‘ਪੀਲੇ ਪੱਤੇ’ ਦੀ ਘੁੰਡ ਚੁਕਾਈ ਅੱਜ ਨਿਰਮਲ ਕੁਟੀਆ ’ਚ ਹੋਵੇਗੀ
ਨਾਵਲ ਪੀਲੇ ਪੱਤੇ ਦੀ ਘੁੰਡ ਚੁਕਾਈ 1 ਮਾਰਚ ਨੂੰ ਨਿਰਮਲ ਕੁਟੀਆ ਸੀਚੇਵਾਲ ਵਿਖੇ : ਮਾ. ਅਜੀਤ ਸਿੰਘ
Publish Date: Sat, 28 Feb 2026 11:09 PM (IST)
Updated Date: Sat, 28 Feb 2026 11:10 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਮਾਸਟਰ ਅਜੀਤ ਸਿੰਘ ਦੁਆਰਾ ਰਚਿਤ ਤੇ ਅਰਮਾਨ ਫਾਊਂਡੇਸ਼ਨ ਵੱਲੋਂ ਪ੍ਰਕਾਸ਼ਿਤ ਨਾਵਲ ਪੀਲੇ ਪੱਤੇ ਦੀ ਘੁੰਡ ਚੁਕਾਈ ਸੰਬੰਧੀ ਸਾਹਿਤਕ ਸਮਾਗਮ 1 ਮਾਰਚ ਨੂੰ ਦੁਪਹਿਰ 12 ਵਜੇ ਮਿਊਜ਼ੀਅਮ ਹਾਲ ਨਿਰਮਲ ਕੁਟੀਆ ਸੀਚੇਵਾਲ ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਸਾਹਿਤ ਸਭਾ ਸੁਲਤਾਨਪੁਰ ਲੋਧੀ ਤੇ ਲੇਖਕ ਦੇ ਸਪੁੱਤਰ ਸਤਿੰਦਰ ਪਾਲ ਸਿੰਘ ਰੂਬੀ ਤੇ ਸੁਖਜਿੰਦਰ ਪਾਲ ਸਿੰਘ ਮਿੰਟਾ (ਆਸਟ੍ਰੇਲੀਆ ਨਿਵਾਸੀ) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਹਿਤ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ ਤੇ ਸਕੱਤਰ ਮੁਖਤਾਰ ਸਿੰਘ ਚੰਦੀ ਨੇ ਦੱਸਿਆ ਕਿ ਸਮਾਗਮ ਦੌਰਾਨ ਵੱਖ-ਵੱਖ ਵਿਦਵਾਨ ਮਾਸਟਰ ਅਜੀਤ ਸਿੰਘ ਦੇ ਨਵੇਂ ਨਾਵਲ ਪੀਲੇ ਪੱਤੇ ਉੱਤੇ ਵਿਚਾਰ ਪ੍ਰਗਟ ਕਰਨਗੇ ਤੇ ਪਰਚੇ ਪੜ੍ਹੇ ਜਾਣਗੇ। ਇਸ ਦੇ ਨਾਲ ਹੀ ਸਾਹਿਤ ਸਭਾ ਨਾਲ ਸਬੰਧਤ ਕਵੀ ਆਪਣੀਆਂ ਰਚਨਾਵਾਂ ਰਾਹੀਂ ਮਹਿਫ਼ਲ ਨੂੰ ਰੰਗੀਨ ਬਣਾਉਣਗੇ। ਉਨ੍ਹਾਂ ਸਮੂਹ ਸਾਹਿਤ ਪ੍ਰੇਮੀਆਂ ਤੇ ਸਾਹਿਤ ਸਭਾ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਦਿੱਤੇ ਸਮੇਂ ਅਨੁਸਾਰ ਹਾਜ਼ਰੀ ਭਰ ਕੇ ਇਸ ਸਾਹਿਤਕ ਸਮਾਗਮ ਦੀ ਸ਼ਾਨ ਵਧਾਉਣ ਤੇ ਨਾਵਲ ਦੀ ਘੁੰਡ ਚੁਕਾਈ ਨੂੰ ਸਫਲ ਬਣਾਉਣ। ਜ਼ਿਕਰਯੋਗ ਹੈ ਕਿ ਮਾਸਟਰ ਅਜੀਤ ਸਿੰਘ ਨੂੰ ਮਾਤਾ ਸੰਤ ਕੌਰ ਤੇ ਪਿਤਾ ਗੁਜਰ ਸਿੰਘ ਗਿੱਦੜਪਿੰਡੀ ਵੱਲੋਂ ਮਿਲੀ ਸੰਸਕਾਰਾਂ ਦੀ ਗੁੜ੍ਹਤੀ ਨੇ ਉਨ੍ਹਾਂ ਨੂੰ ਮਜ਼ਦੂਰਾਂ ਤੇ ਕਿਰਤੀ ਕਿਸਾਨਾਂ ਦੀ ਆਵਾਜ਼ ਬਣਨ ਲਈ ਪ੍ਰੇਰਿਤ ਕੀਤਾ। ਆਪਣੀ ਜੀਵਨ ਸਾਥੀ ਅਮਰਜੀਤ ਕੌਰ ਦੀ ਪ੍ਰੇਰਣਾ ਸਦਕਾ ਉਹ ਸਿੱਖਿਆ ਵਿਭਾਗ ਵਿਚ ਨਿਭਾਏ ਗਏ ਫਰਜ਼ਾਂ ਦੇ ਨਾਲ-ਨਾਲ ਸਮਾਜ ਵਿਚ ਫੈਲੇ ਅਨਿਆਂ ਵਿਰੁੱਧ ਵੀ ਸਦਾ ਸੰਘਰਸ਼ਸ਼ੀਲ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਨਾਵਲ “ਦੀਸੋ ਭਾਬੀ” ਤੇ “ਸੱਚ ਦਾ ਸ਼ੀਸ਼ਾ” ਨੂੰ ਪਾਠਕਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ। ਹੁਣ ਤੀਸਰਾ ਨਾਵਲ “ਪੀਲੇ ਪੱਤੇ” ਪਾਠਕਾਂ ਅੱਗੇ ਪੇਸ਼ ਕੀਤਾ ਗਿਆ ਹੈ, ਜੋ ਔਰਤ ਦੀ ਵੱਖਰੀ ਪਹਿਚਾਣ ਤੇ ਨਾਰੀ ਦੇ ਸਰਵੋਤਮ ਗੁਣਾਂ ਦੀ ਵਕਾਲਤ ਕਰਦਾ ਹੋਇਆ ਸਾਹਿਤਕ ਮੰਡਲ ਵਿਚ ਆਪਣੀ ਵਿਲੱਖਣ ਥਾਂ ਬਣਾਉਣ ਵੱਲ ਅੱਗੇ ਵੱਧ ਰਿਹਾ ਹੈ।