ਫਗਵਾੜਾ ’ਚ ਲੱਗ ਰਹੇ ਪਲਾਸਟਿਕ ਦੇ ਲਿਫਾਫਿਆਂ ਦੇ ਢੇਰ : ਜੀਤੀ ਖੇੜਾ
ਨਹੀ ਰੁਕ ਰਿਹਾ ਪੋਲੀਥੀਨ ਦਾ ਇਸਤੇਮਾਲ,ਸ਼ਹਿਰ ਦੀ ਸਬਜੀ ਮੰਡੀ ਚ ਲਗ ਰਹੇ ਕੂੜੇ ਦੇ ਢੇਰ,ਜੀਤੀ ਖੇੜਾ
Publish Date: Thu, 12 Mar 2026 07:18 PM (IST)
Updated Date: Thu, 12 Mar 2026 07:21 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਨਗਰ ਨਿਗਮ ਵੱਲੋਂ ਵਾਤਾਵਰਣ ਨੂੰ ਸੁਰਖਿਅਤ ਰੱਖਣ ਲਈ ਕਈ ਮੁਹਿੰਮਾਂ ਚਲਾ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਆਮ ਲੋਕਾਂ ਨਾਲ ਕੀਤੇ ਵਾਅਦਿਆਂ ਵਾਂਗ ਹੀ ਮੁਹਿੰਮਾਂ ਵੀ ਠੁੱਸ ਹੋ ਕੇ ਰਹਿ ਜਾਂਦੀਆਂ ਹਨ, ਜਿਸ ਦੀ ਉਦਹਾਰਣ ਹੈ ਦੁਕਾਨਾਂ, ਰੇਹੜੀਆਂ, ਸਬਜ਼ੀ ਦੀਆਂ ਦੁਕਾਨਾਂ ਆਦਿ ’ਤੇ ਨਾ-ਗਲਣਸ਼ੀਲ ਲਿਫਾਫਿਆਂ ਦਾ ਧੜੱਲੇ ਨਾਲ ਵਿਕਣਾ। ਜੇਕਰ ਪਲਾਸਟਿਕ ਦੇ ਲਿਫਾਫੇ ਬੈਨ ਹਨ ਤਾਂ ਸਬਜ਼ੀ ਮੰਡੀ ਫਗਵਾੜਾ ਵਿਚ ਕੂੜੇ ਦੇ ਢੇਰਾਂ ਦੇ ਅੰਬਾਰ ਵਿਚ ਇਹ ਕਿਸ ਤਰਾਂ ਦਿਖਾਈ ਦੇ ਰਹੇ ਹਨ। ਇਹ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਨਗਰ ਨਿਗਮ ਫਗਵਾੜਾ ਦੀ ਕਹਨੀ ਤੇ ਕਰਨੀ ਵਿਚ ਬਹੁਤ ਅੰਤਰ ਹੈ। ਇਹ ਲਿਫਾਫੇ ਸਿੱਧੇ ਤੌਰ ’ਤੇ ਵਾਤਾਵਰਣ ਦੂਸ਼ਿਤ ਕਰਦੇ ਹਨ ਤੇ ਸੀਵਰੇਜ ਜਾਮ ਕਰਨ ਵਿਚ ਵੀ ਆਪਣਾ ਭਰਪੂਰ ਯੋਗਦਾਨ ਪਾਉਂਦੇ ਹਨ। ਫਗਵਾੜਾ ਸ਼ਹਿਰ ਵਿਚ ਪਾਬੰਦੀਸ਼ੁਦਾ ਲਿਫਾਫਿਆਂ ਦਾ ਸ਼ਰੇਆਮ ਇਸਤੇਮਾਲ ਹੋ ਰਿਹਾ ਹੈ। ਨਗਰ ਨਿਗਮ ਦੀਆਂ ਟੀਮਾਂ ਬਜ਼ਾਰਾਂ ਵਿਚ ਘੁੰਮ ਕੇ ਦੁਕਾਨਦਾਰਾਂ ਨੂੰ ਤੰਗ-ਪਰੇਸ਼ਾਨ ਕਰਨ ਵਿਚ ਮਸ਼ਗੂਲ ਹਨ ਜਦਕਿ ਨਗਰ ਨਿਗਮ ਦੇ ਕਈ ਮੁਲਾਜ਼ਮਾਂ ਨੂੰ ਇਨ੍ਹਾਂ ਪਾਬੰਦੀਸ਼ੁਦਾ ਲਿਫਾਫਿਆਂ ਦਾ ਇਸਤੇਮਾਲ ਕਰਦੇ ਹੋਏ ਸ਼ਰੇਆਮ ਦੇਖਿਆ ਜਾ ਸਕਦਾ ਹੈ ਪਰ ਕਾਰਵਾਈ ਆਮ ਲੋਕਾਂ ’ਤੇ ਹੀ ਹੁੰਦੀ ਹੈ। ਨਗਰ ਨਿਗਮ ਮੁਲਾਜ਼ਮ ਤੇ ਅਧਿਕਾਰੀ ਸਿਰਫ ਲੋਕਾਂ ਨੂੰ ਤੰਗ-ਪਰੇਸ਼ਾਨ ਕਰਨ ਲਈ ਹੀ ਰੱਖੇ ਗਏ ਹਨ ਜਦਕਿ ਉਨ੍ਹਾਂ ਨੂੰ ਤਨਖਾਹ ਵੀ ਆਮ ਲੋਕਾਂ ਵੱਲੋਂ ਅਦਾ ਕੀਤੇ ਟੈਕਸਾਂ ਤੋਂ ਮਿਲਦੀ ਹੈ। ਬੀਤੇ ਦਿਨੀਂ ਨਗਰ ਨਿਗਮ ਵੱਲੋਂ ਕੁਝ ਦੁਕਾਨਾਂ ’ਤੇ ਕਾਰਵਾਈ ਕਰਕੇ ਖਾਨਾਪੂਰਤੀ ਕੀਤੀ ਗਈ ਤੇ ਦੁਕਾਨਦਾਰਾਂ ਦਾ ਸਮਾਨ ਵੀ ਜ਼ਬਤ ਕੀਤਾ ਗਿਆ ਜੋਕਿ ਵਾਪਸ ਮੋੜਿਆ ਗਿਆ ਹੈ ਜਾਂ ਨਹੀ ਇਹ ਤਾਂ ਨਿਗਮ ਅਧਿਕਾਰੀਆਂ ਨੂੰ ਹੀ ਪਤਾ ਹੋਵੇਗਾ। ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂਆਂ ਰਣਜੀਤ ਸਿੰਘ ਜੀਤੀ ਖੇੜਾ, ਜਸਵਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਲਾਡੀ ਸ਼ੇਰਗਿਲ, ਯੂਥ ਆਗੂ ਗੁਰਸਿਮਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਫਗਵਾੜਾ ਵੱਲੋਂ ਕਾਨੂੰਨ ਸਿਰਫ ਬਣਾਏ ਜਾਂਦੇ ਹਨ ਪਰ ਲਾਗੂ ਕਰਵਾਉਣ ਵਾਲੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ, ਜਿਨ੍ਹਾਂ ਤੋਂ ਹਾਲੇ ਤੱਕ ਫਗਵਾੜਾ ਦੀਆਂ ਤਮਾਮ ਦੁਕਾਨਾਂ ਵਿਚੋਂ ਪਾਬੰਦੀਸ਼ੁਦਾ ਲਿਫਾਫਿਆਂ ਦਾ ਇਸਤੇਮਾਲ ਬੰਦ ਨਹੀ ਹੋ ਸਕਿਆ। ਦੁਕਾਨਾਂ ਵਾਲੇ ਗਲਣਸ਼ੀਲ ਲਿਫਾਫਿਆਂ ਦਾ ਇਸਤੇਮਾਲ ਬਿਲਕੁਲ ਵੀ ਨਹੀ ਕਰ ਰਹੇ ਕਿਉਂਕਿ ਇਹ ਆਮ ਵਿਕਣ ਵਾਲੇ ਲਿਫਾਫਿਆਂ ਤੋਂ ਕਾਫੀ ਮਹਿੰਗੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜੇਕਰ ਲੋਕਾਂ ਦੀ ਸਹੂਲਤ ਲਈ ਕੋਈ ਕਾਰਵਾਈ ਕੀਤੀ ਜਾਦੀ ਹੈ ਤਾਂ ਉਸਨੂੰ ਅਮਲੀਜਾਮਾ ਪਹਿਨਾਇਆ ਜਾਵੇ ਨਾ ਕਿ ਖਾਨਾਪੂਰਤੀ ਕਰਕੇ ਲੋਕ ਦਿਖਾਵਾ ਕੀਤਾ ਜਾਵੇ। ਨਗਰ ਨਿਗਮ ਦੇ ਸੁੱਤੇ ਪਏ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ ਨਾ ਕਿ ਲੋਕਾਂ ਨੂੰ ਤੰਗ-ਪਰੇਸ਼ਾਨ ਕਰਕੇ। ਕੁਝ ਸਾਲ ਪਹਿਲਾਂ ਨਿਗਮ ਕਮਿਸ਼ਨਰ ਰਾਜੀਵ ਵਰਮਾ ਦੇ ਕਾਰਜਕਾਲ ਵਿਚ ਫਗਵਾੜਾ ਸ਼ਹਿਰ ਨੂੰ ਕੌਮੀ ਪੱਧਰ ’ਤੇ ਸਾਫ-ਸੁਥਰਾ ਸ਼ਹਿਰ ਹੋਣ ਦਾ ਮਾਣ ਵੀ ਪ੍ਰਾਪਤ ਹੋ ਚੁੱਕਾ ਹੈ ਪਰ ਜੋ ਹੁਣ ਸ਼ਹਿਰ ਦੇ ਹਲਾਤ ਬਣ ਚੁੱਕੇ ਹਨ ਉਨ੍ਹਾਂ ’ਚ ਹਰ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸਬਜ਼ੀ ਮੰਡੀ ਫਗਵਾੜਾ ਵਿਚ ਕੂੜੇ ਦੇ ਢੇਰਾਂ ’ਤੇ ਪਾਬੰਦੀਸ਼ੁਦਾ ਲਿਫਾਫੇ ਆਮ ਦੇਖੇ ਜਾ ਸਕਦੇ ਹਨ। ਜੇਕਰ ਇਹ ਬੈਨ ਹਨ ਤਾਂ ਫਿਰ ਵਿਕ ਕਿਸ ਤਰ੍ਹਾਂ ਰਹੇ ਹਨ। ਨਗਰ ਨਿਗਮ ਨੂੰ ਆਪਣੀ ਕਾਰਵਾਈ ਨੂੰ ਇਮਾਨਦਾਰੀ ਨਾਲ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਜੋ ਸ਼ਹਿਰ ਦੇ ਹਲਾਤ ਸੁਧਾਰੇ ਜਾ ਸਕਣ।