ਵਾਰਡ ਕੈਟਾਗਰੀਆਂ ‘ਚ ਸੰਭਾਵਿਤ ਬਦਲਾਅ ਦੇ ਆਸਾਰ ਨੇ ਵਧਾਇਆ ਸਿਆਸੀ ਪਾਰਾ

- ਰਿਜ਼ਰਵੇਸ਼ਨ ਲਿਸਟ ’ਚ ਬਦਲਾਅ ਦੇ ਸੰਕੇਤਾਂ ਕਾਰਣ ਉਮੀਦਵਾਰਾਂ ’ਚ ਦੁਚਿੱਤੀ ਦੀ ਸਥਿਤੀ
- ਪੁਰਾਣੀ ਵਾਰਡਬੰਦੀ ’ਚ ਬਦਲਾਅ ਨਹੀਂ ਪਰ ਸੱਤਾ ਧਿਰ ਕੈਟਾਗਰੀ ਤਬਦੀਲ ਕਰਵਾਉਣ ਲਈ ਸਰਗਰਮ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ
ਕਪੂਰਥਲਾ : ਨਗਰ ਨਿਗਮ ਕਪੂਰਥਲਾ ਦੀਆਂ ਚੋਣਾਂ ਇਸ ਵਾਰ ਸਿਰਫ ਵੋਟਾਂ ਦੀ ਲੜਾਈ ਹੀ ਨਹੀਂ, ਸਗੋਂ ਵਾਰਡਾਂ ਦੀ ਕੈਟਾਗਰੀ, ਰਾਜਨੀਤਕ ਰਣਨੀਤੀਆਂ ਅਤੇ ਨਵੇਂ-ਪੁਰਾਣੇ ਚਿਹਰਿਆਂ ਦੀ ਟੱਕਰ ਦਾ ਕੇਂਦਰ ਬਣਨ ਜਾ ਰਹੀਆਂ ਹਨ। ਬੇਸ਼ੱਕ ਇਸ ਵਾਰ ਚੋਣਾਂ ਪੁਰਾਣੀ ਵਾਰਡਬੰਦੀ ਅਨੁਸਾਰ ਹੀ ਹੋਣਗੀਆਂ ਪਰ ਵਾਰਡਾਂ ਦੀ ਕੈਟਾਗਰੀ (ਰਿਜ਼ਰਵੇਸ਼ਨ) ਵਿੱਚ ਵੱਡੇ ਪੱਧਰ ’ਤੇ ਤਬਦੀਲੀਆਂ ਦੀ ਸੰਭਾਵਨਾ ਨੇ ਸਿਆਸੀ ਮਾਹੌਲ ਨੂੰ ਹੋਰ ਵੀ ਗਰਮਾ ਦਿੱਤਾ ਹੈ। ਨਿਗਮ ਦੇ ਕੁੱਲ 50 ਵਾਰਡ ਹਨ, ਜਿਨ੍ਹਾਂ ਨੂੰ ਪਿਛਲੀਆਂ ਚੋਣਾਂ ਦੌਰਾਨ ਜਨਰਲ, ਮਹਿਲਾ, ਐੱਸਸੀ ਅਤੇ ਬੀਸੀ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ। ਲੇਕਿਨ ਇਸ ਵਾਰ ਇਹ ਸੰਕੇਤ ਮਿਲ ਰਹੇ ਹਨ ਕਿ ਕਈ ਵਾਰਡਾਂ ਦੀਆਂ ਕੈਟਾਗਰੀਆਂ ਵਿੱਚ ਫੇਰ ਬਦਲਾਅ ਕੀਤਾ ਜਾ ਸਕਦਾ ਹੈ। ਇਸ ਸਬੰਧੀ ਸੱਤਾ ਧਿਰ ਵੱਲੋਂ ਅੰਦਰੂਨੀ ਪੱਧਰ ’ਤੇ ਲਗਾਤਾਰ ਖੁੰਡ ਚਰਚਾ ਅਤੇ ਯੋਜਨਾਬੰਦੀ ਕੀਤੀ ਜਾ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਵਾਰਡਾਂ ਦੀ ਕੈਟਾਗਰੀ ਵਿੱਚ ਵੱਡਾ ਬਦਲਾਅ ਹੁੰਦਾ ਹੈ ਤਾਂ ਇਸ ਨਾਲ ਚੋਣ ਨਤੀਜਿਆਂ ’ਤੇ ਡੂੰਘਾ ਅਸਰ ਪੈ ਸਕਦਾ ਹੈ। ਪਿਛਲੀਆਂ ਨਿਗਮ ਚੋਣਾਂ ਦੌਰਾਨ 50 ਵਾਰਡਾਂ ਦੀ ਕੈਟਾਗਰੀ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡੀ ਗਈ ਸੀ। ਉਸ ਸਮੇਂ 20 ਵਾਰਡ ਇਸਤਰੀ ਮੈਂਬਰਾਂ ਲਈ ਰਾਖਵੇਂ ਰੱਖੇ ਗਏ ਸਨ, ਜਦਕਿ 17 ਵਾਰਡ ਜਨਰਲ ਸ਼੍ਰੇਣੀ ਵਿੱਚ ਸ਼ਾਮਲ ਸਨ। ਪੱਛੜੀਆਂ ਸ਼੍ਰੇਣੀਆਂ (ਬੀਸੀ) ਲਈ ਸਿਰਫ 2 ਵਾਰਡ ਨੰਬਰ 20 ਅਤੇ 36 ਨਿਰਧਾਰਤ ਕੀਤੇ ਗਏ ਸਨ।
ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਕੁੱਲ 6 ਵਾਰਡ ਰਾਖਵੇਂ ਸਨ, ਜਿਨ੍ਹਾਂ ਵਿੱਚ ਵਾਰਡ ਨੰਬਰ 32, 34, 40, 42, 46 ਅਤੇ 48 ਸ਼ਾਮਿਲ ਸਨ। ਅਨੁਸੂਚਿਤ ਜਾਤੀ ਦੀਆਂ ਇਸਤਰੀਆਂ ਲਈ 5 ਵਾਰਡ 35, 41, 43, 45 ਅਤੇ 47 ਰਾਖਵੇਂ ਰੱਖੇ ਗਏ ਸਨ। ਹੋਰ ਵਾਰਡਾਂ ਵਿੱਚੋਂ ਜਿਹੜੇ ਜੋੜੇ ਨੰਬਰ ਵਾਲੇ ਸਨ, ਉਹ ਜਨਰਲ ਵਿੱਚ ਗਿਣੇ ਜਾਂਦੇ ਸਨ, ਜਦਕਿ ਬਾਕੀ ਇਸਤਰੀਆਂ ਲਈ ਰਾਖਵੇਂ ਰਹਿੰਦੇ ਸਨ। ਇਸ ਵਾਰ ਇਹੀ ਪੁਰਾਣੀ ਕੈਟਾਗਰੀ ਸੂਚੀ ਚਰਚਾ ਦਾ ਕੇਂਦਰ ਬਣੀ ਹੋਈ ਹੈ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਰੋਟੇਸ਼ਨ ਪ੍ਰਣਾਲੀ ਦੇ ਤਹਿਤ ਇਸ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਈ ਵਾਰਡਾਂ ਦੀ ਰਾਜਨੀਤਿਕ ਤਸਵੀਰ ਪੂਰੀ ਤਰ੍ਹਾਂ ਬਦਲ ਸਕਦੀ ਹੈ। ਕਈ ਵਾਰਡਾਂ ਵਿੱਚ ਪਿਛਲੀਆਂ ਚੋਣਾਂ ਵਿੱਚ ਮਜ਼ਬੂਤ ਰਹੇ ਉਮੀਦਵਾਰਾਂ ਲਈ ਇਸ ਵਾਰ ਸਥਿਤੀ ਪੂਰੀ ਤਰ੍ਹਾਂ ਬਦਲ ਸਕਦੀ ਹੈ। ਸੰਭਾਵਿਤ ਉਮੀਦਵਾਰਾਂ ਦੀ ਚੋਣ ਵੀ ਕੈਟਾਗਰੀ ਦੇ ਫੈਸਲੇ ’ਤੇ ਨਿਰਭਰ ਕਰ ਰਹੀ ਹੈ। ਕਈ ਥਾਵਾਂ ’ਤੇ ਪੁਰਾਣੇ ਕੌਂਸਲਰਾਂ ਦੀ ਟਿਕਟ ਵੀ ਵਾਰਡ ਰਿਜ਼ਰਵੇਸ਼ਨ ਦੇ ਬਦਲਾਅ ਨਾਲ ਖਤਰੇ ਵਿੱਚ ਪੈ ਸਕਦੀ ਹੈ। ਇਸ ਕਾਰਨ ਕਈ ਉਮੀਦਵਾਰ ਅਜੇ ਵੀ ਦੁੱਚਿਤੀ ਵਿੱਚ ਹਨ ਅਤੇ ਖੁੱਲ੍ਹ ਕੇ ਆਪਣੀ ਚੋਣ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਤੋਂ ਝਿਜਕ ਰਹੇ ਹਨ। ਜਿਹਨਾਂ ਵਾਰਡਾਂ ਦੀ ਕੈਟਾਗਰੀ ’ਚ ਬਦਲਾਅ ਹੋਵੇਗਾ, ਉਹਨਾਂ ਦੇ ਸੰਭਾਵਿਤ ਉਮੀਦਵਾਰਾਂ ਦੀ ਸਥਿਤੀ ਕਾਫੀ ਹਾਸੋਹੀਣੀ ਹੋ ਜਾਵੇਗੀ ਅਤੇ ਪਿਛਲੇ ਸਾਲਾ ਦੌਰਾਨ ਆਪਣੀ ਵਾਰਡ ’ਚ ਕਰਵਾਏ ਗਏ ਵੱਖ ਵੱਖ ਕਾਰਜ ’ਤੇ ਮਿਲਵਰਤਣ ਉੱਪਰ ਪਾਣੀ ਫਿਰ ਜਾਵੇਗਾ।
ਦੂਜੇ ਪਾਸੇ, ਸ਼ਹਿਰ ਦੇ ਵਾਸੀਆਂ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਚਰਚਾ ਤੇ ਚਿੰਤਾ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਵਾਰਡਾਂ ਦੀ ਕੈਟਾਗਰੀ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਅਤੇ ਇਹ ਪ੍ਰਕਿਰਿਆ ਸਮੇਂ ਸਿਰ ਪੂਰੀ ਕੀਤੀ ਜਾਵੇ ਤਾਂ ਜੋ ਚੋਣ ਤਿਆਰੀਆਂ ਵਿੱਚ ਕੋਈ ਰੁਕਾਵਟ ਨਾ ਆਵੇ। ਕਈ ਸਮਾਜਿਕ ਸੰਗਠਨਾਂ ਨੇ ਵੀ ਇਸ ਮਾਮਲੇ ਵਿੱਚ ਸਪੱਸ਼ਟਤਾ ਦੀ ਮੰਗ ਕੀਤੀ ਹੈ। ਓਧਰ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਅੰਦਰੂਨੀ ਸਰਵੇ ਕਰਵਾਏ ਜਾ ਰਹੇ ਹਨ ਅਤੇ ਸੰਭਾਵਿਤ ਉਮੀਦਵਾਰਾਂ ਦੀ ਚੋਣ ਵਾਰਡਾਂ ਦੀ ਅੰਤਿਮ ਕੈਟਾਗਰੀ ’ਤੇ ਨਿਰਭਰ ਕਰ ਰਹੀ ਹੈ। ਕਈ ਥਾਵਾਂ ’ਤੇ ਪੁਰਾਣੇ ਕੌਂਸਲਰਾਂ ਦੀ ਟਿਕਟ ਵੀ ਖਤਰੇ ਵਿੱਚ ਦਿਖਾਈ ਦੇ ਰਹੀ ਹੈ, ਜਿਸ ਨਾਲ ਸਿਆਸੀ ਹਲਚਲ ਹੋਰ ਤੇਜ਼ ਹੋ ਗਈ ਹੈ। ਇਸ ਤੋਂ ਇਲਾਵਾ ਕੁਝ ਹਲਕਿਆਂ ਵਿੱਚ ਨਵੇਂ ਚਿਹਰੇ ਵੀ ਚੋਣ ਮੈਦਾਨ ਵਿੱਚ ਆਉਣ ਦੀ ਤਿਆਰੀ ਕਰ ਰਹੇ ਹਨ, ਪਰ ਉਹ ਵੀ ਕੈਟਾਗਰੀ ਸਪੱਸ਼ਟ ਹੋਣ ਦੀ ਉਡੀਕ ਕਰ ਰਹੇ ਹਨ। ਜੇਕਰ ਕਿਸੇ ਵਾਰਡ ਨੂੰ ਮਹਿਲਾ ਜਾਂ ਰਿਜ਼ਰਵ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਤਾਂ ਉਥੇ ਦੇ ਮੌਜੂਦਾ ਰਾਜਨੀਤਿਕ ਸਮੀਕਰਨ ਪੂਰੀ ਤਰ੍ਹਾਂ ਬਦਲ ਸਕਦੇ ਹਨ। ਇਸ ਸਾਰੀ ਸਥਿਤੀ ਵਿੱਚ ਚੋਣ ਕਮਿਸ਼ਨ ਅਤੇ ਸਰਕਾਰ ਵੱਲੋਂ ਜਲਦ ਸਪੱਸ਼ਟਤਾ ਲਿਆਂਦੀ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।
ਜਿਵੇਂ ਹੀ ਵਾਰਡਾਂ ਦੀ ਅੰਤਿਮ ਕੈਟਾਗਰੀ ਜਾਰੀ ਹੋਵੇਗੀ, ਨਗਰ ਨਿਗਮ ਚੋਣਾਂ ਦਾ ਮਾਹੌਲ ਹੋਰ ਵੀ ਜ਼ਿਆਦਾ ਤਿੱਖਾ ਹੋਣ ਦੀ ਸੰਭਾਵਨਾ ਹੈ ਅਤੇ ਉਸ ਵਕਤ ਵੱਖ ਵੱਖ ਦਲਾਂ ਦੇ ਉਮੀਦਵਾਰ ਵੀ ਖੁੱਲ੍ਹ ਕੇ ਮੈਦਾਨ ਵਿੱਚ ਉਤਰਣਗੇ। ਕੁੱਲ ਮਿਲਾ ਕੇ, ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਇਸ ਵਾਰ ਸਿਰਫ ਪਾਰਟੀਆ ਦੀ ਲੜਾਈ ਹੀ ਨਹੀਂ, ਸਗੋਂ ਵਾਰਡਾਂ ਦੀ ਕੈਟਾਗਰੀ ਅਤੇ ਸਿਆਸੀ ਸਮੀਕਰਨਾਂ ਦੀ ਵੀ ਕਸੌਟੀ ਬਣਨ ਜਾ ਰਹੀਆਂ ਹਨ। ਇਸ ਸਾਰੀ ਸਥਿਤੀ ਚ ਚੋਣ ਕਮਿਸ਼ਨ ਅਤੇ ਸਰਕਾਰ ਨੂੰ ਜਲਦ ਸਪੱਸ਼ਟਤਾ ਲਿਆਉਣ ਦੀ ਜਰੂਰਤ ਹੈ। ਪਿਛਲੀਆਂ ਨਿਗਮ ਚੋਣਾਂ ਦੌਰਾਨ ਵਾਰਡਾਂ ਦੀ ਕੈਟਾਗਰੀ ਇੱਕ ਨਿਰਧਾਰਤ ਪ੍ਰਣਾਲੀ ਅਧੀਨ ਤੈਅ ਕੀਤੀ ਗਈ ਸੀ, ਜਿਸਨੂੰ ਇਸ ਵਾਰ ਵੀ ਆਧਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਰੋਟੇਸ਼ਨ ਤਹਿਤ ਇਸ ਵਿੱਚ ਫੇਰਬਦਲ ਹੋਣ ਦੀ ਪੂਰੀ ਸੰਭਾਵਨਾ ਹੈ।
ਨਿਗਮ ਚੋਣਾਂ ਲਈ ਵਾਰਡਾਂ ਦੀ ਨਵੀਂ ਕੈਟਾਗਰੀ
ਕੈਟਾਗਰੀ ਵਾਰਡ ਨੰਬਰ
ਇਸਤਰੀ (ਮਹਿਲਾ) 19, 2,6,8,14,20,22,24,26,28,30, 32,34,36,38,42,44,46,48,49
ਜਨਰਲ 18, 1,3,5,7,9,15,17,25,27,29, 33,35,40,41,43,45,47,49
ਬੀਸੀ (ਪਿਛੜੀ ਸ਼੍ਰੇਣੀ) 2, 23 ਤੇ 37
ਐਸਸੀ (ਅਨੁਸੂਚਿਤ ਜਾਤੀ) 5, 11,13,19,21,31
ਐਸਸੀ ਇਸਤਰੀ 6, 4, 10, 12, 16, 18, 39
ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਕਪੂਰਥਲਾ ਲਈ ਵੱਖ-ਵੱਖ ਵਾਰਡਾਂ ਲਈ ਨਵੀਂ ਕੈਟਾਗਰੀ ਜਾਰੀ ਕਰ ਦਿੱਤੀ ਗਈ ਹੈ। ਇਸ ਨਾਲ ਵੱਖ-ਵੱਖ ਦਲਾ ਦੀ ਚੋਣਾਂ ਬਾਰੇ ਤਿਆਰੀ ਇੱਕ ਵਾਰੀ ਤਾਂ ਉਲਝ ਜਾਵੇਗੀ। ਇਸ ਤਬਦੀਲੀ ਨਾਲ ਜ਼ਿਆਦਾਤਰ ਉਮੀਦਵਾਰਾਂ ਦੀ ਸਥਿਤੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਖਾਸ ਕਰ ਕੇ ਉਹ ਉਮੀਦਵਾਰ ਜਿਨ੍ਹਾਂ ਨੇ ਆਪਣੇ ਵਾਰਡਾਂ ਵਿਚ ਲੰਮੇ ਸਮੇਂ ਤੋਂ ਮਜ਼ਬੂਤ ਪਕੜ ਬਣਾਈ ਹੋਈ ਹੈ, ਉਹਨਾਂ ਲਈ ਇਹ ਫੇਰਬਦਲ ਵੱਡੀ ਚੁਣੌਤੀ ਬਣ ਸਕਦਾ ਹੈ।