ਪਲਾਸਟਿਕ ਦਾ ਕਹਿਰ : ਧਰਤੀ ਮਾਂ ਦੀ ਕੁੱਖ ਹੋ ਰਹੀ ਬੰਜਰ, ਸਿਹਤ ‘ਤੇ ਵਧਦਾ ਖ਼ਤਰਾ : ਡਾ. ਕਲੇਰ
ਪਲਾਸਟਿਕ ਦਾ ਕਹਿਰ: ਧਰਤੀ ਮਾਂ ਦੀ ਕੁੱਖ ਹੋ ਰਹੀ ਬੰਜਰ, ਸਿਹਤ ‘ਤੇ ਵਧਦਾ ਖਤਰਾ : ਡਾ. ਕੁਲਦੀਪ ਕਲੇਰ
Publish Date: Wed, 29 Apr 2026 07:41 PM (IST)
Updated Date: Thu, 30 Apr 2026 04:14 AM (IST)

ਪਲਾਸਟਿਕ ਦੇ ਜ਼ਹਿਰੀਲੇ ਤੱਤਾਂ ਨਾਲ ਵਧ ਰਹੀਆਂ ਗੰਭੀਰ ਬਿਮਾਰੀਆਂ : ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਆਧੁਨਿਕ ਜੀਵਨ ਦੀ ਸਹੂਲਤ ਬਣ ਚੁੱਕਾ ਪਲਾਸਟਿਕ ਅੱਜ ਮਨੁੱਖਤਾ ਤੇ ਪ੍ਰਕ੍ਰਿਤੀ ਲਈ ਬਹੁਤ ਵੱਡਾ ਸੰਕਟ ਬਣਦਾ ਜਾ ਰਿਹਾ ਹੈ। ਮਾਹਿਰਾਂ ਦੇ ਅਨੁਸਾਰ ਪਲਾਸਟਿਕ ਦਾ ਵਧਦਾ ਪ੍ਰਯੋਗ ਧਰਤੀ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰ ਰਿਹਾ ਹੈ ਅਤੇ ਮਨੁੱਖੀ ਸਿਹਤ ਲਈ ਵੀ ਖਤਰਨਾਕ ਸਾਬਤ ਹੋ ਰਿਹਾ ਹੈ। ਡਾ. ਕੁਲਦੀਪ ਕਲੇਰ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਲਾਸਟਿਕ ਮੁੱਖ ਤੌਰ ‘ਤੇ ਪੈਟਰੋਲੀਅਮ ਅਤੇ ਪ੍ਰਾਕ੍ਰਿਤਿਕ ਗੈਸ ਤੋਂ ਤਿਆਰ ਹੁੰਦਾ ਹੈ। ਇਸਦੀ ਤਿਆਰੀ ਦੌਰਾਨ ਨਿਕਲਣ ਵਾਲੇ ਰਸਾਇਣਕ ਤੱਤ ਵਾਤਾਵਰਣ ਵਿੱਚ ਜ਼ਹਿਰ ਘੋਲਦੇ ਹਨ । ਉਨ੍ਹਾਂ ਕਿਹਾ ਕਿ ਪਲਾਸਟਿਕ ਸੈਂਕੜਿਆਂ ਸਾਲਾਂ ਤੱਕ ਖਤਮ ਨਹੀਂ ਹੁੰਦਾ ਹੈ, ਜਿਸ ਕਾਰਨ ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘਟਾਉਂਦਾ ਅਤੇ ਪਾਣੀ ਦੇ ਸਰੋਤਾਂ ਨੂੰ ਪ੍ਰਦੂਸ਼ਿਤ ਕਰਦਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਪਲਾਸਟਿਕ ਵਿੱਚ ਮੌਜੂਦ ਬਿਸਫੀਨੋਲ (ਬੀਪੀਏ) ਅਤੇ ਫਥਲੇਟਸ ਵਰਗੇ ਤੱਤ ਮਨੁੱਖੀ ਸਰੀਰ ਵਿੱਚ ਦਾਖਲ ਹੋ ਕੇ ਕੈਂਸਰ, ਹਾਰਮੋਨਲ ਅਸੰਤੁਲਨ, ਦਿਲ ਦੀਆਂ ਬਿਮਾਰੀਆਂ, ਬੱਚਿਆਂ ਵਿੱਚ ਵਿਕਾਸ ਸੰਬੰਧੀ ਸਮੱਸਿਆਵਾਂ, ਸ਼ੂਗਰ ਅਤੇ ਮੋਟਾਪੇ ਵਰਗੀਆਂ ਬਿਮਾਰੀਆਂ ਦਾ ਖਤਰਾ ਵਧਾਉਂਦੇ ਹਨ । ਡਾ. ਕਲੇਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਇਸ ਸਬੰਧੀ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਸੰਸਦ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਵੀ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਮਨੁੱਖਤਾ ਲਈ ਵੱਡਾ ਖਤਰਾ ਬਣ ਚੁੱਕਾ ਹੈ। ਪਲਾਸਟਿਕ ਸਾਡੀ ਸਹੂਲਤ ਲਈ ਬਣਾਇਆ ਗਿਆ ਸੀ ਪਰ ਅੱਜ ਇਹ ਸਾਡੀ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਲਾਸਟਿਕ ਦੀ ਵਰਤੋਂ ‘ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਵਾਤਾਵਰਣ ਪ੍ਰਾਪਤ ਕਰਨਾ ਮੁਸ਼ਕਿਲ ਹੋ ਜਾਵੇਗਾ। ਉਹਨਾਂ ਕਿਹਾ ਕਿ ਸਾਨੂੰ ਪਲਾਸਟਿਕ ਦੇ ਗਲਾਸਾਂ ਦੀ ਬਜਾਏ ਸਟੀਲ ਦੇ ਭਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਉਨ੍ਹਾਂ ਲੋਕਾਂ ਨੂੰ ਇਕ-ਵਾਰ ਵਰਤੇ ਜਾਣ ਵਾਲੇ ਪਲਾਸਟਿਕ ਤੋਂ ਦੂਰ ਰਹਿਣ ਅਤੇ ਕਪੜੇ ਦੇ ਥੈਲਿਆਂ ਦੀ ਵਰਤੋਂ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨਾਲ ਹੀ ਸਰਕਾਰ ਨੂੰ ਵੀ ਸਖ਼ਤ ਨਿਯਮ ਲਾਗੂ ਕਰਨ ਲਈ ਕਿਹਾ । ਸਟੇਟ ਅਵਾਰਡੀ ਵਿਦਵਾਨ ਸ੍ਰੀ ਰੌਸ਼ਨ ਖੈੜਾ ਨੇ ਵੀ ਕਿਹਾ ਕਿ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਲਈ ਰਹਿਣਯੋਗ ਨਹੀਂ ਰਹੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਲਾਸਟਿਕ ਦੀ ਆਸਾਨੀ ਅੱਜ ਸਾਡੇ ਲਈ ਵੱਡੀ ਮੁਸੀਬਤ ਬਣ ਰਹੀ ਹੈ ਤੇ ਇਸ ਤੋਂ ਬਚਣ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਇਸ ਮੌਕੇ ਰਣਜੀਤ ਸਿੰਘ ਥਿੰਦ ਉੱਘੇ ਕਿਸਾਨ ਵਾਸੀ ਪਿੰਡ ਬੂਲਪੁਰ ਨੇ ਪਲਾਸਟਿਕ ਦੇ ਵਧ ਰਹੇ ਇਸਤੇਮਾਲ ‘ਤੇ ਚਿੰਤਾ ਜਤਾਉਂਦਿਆਂ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਲਾਸਟਿਕ ਧਰਤੀ ਤੇ ਮਨੁੱਖੀ ਸਿਹਤ ਦੋਵਾਂ ਲਈ ਘਾਤਕ ਸਾਬਤ ਹੋ ਰਹੀ ਹੈ। ਖੇਤਾਂ ਵਿੱਚ ਪਲਾਸਟਿਕ ਦੇ ਕੂੜੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਅਤੇ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਥੈਲਿਆਂ ਤੇ ਇਕ-ਵਾਰ ਵਰਤੇ ਜਾਣ ਵਾਲੇ ਸਮਾਨ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਅਸੀਂ ਅੱਜ ਹੀ ਪਲਾਸਟਿਕ ਦੇ ਨੁਕਸਾਨਾਂ ਨੂੰ ਨਾ ਸਮਝਿਆ ਤਾਂ ਭਵਿੱਖ ਵਿੱਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਸਰਕਾਰ ਤੇ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਪਲਾਸਟਿਕ ਪ੍ਰਦੂਸ਼ਣ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ ਅਤੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਬਣਾਇਆ ਜਾ ਸਕੇ। ਇਸ ਮੌਕੇ ਮਾਹਿਰਾਂ ਨੇ ਲੋਕਾਂ ਨੂੰ ਸਾਂਝੀ ਅਪੀਲ ਕੀਤੀ ਹੈ ਕਿ ਛੋਟੇ-ਛੋਟੇ ਕਦਮਾਂ ਨਾਲ ਹੀ ਇਸ ਵੱਡੇ ਸੰਕਟ ਨੂੰ ਰੋਕਿਆ ਜਾ ਸਕਦਾ ਹੈ ਤੇ ਧਰਤੀ ਮਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ।