ਵਿਭਾਗ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਦਾ ਸੈਨਸਜ ਦਾ ਕੰਮ ਹੋ ਰਿਹਾ ਪ੍ਰਭਾਵਿਤ

ਪ੍ਰਸ਼ਾਸਨ ਅਧਿਆਪਕਾਂ ਤੋਂ ਕੰਮ ਨਹੀਂ ਕਰਵਾ ਰਿਹਾ, ਉਨ੍ਹਾਂ ਨੂੰ ਸਜ਼ਾ ਦੇ ਰਿਹਾ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਕੇਂਦਰ ਸਰਕਾਰ ਵੱਲੋਂ ਦਿੱਤੇ ਹੁਕਮਾਂ ’ਤੇ ਪੰਜਾਬ ਵਿਚ ਵੀ ਸੈਂਸਜ਼ ਦਾ ਕੰਮ ਸ਼ੁਰੂ ਹੋ ਗਿਆ ਹੈ। ਸੈਂਸਜ਼ ਦੇ ਕੰਮ ਵਾਸਤੇ ਬਿਨਾਂ ਕਿਸੇ ਯੋਜਨਾ ਕਾਰਨ ਜਿਥੇ ਅਧਿਆਪਕ ਵਰਗ ਵਿਚ ਪਰੇਸ਼ਾਨੀ ਤੇ ਬੇਚੈਨੀ ਪਾਈ ਜਾ ਰਹੀ ਹੈ, ਉੱਥੇ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। 24 ਤੋਂ 30 ਇਨੂਮੇਰਟਰ ਨੂੰ ਲਗਾਉਣ ਦੀ ਬਜਾਏ 18 ਇਨੂਮੇਰਟਰ ਨੂੰ ਨਿਯੁਕਤ ਕਰਨ ਦੇ ਬਾਵਜੂਦ ਹਾਲੇ ਤੱਕ ਪੂਰੇ ਇਨੂਮੇਰਟਰ ਦੀ ਵੀ ਗਿਣਤੀ ਪੂਰੀ ਨਹੀਂ ਪਾਈ ਜੋ ਕਿ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਇਕ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਦੇ ਚਹੇਤਿਆਂ ਵੱਲੋਂ ਆਪਣੇ ਸਿਆਸੀ ਆਗੂਆਂ ਦੇ ਆਸ਼ੀਰਵਾਦ ਨਾਲ ਪ੍ਰਸ਼ਾਸਨ ’ਤੇ ਕਥਿਤ ਦਬਾਅ ਪਾ ਕੇ ਡਿਊਟੀਆਂ ਕਟਾਈਆਂ ਜਾ ਰਹੀਆਂ ਹਨ, ਜਿਸ ਕਾਰਨ ਵੀ ਅਧਿਆਪਕ ਵਰਗ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਸੁਪਰਵਾਈਜ਼ਰ ਤੇ ਇਨੂਮੇਰਟਰ ਨੂੰ ਵਾਰਡਬੰਦੀ ਦੀ ਗਿਣਤੀ ਅਨੁਸਾਰ ਦਿੱਤੇ ਗਏ ਏਰੀਆ ਵਿਚ ਕੁੱਲ ਆਬਾਦੀ 13,404 ਦਿਖਾਈ ਜਾ ਰਹੀ ਹੈ ਜਦੋਂ ਕਿ ਇਸ ਵਿਚ 18 ਸਾਲ ਤੋਂ ਜਾਂ ਇਸ ਤੋਂ ਛੋਟੀ ਉਮਰ ਦੇ ਬੱਚੇ ਜਿਨ੍ਹਾਂ ਦੀ ਵੋਟ ਨਹੀਂ ਬਣੀ, ਵੱਖ-ਵੱਖ ਨਵੀਆਂ ਕਲੋਨੀਆਂ ਵਿਚ ਪਿੰਡਾਂ ਤੋਂ ਆ ਕੇ ਵਸੇ ਹੋਏ ਲੋਕ ਜਿਨ੍ਹਾਂ ਦੀ ਵੋਟ ਸ਼ਹਿਰ ਵਿਚ ਨਹੀਂ ਹੈ ਪਰ ਸ਼ਹਿਰ ਵਿਚ ਰਿਹਾਇਸ਼ ਕਾਰਨ ਜਨਗਣਨਾ ਵਿਚ ਗਿਣਤੀ ਗਿਣੀ ਜਾਵੇਗੀ, ਇਹ ਸਭ ਕੁਝ ਕੁਲ ਆਬਾਦੀ ਵਿਚ ਅਕਾਊਂਟ ਹੀ ਨਹੀਂ ਕੀਤੇ ਗਏ। ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ 2011 ਦੀ ਆਬਾਦੀ ਦਾ 20 ਫੀਸਦੀ ਵਧਾ ਕੇ ਕੁੱਲ ਗਿਣਤੀ ਅਨੁਸਾਰ ਵੰਡਿਆ ਗਿਆ ਹੈ ਏਰੀਆ, ਜਦੋਂ ਕਿ ਸਾਲ 2011 ਦੀ ਕੁੱਲ ਆਬਾਦੀ 16,877 ਸੀ ਜੋ ਕਿ 20 ਫੀਸਦੀ ਵਾਧਾ ਕਰਨ ’ਤੇ 20,252 ਵੈਸੇ ਹੀ ਬਣਦੀ ਹੈ। 2011 ਤੋਂ ਬਾਅਦ 16 ਸਾਲਾਂ ਵਿਚ ਨਵੀਆਂ ਕਲੋਨੀਆਂ ਬਣੀਆਂ ਜਿਸ ਵਿਚ ਪੁੱਡਾ ਕਲੋਨੀ, ਸੁਖ ਇੰਨਕਲੇਵ, ਜਵਾਲਾ ਸਿੰਘ ਨਗਰ ,ਨਿਊ ਮਾਡਲ ਟਾਊਨ, ਗੁਰੂ ਨਾਨਕ ਕਲੋਨੀ, ਸੈਂਟਰਲ ਟਾਊਨ, ਵੇਈਂ ਇਨਕਲੇਵ, ਗਾਜੀਪੁਰ ਰੋਡ ਕਲੋਨੀ, ਨਿਊ ਸੈਂਟਰਲ ਟਾਊਨ ਮੁੱਖ ਹਨ, ਜਿਨਾਂ ਦੀ ਗਿਣਤੀ ਵੀ ਨਾ ਜੋੜੀਏ ਤਾਂ ਵੀ 20 ਫੀਸਦੀ ਵਾਲੇ ਵਾਧੇ ਨਾਲ ਕੁੱਲ ਅਬਾਦੀ 20 ਹਜ਼ਾਰ ਬਣਦੀ ਹੈ। 20 ਹਜ਼ਾਰ ਆਬਾਦੀ ’ਤੇ ਜੇ ਇਕ ਗਿਣਤੀਕਾਰ ਨੂੰ 850 ਦੀ ਆਬਾਦੀ ਵੀ ਦਿੱਤੀ ਜਾਵੇ ਤਾਂ ਵੀ ਗਿਣਤੀਕਾਰ ਘੱਟੋ-ਘੱਟ 24 ਬਣਦੇ ਹਨ ਪਰ 18 ਤੋਂ ਕੰਮ ਲੈਣਾ ਬੇਇਨਸਾਫੀ ਹੈ। ਜਨਗਣਨਾ ਦੀ ਡਿਊਟੀ ’ਤੇ ਲੱਗੇ ਅਧਿਆਪਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸਿਫਾਰਸ਼ੀ ਤੇ ਰਸੂਖ ਰੱਖਣ ਵਾਲੇ ਅਧਿਆਪਕਾਂ ਦੀ ਡਿਊਟੀ ਹੀ ਨਹੀਂ ਲਗਾਈ ਤੇ ਸਾਰਾ ਬੋਝ ਸਾਡੇ ’ਤੇ ਪਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਡਿਊਟੀ ਦੇਣ ਤੋਂ ਇਨਕਾਰ ਨਹੀਂ ਪਰ ਸਾਡੀ ਡਿਊਟੀ ਨਜ਼ਦੀਕੂ ਪਿੰਡਾਂ ਵਿਚ ਲਗਾਈ ਜਾਵੇ।
ਜੀਟੀਯੂ ਅਧਿਆਪਕ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਰਸ਼ਪਾਲ ਸਿੰਘ ਵੜੈਚ, ਨਰੇਸ਼ ਕੋਹਲੀ ਆਦਿ ਨੇ ਕਿਹਾ ਕਿ ਜਨਗਣਨਾ ਡਿਊਟੀ ਦੇ ਲਗਾਏ ਅਧਿਆਪਕ ਡਿਊਟੀ ਤੋਂ ਇਨਕਾਰ ਨਹੀਂ ਪਰ ਪ੍ਰਸ਼ਾਸਨ ਨੇ ਅਧਿਆਪਕਾਂ ਦੀਆਂ ਡਿਊਟੀਆਂ ਡਿਊਟੀ ਸਥਾਨ ਤੋਂ ਕਰੀਬ 40 ਕਿਲੋਮੀਟਰ ਦੂਰ ਲਗਾਈਆਂ ਹਨ, ਜਿਸ ਤੋਂ ਇੰਝ ਲੱਗਦਾ ਹੈ ਕਿ ਪ੍ਰਸ਼ਾਸਨ ਅਧਿਆਪਕਾਂ ਕੋਲੋਂ ਜਨਗਣਨਾ ਦੀ ਡਿਊਟੀ ਨਹੀਂ ਲੈ ਰਿਹਾ ਉਨ੍ਹਾਂ ਨੂੰ ਸਜ਼ਾ ਦੇ ਰਿਹਾ। ਉਨਾਂ ਪ੍ਰਸ਼ਾਸਨ ਤੋਂ ਤੁਰੰਤ ਅਧਿਆਪਕਾਂ ਦੀ ਜਨਗਣਨਾ ਦੀ ਗਿਣਤੀ ਵਧਾਉਣ ਤੇ ਡਿਊਟੀ ਨਜ਼ਦੀਕ ਲਗਾਉਣ ਦੀ ਮੰਗ ਕੀਤੀ ਹੈ।