਼ਾਮ ਨੂੰ ਉਸ ਕੋਲ ਆਇਆ ਤੇ ਕਿਹਾ ਕਿ ਬਾਬਾ ਬਹੁਤ ਚੋਰੀਆਂ ਹੋ ਰਹੀਆਂ ਹਨ, ਹਵੇਲੀ ਦਾ ਧਿਆਨ ਰੱਖਣਾ ਤੇ ਅੱਜ ਖੁਦ ਹੀ ਚੋਰੀ ਕਰਦੇ ਹੋਏ ਫੜਿਆ ਗਿਆ। ਬਾਬਾ ਬਲਵਿੰਦਰ ਸਿੰਘ ਨੇ ਵਾਰਡ ਦੇ ਕੌਂਸਲਰ ਤੇ ਹੋਰ ਲੋਕਾਂ ਨੂੰ ਇਕੱਠਾ ਕੀਤਾ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਨਡਾਲਾ ਪੁਲਿਸ ਨੇ ਚੋਰ ਨੂੰ ਫੜ ਲਿਆ ਹੈ।