ਸਾਇੰਸ ਸਿਟੀ ’ਚ ਫੈਲੀ ਫ਼ੁੱਲਾਂ ਦੀ ਮਹਿਕ
ਸਾਇੰਸ ਸਿਟੀ ਵਿਚ ਫ਼ੁੱਲਾਂ ਦੀ ਮਹਿਕ
Publish Date: Sat, 28 Feb 2026 10:58 PM (IST)
Updated Date: Sat, 28 Feb 2026 10:58 PM (IST)

--ਸਾਇੰਸ ਸਿਟੀ ਵਿਖੇ ਫ਼ਲਾਵਰ ਸ਼ੋਅ ਦਾ ਆਯੋਜਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੌਜੀ (ਰਾਜ ਨੋਡਲ ਏਜੰਸੀ) ਨਾਲ ਮਿਲਕੇ ਸਾਂਝੇ ਤੌਰ ’ਤੇ ਫ਼ਲਾਵਰ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਲਾਈਫ਼ (ਐੱਲਆਈਐੱਫ਼ਈ) ਦੇ ਅਧੀਨ ਕੀਤਾ ਗਿਆ। ਇਸ ਸ਼ੋਅ ਦੌਰਾਨ ਤਾਜੇ ਫ਼ੁੱਲਾਂ ਨੂੰ ਸਜਾਉਣ, ਸੁੱਕੇ ਫ਼ੁੱਲਾਂ ਨੂੰ ਸੁਜਾਉਣ, ਰੰਗੋਲੀ ਤੇ ਗਮਲੇ ਵਾਲੇ ਪੌਦਿਆਂ ਦੀ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ ਗਏ। ਫ਼ਲਾਵਰ ਸ਼ੋਅ ਵਿਚ ਈਕੋ ਕਲੱਬ ਦੇ ਮੈਂਬਰਾਂ ਸਮੇਤ 500 ਤੋਂ ਵੱਧ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਬਾਗਵਾਨਾਂ ਨੇ ਭਾਗ ਲਿਆ ਤੇ ਆਮ ਲੋਕਾਂ ਨੇ ਕੁਦਰਤ ਦੇ ਵੱਖ-ਵੱਖ ਨਜ਼ਾਰਿਆਂ ਦਾ ਅਨੰਦ ਮਾਣਿਆ। ਫ਼ਲਾਵਾਰ ਸ਼ੋਅ ਵਿਚ ਹਿੱਸਾ ਲੈਣ ਵਾਲੇ ਬਾਗਵਾਨਾਂ ਵੱਲੋਂ ਗੇਂਦਾ, ਗੁੜਹਲ, ਕਮਲ ਗੁਲਾਬ ਤੇ ਬੋਗਨਵਿਲੀਆ ਆਦਿ ਫ਼ੁੱਲਾਂ ਦੀ ਨੁਮਾਇਸ਼ ਕੀਤੀ ਗਈ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਫ਼ਲਾਵਰ ਸ਼ੋਅ ਇਕ ਅਜਿਹਾ ਸ਼ੋਅ ਹੈ, ਜਿਸ ਦਾ ਉਦੇਸ਼ ਜਿਥੇ ਕੁਦਰਤ ਦੀ ਕਾਇਨਾਤ ਵਿਚ ਮੌਜੂਦਾ ਫ਼ੁੱਲਾਂ ਦੇ ਪੌਦਿਆਂ ਦੀ ਵਿਭਿੰਨਤਾ ਪ੍ਰਤੀ ਆਮ ਲੋਕਾਂ ਤੇ ਬਾਗਵਾਨਾਂ ਨੂੰ ਜਾਗਰੂਕ ਕਰਨਾ ਹੈ, ਉਥੇ ਹੀ ਆਪਣੇ ਰਹਿਣ ਬੇਸਰਿਆਂ ਤੇ ਸਮਾਜ ਵਿਚ ਵੱਧ ਤੋਂ ਵੱਧ ਫ਼ੁੱਲਦਾਰ ਪੌਦੇ ਲਗਾ ਕੇ ਆਪਣੇ ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ 18000 ਦੇ ਕਰੀਬ ਫ਼ੁੱਲਾਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦਾ ਹੈ ਜੋ ਕਿ ਦੁਨੀਆਂ ਦੇ ਫ਼ੁੱਲਾਂ ਦੀਆਂ ਪ੍ਰਜਾਤੀਆਂ ਦਾ 6-7 ਫ਼ੀਸਦ ਹਿੱਸਾ ਹਨ। ਫ਼ਲਾਵਰ ਸ਼ੋਅ ਦੇ ਦੌਰਾਨ ਸੁੱਕੇ ਫ਼ੁੱਲਾਂ ਨੂੰ ਸੁਜਾਉਣ ਦੀ ਆਮ ਲੋਕਾਂ ਦੀ ਕੈਟਾਗਿਰੀ ਵਿਚ ਪਹਿਲਾ ਸਥਾਨ ਕਪੂਰਥਲਾ ਦੇ ਬਲਜੀਤ ਸਿੰਘ ਨੇ ਹਾਸਲ ਕੀਤਾ ਜਦੋਂ ਕਿ ਵਿਦਿਆਰਥੀਆਂ ਦੀ ਕੈਟਾਗਿਰੀ ਵਿਚ ਸਰਕਾਰੀ ਸਕੂਲ ਸਿਧਵਾਂ ਦੋਨਾ ਦੀ ਭਾਵਨਾ ਗਿੱਲ ਦੀ ਝੰਡੀ ਰਹੀ। ਇਸੇ ਤਰ੍ਹਾਂ ਹੀ ਤਾਜੇ ਫ਼ੁੱਲਾਂ ਨੂੰ ਸੁਜਾਉਣ ਦੀ ਆਮ ਲੋਕਾਂ ਦੀ ਕੈਟਾਗਿਰੀ ਵਿਚ ਕਮਲਾ ਨਹਿਰੂ ਕਾਲਜ ਫ਼ਗਵਾੜਾ ਪਹਿਲੇ ਨੰਬਰ ’ਤੇ ਰਿਹਾ। ਵਿਦਿਆਰਥੀਆਂ ਦੀ ਕੈਟਾਗਿਰੀ ਵਿਚ ਸਰਕਾਰੀ ਹਾਈ ਸਕੂਲ ਹਮੀਰਾ ਦੀ ਵਿਦਿਆਰਥਣ ਸੁੱਖਪ੍ਰੀਤ ਨੇ ਪਹਿਲਾ ਸਥਾਨ ਹਾਸਲ ਕੀਤਾ। ਰੰਗੋਲੀ ਮੁਕਾਬਲੇ ਵਿਚ ਆਰਮੀ ਨਰਸਿੰਗ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ।