ਰੂਸ ਦੀ ਜੰਗ ਨੇ ਉਜਾੜਿਆ ਪੰਜਾਬੀ ਪਰਿਵਾਰ, 8 ਮਹੀਨਿਆਂ ਤੋਂ ਕਰ ਰਿਹਾ ਪੁੱਤ ਦੀ ਉਡੀਕ
ਰੂਸ ਦੀ ਜੰਗ ਨੇ ਉਜਾੜਿਆ ਪੰਜਾਬ ਦਾ ਘਰ, 8 ਮਹੀਨਿਆਂ ਤੋਂ ਪੁੱਤ ਦੀ ਉਡੀਕ ’ਚ ਪਰਿਵਾਰ
Publish Date: Fri, 22 May 2026 08:39 PM (IST)
Updated Date: Fri, 22 May 2026 08:40 PM (IST)

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੂੰ ਪੀੜਤ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ ਸਟੱਡੀ ਵੀਜ਼ੇ ’ਤੇ ਗਿਆ ਸੀ, ਹੁਣ ਜੰਗ ਦੇ ਹਨੇਰਿਆਂ ‘ਚ ਗੁੰਮ ਹੋਇਆ ਨੌਜਵਾਨ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੂਸ ਦੀ ਫੌਜ ਵਿਚੋਂ ਪਿਛਲੇ 8 ਮਹੀਨਿਆਂ ਤੋਂ ਲਾਪਤਾ ਨੌਜਵਾਨ ਦਾ ਪਤਾ ਲਗਾਉਣ ਲਈ ਕੇਂਦਰੀ ਵਿਦੇਸ਼ ਮੰਤਰੀ ਤੱਕ ਪਹੁੰਚ ਕੀਤੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਨਵਦੀਪ ਕੌਰ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਸ ਦਾ ਪਤੀ ਹੀਰਾ ਸਿੰਘ ਅਕਤੂਬਰ 2024 ਵਿਚ ਮਾਸਕੋ ਉਚੇਰੀ ਵਿਦਿਆ ਹਾਸਲ ਕਰਨ ਲਈ ਮਾਸਕੋ ਗਿਆ ਸੀ। ਉਥੇ ਅਗਸਤ 2025 ਵਿਚ ਰਸ਼ੀਅਨ ਫੌਜ ਵਿਚ ਭਰਤੀ ਹੋ ਗਿਆ ਸੀ। ਭਰਤੀ ਕਰਨ ਸਮੇਂ ਕਿਹਾ ਗਿਆ ਸੀ ਕਿ 14 ਲੱਖ ਰੁਪਏ ਤੁਰੰਤ ਉਨ੍ਹਾਂ ਦੇ ਖਾਤੇ ਵਿਚ ਚਲੇ ਜਾਣਗੇ ਤੇ ਹਰ ਮਹੀਨੇ ਢਾਈ ਲੱਖ ਰੁਪਏ ਤਨਖਾਹ ਮਿਲਿਆ ਕਰੇਗੀ। ਨਵਦੀਪ ਕੌਰ ਨੇ ਦੱਸਿਆ ਕਿ 15 ਦਿਨਾਂ ਦੀ ਫੌਜੀ ਟ੍ਰੇਨਿੰਗ ਤੋਂ ਬਾਅਦ ਉਸ ਦੇ ਪਤੀ ਹੀਰਾ ਸਿੰਘ ਨੂੰ ਜੰਗ ਵਿਚ ਭੇਜ ਦਿੱਤਾ ਗਿਆ ਸੀ ਜਦਕਿ ਉਸ ਦਾ ਪਤੀ ਮਾਨਸਿਕ ਤੌਰ ‘ਤੇ ਜੰਗ ਵਾਸਤੇ ਤਿਆਰ ਹੀ ਨਹੀਂ ਸੀ ਕਿਉਂਕਿ ਫੌਜ ਵਿਚ ਭਰਤੀ ਹੋਣ ਸਮੇਂ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਹੀਰਾ ਸਿੰਘ ਨੇ ਸਿਰਫ਼ ਫੌਜ ਨੂੰ ਖਾਣਾ ਪਹੁੰਚਾਉਣਾ ਹੈ ਤੇ ਫੌਜੀਆਂ ਵਾਸਤੇ ਬੰਕਰ ਪੁੱਟਣ ਦਾ ਕੰਮ ਹੀ ਕਰਨਾ ਹੈ। ਪੀੜਤ ਨਵਦੀਪ ਕੌਰ ਨੇ ਦਸਿਆ ਕਿ ਸਤੰਬਰ 2025 ਵਿਚ ਉਸ ਦੀ ਆਪਣੇ ਪਤੀ ਹੀਰਾ ਸਿੰਘ ਨਾਲ ਆਖਰੀ ਵਾਰ ਗੱਲ ਹੋਈ ਸੀ। ਹੁਣ 8 ਮਹੀਨੇ ਬੀਤ ਗਏ ਹਨ ਪਰ ਉਨ੍ਹਾਂ ਦੀ ਕੋਈ ਗੱਲ ਨਹੀਂ ਹੋ ਰਹੀ। ਨਵਦੀਪ ਕੌਰ ਦਾ 6 ਸਾਲ ਦਾ ਵੱਡਾ ਲੜਕਾ ਸੇਰੇਬ੍ਰਲ ਪਾਲਸੀ ਬਿਮਾਰੀ ਤੋਂ ਪੀੜਤ ਹੈ, ਜੋ ਬੱਚੇ ਦੀ ਗਤੀ, ਮਾਸਪੇਸ਼ੀਆਂ ਤੇ ਅਵਾਜ਼ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਮਰ ਦੇ ਵਧਣ ਨਾਲ ਦਿਮਾਗ ਵਿਚ ਨੁਕਸ ਵਧਣ ਲੱਗ ਪੈਂਦਾ ਹੈ। ਦੂਜੇ ਬੱਚੇ ਦੀ ਉਮਰ ਢਾਈ ਸਾਲ ਹੈ ਜਦ ਕਿ ਤੀਜੇ ਬੱਚੇ ਦੀ ਉਮਰ ਇਕ ਸਾਲ ਹੈ। ਦੋ ਬੱਚੇ ਬਹੁਤ ਛੋਟੇ ਹਨ ਤੇ ਜਦ ਕਿ ਵੱਡਾ ਲੜਕਾ ਨਾ ਬੋਲ ਸਕਦਾ ਹੈ, ਨਾ ਸੁਣ ਸਕਦਾ ਹੈ ਤੇ ਨਾ ਬੈਠ ਸਕਦਾ ਹੈ ਨਾ ਚੱਲ ਫਿਰ ਸਕਦਾ ਹੈ। ਬਾਕਸ ਸੰਤ ਸੀਚੇਵਾਲ ਨੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਵਦੀਪ ਕੌਰ ਨੂੰ ਦਿਲਾਸਾ ਦਿੱਤਾ ਕਿ ਰਸ਼ੀਅਨ ਫੌਜ ਵਿਚ ਲਾਪਤਾ ਹੋਏ ਉਸ ਦੇ ਪਤੀ ਦਾ ਪਤਾ ਲਗਵਾਉਣ ਲਈ ਉਹ ਵਿਦੇਸ਼ ਮੰਤਰੀ ਤੇ ਮਾਸਕੋ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨਗੇ। ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਬੀਮਾਰ ਬੱਚੇ ਦੇ ਇਲਾਜ ਦਾ ਪ੍ਰਬੰਧ ਕਰਵਾਇਆ ਜਾਵੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਛੋਟੇ ਬੱਚੇ ਜਿਥੋਂ ਤੱਕ ਵੀ ਪੜ੍ਹਨਾ ਚਾਹੁਣਗੇ, ਉਥੇ ਤੱਕ ਪੜ੍ਹਾਈ ਕਰਵਾਈ ਜਾਵੇਗੀ।