ਨਹੀਂ ਰੁਕ ਰਿਹਾ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ
ਨਹੀਂ ਰੁਕ ਰਿਹਾ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ
Publish Date: Sat, 25 Apr 2026 08:25 PM (IST)
Updated Date: Sun, 26 Apr 2026 04:20 AM (IST)

- ਪਿੰਡ ਗਾਜੀਪੁਰ ’ਚ ਨਸ਼ੇ ਕਾਰਨ 6 ਮਹੀਨੇ ’ਚ ਹੋਈ ਦੂਜੇ ਨੌਜਵਾਨ ਦੀ ਮੌਤ ਕੈਪਸ਼ਨ : 25ਕੇਪੀਟੀ37 ਪਿੰਡ ਗਾਜੀਪੁਰ ਵਿੱਚ ਨਸ਼ਿਆਂ ਕਾਰਨ ਮਰੇ ਨੌਜਵਾਨ ਦੂਜੇ ਪੁੱਤ ਦੀ ਲਾਸ਼ ਅੱਗੇ ਵਿਰਲਾਪ ਕਰਦੀ ਮਾਂ ਤੇ ਹੋਰ । ਕੈਪਸ਼ਨ: 25ਕੇਪੀਟੀ38 ਸਾਬਕਾ ਸਰਪੰਚ ਹਰਜਿੰਦਰ ਸਿੰਘ ਗੱਲਬਾਤ ਕਰਦੇ ਹੋਏ। ਕੈਪਸ਼ਨ: 25ਕੇਪੀਟੀ39 ਐਸਐਚਓ ਹਰਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਜ਼ਿਲ੍ਹਾ ਕਪੂਰਥਲਾ ’ਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ। ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਨਸ਼ਿਆਂ ਦੇ ਸੇਵਨ ਨਾਲ ਹੋਈ ਪੰਜਵੀਂ ਮੌਤ ਨੇ ਅੱਜ ਫਿਰ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਸੁਲਤਾਨਪੁਰ ਲੋਧੀ ਤੋਂ ਮਹਿਜ 1 ਕਿਲੋਮੀਟਰ ਦੂਰੀ ’ਤੇ ਸਥਿਤ ਪਿੰਡ ਗਾਜੀਪੁਰ ਦੇ ਇਕ ਹੀ ਪਰਿਵਾਰ ਦੇ 6 ਮਹੀਨਿਆਂ ’ਚ ਹੋਈ ਦੂਜੇ ਨੌਜਵਾਨ ਪੁੱਤ ਦੀ ਮੌਤ ਨੇ ਸਾਰੇ ਨਗਰ ਵਾਸੀਆਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਮੁਹੱਲਾ ਪੰਡੋਰੀ ’ਚ ਪਿਛਲੇ ਸਮੇਂ ਦੌਰਾਨ ਇਕ ਹੀ ਪਰਿਵਾਰ ਦੇ 5 ਪੁੱਤਰਾਂ ਦੀ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਖ਼ਬਰ ਦੀ ਸਿਆਹੀ ਹਾਲੇ ਪੂਰੀ ਸੁੱਕੀ ਵੀ ਨਹੀਂ ਸੀ ਤੇ ਪਿੰਡ ਰਾਏਪੁਰ ਰਾਈਆਂ ’ਚ ਨਸ਼ਿਆਂ ਕਾਰਨ 3 ਮੌਤਾਂ ਤੇ ਅੱਜ ਨਸ਼ੇ ਕਾਰਨ ਹੋਈ ਨੌਜਵਾਨ ਬਲਜੀਤ ਦੀ ਮੌਤ ਨਾਲ ਪਰਿਵਾਰ ਦਾ ਸਹਾਰਾ ਟੁੱਟ ਗਿਆ। ਨੌਜਵਾਨ ਪੁੱਤਰ ਦੀ ਲਾਸ਼ ਵੇਖ ਕੇ ਰੋਂਦੀ ਹੋਈ ਮਾਤਾ ਰਾਜੀ, ਪਿਤਾ ਲਖਵਿੰਦਰ ਸਿੰਘ ਤੇ ਭੈਣ ਜੋਤੀ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ। ਬਲਜੀਤ ਦੀ ਰੋਂਦੀ ਹੋਈ ਮਾਤਾ ਨੇ ਦੱਸਿਆ ਕਿ ਉਸ ਕੋਲੋਂ ਬੀਤੇ ਦਿਨ ਦੁਪਹਿਰ 3 ਵਜੇ ਦੇ ਕਰੀਬ 200 ਰੁਪਏ ਕਟਿੰਗ ਕਰਵਾਉਣ ਲਈ ਲੈ ਕੇ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਰਾਤ ਤੱਕ ਵਾਪਸ ਨਹੀਂ ਆਇਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਤੇ ਅੱਜ ਸਵੇਰੇ ਜਦੋਂ ਉਸ ਦਾ ਭਤੀਜਾ ਤੇ ਪਤੀ ਮੋਠਾਂਵਾਲਾ ਚੌਕੀ ਗਏ ਤਾਂ ਉੱਥੇ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਨਜ਼ਦੀਕ ਸਥਿਤ ਪੀਰਾਂ ਦੀ ਜਗ੍ਹਾ ਤੋਂ ਇਕ ਲਾਸ਼ ਮਿਲੀ ਹੈ, ਜਿਸ ਨੂੰ ਸਿਵਲ ਹਸਪਤਾਲ ਸਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰੱਖਿਆ ਹੈ। ਪੁਲਿਸ ਵੱਲੋਂ ਉਸ ਦੀ ਫੋਟੋ ਵਿਖਾਉਣ ’ਤੇ ਅਸੀਂ ਸ਼ਨਾਖਤ ਬਲਜੀਤ ਦੀ ਕੀਤੀ ਤੇ ਪੁਲਿਸ ਨੇ ਸਾਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਸਾਡੇ ਹਵਾਲੇ ਕੀਤੀ ਹੈ। ਭੈਣ ਜੋਤੀ ਨੇ ਦੱਸਿਆ ਕਿ ਵੱਡੇ ਭਰਾ ਗਗਨਦੀਪ ਦੀ ਵੀ ਕਰੀਬ 6 ਮਹੀਨੇ ਪਹਿਲਾਂ 19 ਸਤੰਬਰ 2025 ਨੂੰ ਨਸ਼ੇ ਕਾਰਨ ਮੌਤ ਹੋਈ ਸੀ ਤੇ ਅੱਜ ਛੋਟੇ ਭਰਾ ਨੂੰ ਨਸ਼ੇ ਰੂਪੀ ਦੈਂਤ ਨੇ ਨਿਗਲ ਲਿਆ ਹੈ। ਨਸ਼ਿਆਂ ’ਤੇ ਰੋਕ ਲਾਉਣੀ ਬਹੁਤ ਜ਼ਰੂਰੀ : ਸਾਬਕਾ ਸਰਪੰਚ ਪਿੰਡ ਗਾਜੀਪੁਰ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਸਰਕਾਰ ਤੋਂ ਨਸ਼ਿਆਂ ਦੇ ਇਸ ਕੋਹੜ ਨੂੰ ਜਲਦ ਤੋਂ ਜਲਦ ਖ਼ਤਮ ਕਰਨ ਦੀ ਮੰਗ ਕੀਤੀ। ਅੱਜ ਨਸ਼ਿਆਂ ਨੇ ਸਾਡੇ ਪੰਜਾਬ ਦੀ ਨੌਜਵਾਨੀ ਉਜਾੜ ਕੇ ਰੱਖ ਦਿੱਤੀ ਹੈ, ਜਿਸ ’ਤੇ ਰੋਕ ਲੱਗਣੀ ਬਹੁਤ ਜ਼ਰੂਰੀ ਹੈ । 100 ਤੋਂ ਵੱਧ ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਊ ਸੈਂਟਰਾਂ ’ਚ ਭੇਜਿਆ : ਥਾਣਾ ਮੁਖੀ ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪ੍ਰਮੁੱਖ ਇੰਸਪੈਕਟਰ ਹਰਿੰਦਰ ਸਿੰਘ ਨੇ ਕਿਹਾ ਕਿ ਪਿੰਡ ਲਾਟੀਆਂ ਵਾਲ ਤੋਂ ਸੇਚਾਂ ਦੇ ਕੱਚੇ ਰਸਤੇ ਇਕ ਪੀਰਾਂ ਦੀ ਜਗ੍ਹਾ ਨੇੜੇ ਸਾਨੂੰ ਨੌਜਵਾਨ ਦੀ ਲਾਸ਼ ਮਿਲੀ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਲਜੀਤ ਦੇ ਪਰਿਵਾਰ ਵਾਲਿਆਂ ਮੁਤਾਬਕ ਇਹ ਕੁਝ ਦਿਮਾਗ ਤੋਂ ਵੀ ਠੀਕ ਨਹੀਂ ਸੀ ਤੇ ਉੱਥੇ ਪੀਰਾਂ ਦੀ ਜਗ੍ਹਾ ’ਤੇ ਸੇਵਾ ਕਰਨ ਲਈ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿਮ ਤਹਿਤ ਅਸੀਂ ਇਸ ਮਹੀਨੇ ’ਚ 100 ਤੋਂ ਵੱਧ ਨਸ਼ਾ ਪੀੜਤਾਂ ਨੂੰ ਸੈਂਟਰਾਂ ’ਚ ਭੇਜਿਆ ਹੈ ਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਵੀ ਮੁਕੱਦਮੇ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਸੁੱਟਿਆ ਹੈ।