ਅੰਮ੍ਰਿਤ ਬਾਜ਼ਾਰ ਜਾਣ ਵਾਲੇ ਰਸਤੇ ਨੂੰ ਕੀਤਾ ਵਨ-ਵੇ
ਅੰਮ੍ਰਿਤ ਬਾਜ਼ਾਰ ਜਾਣ ਵਾਲੇ ਰਸਤੇ ਨੂੰ ਕੀਤਾ ਵਨ-ਵੇ, ਟ੍ਰੈਫਿਕ ਪੁਲਿਸ ਵੱਲੋਂ ਪਾਇਲਟ ਪ੍ਰੋਜੈਕਟ ਸ਼ੁਰੂ
Publish Date: Thu, 07 May 2026 09:28 PM (IST)
Updated Date: Thu, 07 May 2026 09:29 PM (IST)

ਟ੍ਰੈਫਿਕ ਪੁਲਿਸ ਵੱਲੋਂ ਪਾਇਲਟ ਪ੍ਰੋਜੈਕਟ ਸ਼ੁਰੂ ਅਮਰੀਕ ਮੱਲ੍ਹੀ\ਸੁਖਪਾਲ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਵਿਚ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਵੀਰਵਾਰ ਨੂੰ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੇ ਮੇਨ ਸਦਰ ਬਾਜ਼ਾਰ ਵਿਚ ਟ੍ਰੈਫਿਕ ਸਮੱਸਿਆ ਖ਼ਤਮ ਕਰਨ ਲਈ ਅੰਮ੍ਰਿਤ ਬਾਜ਼ਾਰ ਇਲਾਕੇ ਵਿਚ ਪਾਇਲਟ ਪ੍ਰੋਜੈਕਟ ਸ਼ੁਰੂ ਕਰਦਿਆਂ ਰਸਤੇ ਨੂੰ ਵਨ-ਵੇ ਕਰ ਦਿੱਤਾ। ਇਸ ਫੈਸਲੇ ਨਾਲ ਦੁਕਾਨਦਾਰਾਂ, ਰਾਹਗੀਰਾਂ ਤੇ ਗਾਹਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲਣ ਦੀ ਉਮੀਦ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਨੇ ਮੇਨ ਸਦਰ ਬਾਜ਼ਾਰ ਵਿਚ ਜਾਮ ਦੀ ਸਮੱਸਿਆ ਨੂੰ ਖਤਮ ਕਰਨ ਲਈ ਬਾਜ਼ਾਰ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਭਾਰੀ ਵਾਹਨਾਂ, ਚਾਰ ਪਹੀਆ ਵਾਹਨਾਂ, ਆਟੋ ਰਿਕਸ਼ਾ, ਈ-ਰਿਕਸ਼ਾ ਤੇ ਛੋਟਾ ਹਾਥੀ ਟੈਂਪੂ ਆਦਿ ਦੇ ਦਾਖਲੇ ’ਤੇ ਪਾਬੰਦੀ ਲਗਾਈ ਸੀ। ਪੁਲਿਸ ਦਾ ਮੰਨਣਾ ਸੀ ਕਿ ਇਨ੍ਹਾਂ ਵਾਹਨਾਂ ਕਾਰਨ ਹੀ ਬਾਜ਼ਾਰ ਵਿਚ ਜ਼ਿਆਦਾਤਰ ਜਾਮ ਦੀ ਸਥਿਤੀ ਬਣਦੀ ਸੀ। ਹਾਲ ਹੀ ਵਿਚ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਸਹਾਇਕ ਕਮਿਸ਼ਨਰ (ਜਨਰਲ) ਦੀ ਅਗਵਾਈ ਹੇਠ ਮੀਟਿੰਗ ਹੋਈ ਸੀ, ਜਿਸ ਵਿਚ ਦੁਕਾਨਦਾਰਾਂ ਨੇ ਅੰਮ੍ਰਿਤ ਬਾਜ਼ਾਰ ਵਿਚ ਹਰ ਵੇਲੇ ਰਹਿੰਦੇ ਟ੍ਰੈਫਿਕ ਜਾਮ ਦੀ ਸਮੱਸਿਆ ਉਠਾਈ ਸੀ। ਇਸੇ ਸਮੱਸਿਆ ਦੇ ਹੱਲ ਲਈ ਟ੍ਰੈਫਿਕ ਪੁਲਿਸ ਨੇ ਇਹ ਨਵਾਂ ਪ੍ਰਯੋਗ ਸ਼ੁਰੂ ਕੀਤਾ ਹੈ। ਟ੍ਰੈਫਿਕ ਇੰਚਾਰਜ ਰੇਸ਼ਮ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਟ੍ਰੈਫਿਕ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਥੇ ਸਭ ਤੋਂ ਵੱਧ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ, ਉਥੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਜਾਮ ਦੀ ਸਥਿਤੀ ਨਾ ਬਣੇ। ਉਨ੍ਹਾਂ ਕਿਹਾ ਕਿ ਕਿਸੇ ਵੀ ਬਾਜ਼ਾਰ ਜਾਂ ਸੜਕ ’ਤੇ ਜਾਮ ਦੀ ਸੂਚਨਾ ਮਿਲਦੇ ਹੀ ਤੁਰੰਤ ਟ੍ਰੈਫਿਕ ਸਟਾਫ ਭੇਜ ਕੇ ਸਥਿਤੀ ਨੂੰ ਕਾਬੂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਸਦਰ ਬਾਜ਼ਾਰ, ਜਲੌਖਾਨਾ ਚੌਂਕ, ਬਾਨੀਆ ਬਾਜ਼ਾਰ ਤੇ ਸੁਭਾਸ਼ ਚੌਂਕ ਵਾਲੇ ਪਾਸੇ ਤੋਂ ਵਾਹਨ ਚਾਲਕ ਸਿੱਧੇ ਅੰਮ੍ਰਿਤ ਬਾਜ਼ਾਰ ਨਹੀਂ ਜਾ ਸਕਣਗੇ। ਉਨ੍ਹਾਂ ਨੂੰ ਕਸਾਬਾ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ ਤੇ ਮੱਛੀ ਚੌਂਕ ਦੇ ਰਸਤੇ ਰਾਹੀਂ ਅੰਮ੍ਰਿਤ ਬਾਜ਼ਾਰ ਜਾਣਾ ਪਵੇਗਾ, ਜਦਕਿ ਮਾਰਕਫੈੱਡ ਰੋਡ, ਕੋਟੂ ਚੌਂਕ, ਖਜ਼ਾਨਚੀਆਂ ਮੁਹੱਲਾ ਤੇ ਕਸਾਬਾ ਮੁਹੱਲਾ ਦੇ ਲੋਕ ਅੰਮ੍ਰਿਤ ਬਾਜ਼ਾਰ ਰਾਹੀਂ ਮੇਨ ਸਦਰ ਬਾਜ਼ਾਰ ਵੱਲ ਆ ਸਕਣਗੇ, ਪਰ ਦੂਜੇ ਪਾਸੇ ਤੋਂ ਦਾਖ਼ਲ ਨਹੀਂ ਹੋ ਸਕਣਗੇ। ਇਸ ਮੌਕੇ ਟ੍ਰੈਫਿਕ ਏਐੱਸਆਈ ਦਿਲਬਾਗ ਸਿੰਘ ਟਾਂਡੀ, ਏਐੱਸਆਈ ਬਲਵਿੰਦਰ ਸਿੰਘ, ਪੀਸੀਆਰ ਏਐੱਸਆਈ ਪਰਮਜੀਤ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀ ਮੌਜੂਦ ਸਨ।