ਵਿਰਾਸਤੀ ਸ਼ਹਿਰ ’ਚ ਹੋਵੇਗੀ ਵਿਹਿਪ ਦੀ ਤਿੰਨ ਰੋਜ਼ਾ ਮੀਟਿੰਗ
ਤਿੰਨ ਰੋਜ਼ਾ ਮੀਟਿੰਗ ਵਿੱਚ ਹਿੰਦੂ ਸਮਾਜ ਨੂੰ ਦਰਪੇਸ਼ ਚੁਣੌਤੀਆਂ ਬਾਰੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ
Publish Date: Mon, 06 Apr 2026 10:03 PM (IST)
Updated Date: Mon, 06 Apr 2026 10:05 PM (IST)

--ਛੇ ਰਾਜਾਂ ਦੇ ਅਧਿਕਾਰੀ ਹੋਣਗੇ ਸ਼ਾਮਲ : ਨਰੇਸ਼ ਪੰਡਿਤ --ਹਿੰਦੂ ਸਮਾਜ ਨੂੰ ਦਰਪੇਸ਼ ਚੁਣੌਤੀਆਂ ਬਾਰੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਸ਼ਵ ਹਿੰਦੂ ਪ੍ਰੀਸ਼ਦ ਦੀ ਤਿੰਨ ਦਿਨਾਂ ਇੰਦਰਪ੍ਰਸਥ ਖੇਤਰੀ ਮੀਟਿੰਗ 24, 25 ਤੇ 26 ਅਪ੍ਰੈਲ 2026 ਨੂੰ ਵਿਰਾਸਤੀ ਸ਼ਹਿਰ ਵਿਚ ਹੋਵੇਗੀ। ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਲੇਹ-ਲੱਦਾਖ ਤੇ ਦਿੱਲੀ ਤੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੇਂਦਰੀ ਅਹੁਦੇਦਾਰ ਇਸ ਮੀਟਿੰਗ ਵਿਚ ਹਿੱਸਾ ਲੈਣਗੇ। ਮੀਟਿੰਗ ਦੀ ਤਿਆਰੀ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਇਕ ਵਿਸ਼ੇਸ਼ ਮੀਟਿੰਗ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਨੇਤਾ ਜੀਵਨ ਪ੍ਰਕਾਸ਼ ਵਾਲੀਆ ਤੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਮੰਤਰੀ ਯੋਗੇਸ਼ ਧੀਰ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੋਗੇਸ਼ ਧੀਰ ਨੇ ਕਿਹਾ ਕਿ ਮੀਟਿੰਗ ਵਿਚ ਹਿੰਦੂ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਜਾਵੇਗੀ ਤੇ ਭਵਿੱਖ ਦੀਆਂ ਮੁਹਿੰਮਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਯੋਗੇਸ਼ ਧੀਰ ਨੇ ਸਪੱਸ਼ਟ ਕੀਤਾ ਕਿ ਹਿੰਦੂ ਭਾਈਚਾਰੇ ਦੀ ਪਛਾਣ ਦੀ ਰੱਖਿਆ ਲਈ ਗੈਰ-ਕਾਨੂੰਨੀ ਧਰਮ ਪਰਿਵਰਤਨ ਨੂੰ ਰੋਕਣ ਦੀ ਸਾਡੀ ਮੁਹਿੰਮ ਬੇਰੋਕ ਜਾਰੀ ਹੈ। ਬਜਰੰਗ ਦਲ ਤੇ ਦੁਰਗਾ ਪੂਜਾ ਵਾਹਿਣੀਆਂ ਇਸ ਦਿਸ਼ਾ ਵਿਚ ਦੇਸ਼ ਭਰ ਵਿਚ ਵਿਆਪਕ ਜਨਤਕ ਜਾਗਰੂਕਤਾ ਮੁਹਿੰਮਾਂ ਚਲਾ ਰਹੀਆਂ ਹਨ। ਗਊ ਰੱਖਿਆ ਤੇ ਲੜਕੀਆਂ ਦੀ ਸੁਰੱਖਿਆ ਪਹਿਲਾਂ ਹੀ ਸਾਡੀਆ ਤਰਜੀਹਾਂ ਵਿਚੋਂ ਇਕ ਹੈ। ਮੀਟਿੰਗ ਇਸ ਚੁਣੌਤੀ ਨਾਲ ਨਜਿੱਠਣ ਲਈ ਇਕ ਦੇਸ਼ ਵਿਆਪੀ ਮੁਹਿੰਮ ਯੋਜਨਾ ਨੂੰ ਅੰਤਿਮ ਰੂਪ ਦੇਵੇਗੀ। ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਮੁੱਖ ਤੌਰ ’ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਯੁਵਾ ਸੰਗਠਨਾਂ, ਬਜਰੰਗ ਦਲ ਤੇ ਦੁਰਗਾ ਵਾਹਿਣੀ ਕਰਨਗੇ। ਸਕੂਲਾਂ, ਕਾਲਜਾਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਮੀਟਿੰਗ ਇਹ ਵੀ ਨਿਰਧਾਰਤ ਕਰੇਗੀ ਕਿ ਨੌਜਵਾਨਾਂ ਵਿਚ ਹਿੰਦੂਤਵ ਬਾਰੇ ਜਾਗਰੂਕਤਾ ਮੁਹਿੰਮਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਸੰਗਠਨਾਂ, ਸਮੂਹਾਂ ਤੇ ਸਰਕਾਰ ਨਾਲ ਤਾਲਮੇਲ ਕਿਵੇਂ ਵਧਾਇਆ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਰੇਸ਼ ਪੰਡਿਤ ਨੇ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਧਰਮ ਪ੍ਰਸਾਰ ਵਿਭਾਗ ਹਿੰਦੂ ਸਮਾਜ ਨੂੰ ਸੰਗਠਿਤ ਕਰਨ, ਸੱਭਿਆਚਾਰਕ ਚੇਤਨਾ ਜਗਾਉਣ ਤੇ ਧਰਮ ਪਰਿਵਰਤਨ ਨੂੰ ਰੋਕਣ ਲਈ ਸਮਰਪਿਤ ਹੈ। ਇਹ ਵਿਭਾਗ ਪੁਨਰ-ਪਰਿਵਰਤਨ (ਘਰ ਵਾਪਸੀ) ਸਮਾਜਿਕ ਸਦਭਾਵਨਾ ਤੇ ਸਨਾਤਨ ਧਰਮ ਦੇ ਪ੍ਰਚਾਰ ਰਾਹੀਂ ਹਿੰਦੂਆਂ ਵਿਚ ਸਵੈ-ਮਾਣ ਪੈਦਾ ਕਰਨ ਲਈ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਧਰਮ ਪ੍ਰਸਾਰ ਵਿਭਾਗ ਧਾਰਮਿਕ ਆਗੂਆਂ,ਗਿਆਨਵਾਨ ਲੋਕਾਂ ਤੇ ਕਾਰਕੁੰਨਾਂ ਰਾਹੀਂ ਪੇਂਡੂ ਤੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਇਨ੍ਹਾਂ ਵਿਚਾਰਾਂ ਦਾ ਪ੍ਰਚਾਰ ਕਰਦਾ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਅੱਜ ਵੀ ਸਰਕਾਰ ਦੇਸ਼ ਦੇ ਜ਼ਿਆਦਾਤਰ ਪ੍ਰਮੁੱਖ ਮੰਦਿਰਾਂ ਨੂੰ ਨਿਯੰਤਰਿਤ ਕਰਦੀ ਹੈ। ਪ੍ਰੀਸ਼ਦ ਦਾ ਮੰਨਣਾ ਹੈ ਕਿ ਮੰਦਿਰਾਂ ਦਾ ਪ੍ਰਬੰਧਨ ਹਿੰਦੂਆਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਫੰਡ ਸਿਰਫ ਹਿੰਦੂ ਸਮਾਜ ਦੇ ਭਲੇ ਲਈ ਖਰਚ ਕੀਤੇ ਜਾਣੇ ਚਾਹੀਦੇ ਹਨ। ਮੀਟਿੰਗ ਵਿਚ ਇਕ ਠੋਸ ਰਣਨੀਤੀ ਤਿਆਰ ਕੀਤੀ ਜਾਵੇਗੀ। ਜੇਕਰ ਲੋੜ ਪਈ ਤਾਂ ਮੁੱਖ ਮੰਤਰੀਆਂ ਤੇ ਵਿਧਾਇਕਾਂ ਨਾਲ ਗੱਲਬਾਤ, ਜਨ ਜਾਗਰੂਕਤਾ ਮੁਹਿੰਮਾਂ, ਕਾਨਫਰੰਸਾਂ ਤੇ ਜਨਤਕ ਮੀਟਿੰਗਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਸਹਿ-ਮੰਤਰੀ ਅਸ਼ੋਕ ਕੁਮਾਰ, ਸਤਸੰਗ ਪ੍ਰਮੁੱਖ ਮਨਮੋਹਨ ਜੋਸ਼ੀ, ਬਜਰੰਗ ਦਲ ਦੇ ਸੂਬਾ ਬਾਲੋਆਪਾਸਨਾ ਪ੍ਰਮੁੱਖ ਮਨੀਸ਼ ਬਜਰੰਗੀ, ਦੁਰਗਾ ਵਾਹਿਨੀ ਜ਼ਿਲ੍ਹਾ ਸੰਯੋਜਿਕਾ ਸੀਮਾ ਜੋਸ਼ੀ, ਬਜਰੰਗ ਦਲ ਦੇ ਜ਼ਿਲ੍ਹਾ ਸੰਯੋਜਕ ਆਨੰਦ ਯਾਦਵ ਤੇ ਜ਼ਿਲ੍ਹਾ ਸਹਿ ਸੰਯੋਜਕ ਆਨੰਦ ਯਾਦਵ, ਜ਼ਿਲ੍ਹਾ ਸਹਿ ਸੰਯੋਜਕ ਇਸ਼ਾਂਤ ਮਹਿਰਾ, ਬਜਰੰਗ ਦਲ ਦੇ ਸੀਨੀਅਰ ਆਗੂ ਸੰਜੇ ਸ਼ਰਮਾ, ਨਗਰ ਸੰਯੋਜਕ ਮੋਹਿਤ ਜੱਸਲ, ਜ਼ਿਲ੍ਹਾ ਇੰਚਾਰਜ ਚੰਦਰਮੋਹਨ ਭੋਲਾ, ਪਵਨ ਸ਼ਰਮਾ, ਹਨੀ ਕੁਮਾਰ, ਅਜੇ ਕੁਮਾਰ, ਮੁਕੁਲ ਅਰੋੜਾ, ਰਾਜੇਸ਼ ਸ਼ਰਮਾ, ਸੋਨੂੰ ਗੁਪਤਾ, ਸੰਦੀਪ ਅਗਰਵਾਲ, ਮਨੀ ਮਹਾਜਨ, ਪਵਨ ਸ਼ਰਮਾ ਸ਼ੇਖੂਪੁਰ, ਵਿਜੇ ਸ਼ਰਮਾ ਸ਼ੇਖੂਪੁਰ, ਰਾਜੇਸ਼ ਸ਼ਰਮਾ,ਰਾਜੇਸ਼ ਕੁਮਾਰ, ਪੰਕਜ ਗੋਇਲ, ਰਾਜ ਕੁਮਾਰ ਸ਼ੇਖੂਪੁਰ ਆਦਿ ਹਾਜ਼ਰ ਸਨ।