ਥਾਣਾ ਤਿੱਬੜ ਵਿਖੇ ਦਿੱਤੇ ਜਾਣ ਵਾਲਾ ਧਰਨਾ ਪ੍ਰਸਾਸ਼ਨ ਦੀ ਸੂਝ-ਬੂਝ ਨਾਲ ਸੁਲਝਿਆ
ਪੰਜਾਬ ਕ੍ਰਿਸਚਿਨ ਫੈਲੋਸ਼ਿਪ ਵਲੋਂ ਥਾਣਾ ਤਿੱਬੜ ਵਿਖੇ ਦਿੱਤੇ ਜਾਣ ਵਾਲਾ ਧਰਨਾ ਪ੍ਰਸਾਸ਼ਨ ਦੀ ਸੂਝਬੂਝ ਨਾਲ ਸੁਲਝਿਆ-ਪੀਟਰ ਚੀਦਾ
Publish Date: Tue, 24 Feb 2026 09:59 PM (IST)
Updated Date: Tue, 24 Feb 2026 10:01 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਵੱਲੋਂ ਈਸਾਈ ਸਮਾਜ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਾ ਕਰਦੇ ਹੋਏ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਸੂਬਾਈ ਚੇਅਰਮੈਨ ਪੀਟਰ ਚੀਦਾ ਦੀ ਅਗਵਾਈ ਹੇਠ ਪਿਛਲੇ ਦਿਨੀਂ ਪਿੰਡ ਭੰਗਵਾਂ ਥਾਣਾ ਤਿੱਬੜ ਵਿਖੇ ਇਕ ਈਸਾਈ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਵਾਲਿਆਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਦਿੱਤਾ ਜਾਣ ਵਾਲਾ ਧਰਨਾ ਸਮਾਂ ਰਹਿੰਦਿਆਂ, ਬਿਨਾਂ ਕਿਸੇ ਸ਼ੋਰ-ਸ਼ਰਾਬੇ ਤੇ ਦਰੀਆਂ ਵਿਛਾ ਕੇ ਬੈਠਣ ਵਾਲੀ ਰਾਜਨੀਤੀ ਤੋਂ ਬਚਦਿਆਂ, ਸੂਝ-ਬੂਝ ਤੇ ਦੂਰਅੰਦੇਸ਼ੀ ਨਾਲ ਮੁਲਜ਼ਮਾਂ ਖ਼ਿਲਾਫ਼ ਧਾਰਾਵਾਂ ਵਿਚ ਵਾਧਾ ਕਰਵਾ ਕੇ ਟਾਲ ਦਿੱਤਾ ਗਿਆ। ਇਸ ਲਈ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੀ ਪੂਰੀ ਟੀਮ ਦਿਲੋਂ ਵਧਾਈ ਦੀ ਹੱਕਦਾਰ ਹੈ। ਖ਼ਾਸ ਕਰਕੇ ਉਹ ਸਾਰੇ ਅਹੁਦੇਦਾਰ ਤੇ ਅਗਵਾਈ ਕਰ ਰਹੇ ਸਾਥੀ, ਜਿਨ੍ਹਾਂ ਨੇ ਹੌਸਲੇ ਤੇ ਅਕਲਮੰਦੀ ਨਾਲ ਇਹ ਮਸਲਾ ਅੱਗੇ ਵਧਾਇਆ ਸੱਚਮੁੱਚ ਉਹ ਕੌਮ ਦੀ ਸ਼ਾਨ ਹਨ। ਇਸ ਦੌਰਾਨ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਸੂਬਾਈ ਚੇਅਰਮੈਨ ਪੀਟਰ ਚੀਦਾ ਨੇ ਕਿਹਾ ਕਿ ਹੁਣ ਉਹ ਲੋਕ ਜਿਹੜੇ ਧਰਨੇ ਮੁਜ਼ਾਹਰੇ ਬਾਰੇ ਕਿੰਤੂ-ਪਰੰਤੂ ਕਰ ਰਹੇ ਸਨ ਕਹਿੰਦੇ ਸਨ ਧਰਨਾ ਨਹੀਂ ਲੱਗਾ, ਬੈਠਕ ਨਹੀਂ ਹੋਈ, ਦਰੀਆਂ ਨਹੀਂ ਵਿਛੀਆਂ, ਉਹ ਪਹਿਲਾਂ ਆਪਣੇ ਗਿਰੇਬਾਨ ਵਿਚ ਝਾਤ ਮਾਰਣ। ਕੀ ਹਰ ਮਸਲੇ ਦਾ ਹੱਲ ਸਿਰਫ਼ ਦਰੀਆਂ ਵਿਛਾ ਕੇ ਹੀ ਹੁੰਦਾ ਹੈ? ਕੀ ਸਿਆਣਪ, ਰਣਨੀਤੀ, ਇੱਕਜੁਟਤਾ ਤੇ ਸਮੇਂ-ਸਿਰ ਦਬਾਅ ਬਣਾਉਣਾ ਕੋਈ ਮਾਇਨੇ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਸੱਚ ਇਹ ਹੈ ਕਿ ਬਿਨਾਂ ਧਰਨੇ ਮੁਜ਼ਾਹਰੇ ਦੇ ਹੀ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਆਗੂਆਂ ਨੇ ਆਪਣੀ ਸਮਝਦਾਰੀ, ਸੂਝ-ਬੂਝ ਤੇ ਪੱਕੇ ਇਰਾਦੇ ਨਾਲ ਇਹ ਮਸਲਾ ਅੱਗੇ ਵਧਾਇਆ ਤੇ ਮੁਲਜ਼ਮਾਂ ਖ਼ਿਲਾਫ਼ ਧਾਰਾਵਾਂ ਵਿਚ ਵਾਧਾ ਕਰਵਾ ਕੇ ਸਾਬਤ ਕਰ ਦਿੱਤਾ ਕਿ ਕੰਮ ਨਤੀਜਿਆਂ ਨਾਲ ਬੋਲਦਾ ਹੈ, ਨਾ ਕਿ ਖਾਲੀ ਨਾਅਰਿਆਂ ਨਾਲ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਿਰਫ਼ ਤਨਕ਼ੀਦ ਕਰਨ ਵਿਚ ਮਾਹਿਰ ਹਨ, ਉਹ ਇਹ ਵੀ ਦੱਸਣ ਕਿ ਹੁਣ ਤੱਕ ਕੌਮੀ ਮਸਲਿਆਂ ਲਈ ਉਨ੍ਹਾਂ ਨੇ ਕੀ ਕਦਮ ਚੁੱਕੇ ਹਨ, ਕਿੰਨੇ ਮਸਲੇ ਹੱਲ ਕਰਵਾਏ ਹਨ। ਪੀਟਰ ਚੀਦਾ ਨੇ ਕਿਹਾ ਕਿ ਧਾਰਾਵਾਂ ਵਿਚ ਵਾਧਾ ਹੋ ਚੁੱਕਾ ਹੈ, ਇਹ ਸਾਡੀ ਪਹਿਲੀ ਜਿੱਤ ਹੈ ਤੇ ਯਕੀਨ ਰੱਖੋ ਆਉਣ ਵਾਲੇ ਦਿਨਾਂ ਵਿਚ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋ ਕੇ ਰਹੇਗੀ। ਇਸ ਮੌਕੇ ਪੰਜਾਬ ਕ੍ਰਿਸਚਿਨ ਫੈਲੋਸ਼ਿਪ ਮਹਿਲਾ ਵਿੰਗ ਸੂਬਾਈ ਪ੍ਰਧਾਨ ਐਡਵੋਕੇਟ ਪ੍ਰਵੀਨ ਭੱਟੀ, ਸੂਬਾਈ ਜਰਨਲ ਸਕੱਤਰ ਡੈਨੀਅਲ ਸਿੱਧੂ, ਸੂਬਾਈ ਮੀਤ ਪ੍ਰਧਾਨ ਇਲਿਆਸ ਮਸੀਹ ਸਿੱਧੂ, ਜ਼ਿਲ੍ਹਾ ਪ੍ਰਧਾਨ ਵਾਰਸ ਮਸੀਹ, ਜ਼ਿਲ੍ਹਾ ਮੀਤ ਪ੍ਰਧਾਨ ਵਿਕਟਰ ਮਸੀਹ, ਮੁੱਖ ਸਲਾਹਕਾਰ ਪੰਜਾਬ ਮਨਜੂਰ ਮਸੀਹ, ਜ਼ਿਲ੍ਹਾ ਮੀਤ ਪ੍ਰਧਾਨ, ਸੰਦੀਪ ਮਸੀਹ ਰਵਾਲ, ਸਕੱਤਰ ਸੁਰਜੀਤ ਕੁਮਾਰ, ਸਕੱਤਰ ਸੰਨੀ ਮਸੀਹ, ਜ਼ਿਲ੍ਹਾ ਮੀਤ ਪ੍ਰਧਾਨ ਵਜ਼ੀਰ ਮਸੀਹ, ਸਕੱਤਰ ਰਾਜੇਸ਼ ਮਸੀਹ, ਸਕੱਤਰ ਦਲਬੀਰ ਮਸੀਹ, ਮੀਤ ਪ੍ਰਧਾਨ ਪੰਜਾਬ ਸੁਖਦੇਵ ਪਹਾੜੀਪੁਰ, ਸ਼ਹਿਰੀ ਪ੍ਰਧਾਨ ਕਪੂਰਥਲਾ ਦਲਵੀਰ ਪੱਡਾ, ਪ੍ਰਧਾਨ ਕਪੂਰਥਲਾ ਜਸਵਿੰਦਰ ਬਿੱਟਾ, ਪਾਸਟਰ ਮਲੂਕ, ਮੀਤ ਪ੍ਰਧਾਨ ਕਪੂਰਥਲਾ ਸੋਨੂੰ ਆਦਿ ਹਾਜ਼ਰ ਸਨ।