ਮੌਜੂਦਾ ਹਾਕਮਾਂ ਨੇ ਸੁਲਤਾਨਪੁਰ ਲੋਧੀ ਨੂੰ ਗੰਦਗੀ ਦਾ ਢੇਰ ਬਣਾ ਦਿੱਤਾ : ਇੰਦਰਜੀਤ ਜੋਸਨ
5 ਸਾਲ ਕੁਰਸੀਆਂ ਨਾਲ ਚਿੰਬੜੇ ਰਹੇ ਹਾਕਮਾਂ ਨੇ ਸੁਲਤਾਨਪੁਰ ਲੋਧੀ ਨੂੰ ਗੰਦਗੀ ਦਾ ਢੇਰ ਬਣਾ ਦਿੱਤਾ : ਇੰਦਰਜੀਤ ਜੋਸਨ
Publish Date: Thu, 21 May 2026 08:39 PM (IST)
Updated Date: Thu, 21 May 2026 08:40 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਦੇ ਆਗੂ ਇੰਦਰਜੀਤ ਸਿੰਘ ਜੋਸਨ ਨੇ ਸ਼ਹਿਰ ਦੀ ਬਦਤਰ ਹੋ ਚੁੱਕੀ ਸਫ਼ਾਈ ਪ੍ਰਣਾਲੀ ਤੇ ਨਗਰ ਕੌਂਸਲ ਦੀ ਨਾਕਾਮ ਕਾਰਗੁਜ਼ਾਰੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅੱਜ ਸੁਲਤਾਨਪੁਰ ਲੋਧੀ ਦੀ ਤਰਸਯੋਗ ਹਾਲਤ ਲਈ ਮੌਜੂਦਾ ਸਰਕਾਰ, ਹਲਕਾ ਇੰਚਾਰਜ, ਮੌਜੂਦਾ ਐੱਮਐੱਲਏ, ਨਗਰ ਕੌਂਸਲ ਦੇ ਪ੍ਰਧਾਨ ਤੇ ਸਾਰੇ ਮੌਜੂਦਾ ਕੌਂਸਲਰ ਕਥਿਤ ਤੌਰ ‘ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਸੁਲਤਾਨਪੁਰ ਲੋਧੀ ਸਫ਼ਾਈ ਪੱਖੋਂ ਪੰਜਾਬ ਦੇ ਚੋਟੀ ਦੇ ਸ਼ਹਿਰਾਂ ਵਿਚ ਗਿਣਿਆ ਜਾਂਦਾ ਸੀ ਤੇ ਚੌਥੇ ਸਥਾਨ ‘ਤੇ ਆਉਂਦਾ ਸੀ, ਪਰ ਅੱਜ ਇਹ ਪਵਿੱਤਰ ਸ਼ਹਿਰ 130ਵੇਂ ਸਥਾਨ ‘ਤੇ ਧੱਕ ਦਿੱਤਾ ਗਿਆ ਹੈ। ਸ਼ਹਿਰ ਦੇ ਹਰ ਵਾਰਡ ਵਿਚ ਕੂੜੇ ਦੇ ਢੇਰ, ਟੁੱਟੀਆਂ ਸੜਕਾਂ, ਧੂੜ ਮਿੱਟੀ, ਗੰਦਾ ਪਾਣੀ ਤੇ ਬਦਬੂ ਨੇ ਲੋਕਾਂ ਦਾ ਜੀਉਣਾ ਦੁਭਰ ਕਰ ਦਿੱਤਾ ਹੈ। ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਮੌਜੂਦਾ ਵਿਧਾਇਕ ਤੇ ਹਾਕਮ ਧਿਰ ਦੇ ਆਗੂਆਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਰਿਹਾ। ਪੰਜ ਸਾਲ ਲੋਕ ਗੰਦਗੀ, ਬਿਮਾਰੀਆਂ ਤੇ ਨਰਕ ਵਰਗੇ ਹਾਲਾਤਾਂ ਵਿਚ ਰਹਿੰਦੇ ਰਹੇ ਪਰ ਨਾ ਐੱਮਐੱਲਏ ਜਾਗਿਆ, ਨਾ ਪ੍ਰਧਾਨ ਤੇ ਨਾ ਹੀ ਕੌਂਸਲਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਸਾਰੇ ਕੌਂਸਲਰ ਪੰਜ ਸਾਲ ਸਿਰਫ ਕੁਰਸੀਆਂ ਦੀ ਰਾਜਨੀਤੀ ਕਰਦੇ ਰਹੇ, ਪਰ ਸ਼ਹਿਰ ਲਈ ਇਕ ਵੀ ਵੱਡਾ ਕੰਮ ਨਹੀਂ ਕਰਵਾ ਸਕੇ। ਨਾ ਸਮੇਂ ਸਿਰ ਕੂੜਾ ਚੁੱਕਿਆ ਗਿਆ, ਨਾ ਪਾਣੀ ਦਾ ਛਿੜਕਾਅ ਹੋਇਆ, ਨਾ ਸਰਕਾਰੀ ਬਾਥਰੂਮਾਂ ਦੀ ਸੰਭਾਲ ਕੀਤੀ ਗਈ ਤੇ ਨਾ ਹੀ ਸਫ਼ਾਈ ਪ੍ਰਬੰਧ ਸੁਧਾਰੇ ਗਏ। ਜੋਸਨ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਜਿਹੜੇ ਲੋਕ ਪੰਜ ਸਾਲਾਂ ਵਿਚ ਸੁਲਤਾਨਪੁਰ ਲੋਧੀ ਨੂੰ “ਸਮਾਰਟ ਸਿਟੀ” ਤਾਂ ਦੂਰ, ਇਕ ਸਾਫ਼ ਸ਼ਹਿਰ ਵੀ ਨਾ ਬਣਾ ਸਕੇ, ਉਹ ਹੁਣ ਲੋਕਾਂ ਕੋਲ ਵੋਟਾਂ ਮੰਗਣ ਲਈ ਕਿਹੜੇ ਮੂੰਹ ਨਾਲ ਜਾ ਰਹੇ ਹਨ। ਲੋਕ ਹੁਣ ਇਨ੍ਹਾਂ ਨਾਕਾਮ ਕੌਂਸਲਰਾਂ ਤੋਂ ਹਿਸਾਬ ਮੰਗ ਰਹੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਇਹ ਮੌਜੂਦਾ ਕੌਂਸਲਰ ਤੇ ਹਾਕਮ ਧਿਰ ਦੇ ਆਗੂ ਵੋਟਾਂ ਮੰਗਣ ਆਉਣ ਤਾਂ ਲੋਕ ਉਨ੍ਹਾਂ ਤੋਂ ਜ਼ਰੂਰ ਪੁੱਛਣ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਲਈ ਕੀ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਜੋਸਨ ਨੇ ਲੋਕਾਂ ਨੂੰ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਸ਼ਹਿਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਬਣਦੀ ਹੈ ਤਾਂ ਸੁਲਤਾਨਪੁਰ ਲੋਧੀ ਨੂੰ ਮੁੜ ਸਾਫ਼-ਸੁਥਰਾ, ਵਿਕਸਤ ਤੇ ਮਿਸਾਲੀ ਸ਼ਹਿਰ ਬਣਾਇਆ ਜਾਵੇਗਾ।