ਕਵੀ-ਦਰਬਾਰ ਤੇ ਪੁਸਤਕ ਰਿਲੀਜ਼ ਸਮਾਗਮ ਨੇ ਛੱਡੀ ਵੱਖਰੀ ਛਾਪ
ਕਵੀ-ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਗਮ ਨੇ ਛੱਡੀ ਵੱਖਰੀ ਹੀ ਛਾਪ.
Publish Date: Tue, 03 Mar 2026 09:00 PM (IST)
Updated Date: Tue, 03 Mar 2026 09:02 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੀ ਵਿਸ਼ਵ ਪ੍ਰਸਿੱਧ ਸਾਹਿਤਿਕ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਨੇ ਆਪਣੇ ਦਫ਼ਤਰ ਵਿਰਸਾ ਵਿਹਾਰ ਵਿਖੇ ਕੌਮਾਂਤਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਕਵੀ-ਦਰਬਾਰ ਤੇ ਪੁਸਤਕ ਰਿਲੀਜ਼ ਸਮਾਗਮ ਦਾ ਆਯੋਜਨ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਕੁਲਵੰਤ ਸਿੰਘ ਔਜਲਾ, ਡਾ. ਰਾਮ ਮੂਰਤੀ, ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ, ਮਨਜੀਤ ਸੋਹਲ, ਪ੍ਰੋ. ਹਰਜੀਤ ਸਿੰਘ ਅਸ਼ਕ, ਮੰਗਲ ਸਿੰਘ ਭੰਡਾਲ ਤੇ ਚੰਨ ਮੋਮੀ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ’ਚ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਮਾਂ-ਬੋਲੀ ਪੰਜਾਬੀ ਦੀ ਸਿਫ਼ਤ ਕਰਦਿਆਂ ਆਖਿਆ ਕਿ ਸਮੁੱਚੇ ਸਿਰਜਣਾ ਕੇਂਦਰ ਨੂੰ ਫ਼ਖ਼ਰ ਹੈ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਲਈ ਅਜਿਹੇ ਪ੍ਰੋਗਰਾਮ ਉਲੀਕਦਾ ਰਿਹਾ ਹੈ ਤੇ ਉਲੀਕਦਾ ਰਹੇਗਾ। ਸ਼ਾਇਰ ਕੰਵਰ ਇਕਬਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਤੇ ਸ਼ਾਇਰ ਸਾਥੀਆਂ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਕੇਂਦਰ ਨਾਲ ਜੁੜੇ ਹੋਏ ਮੈਂਬਰ ਆਪੋ-ਆਪਣੀ ਸਾਹਿਤਕ ਕਿਰਤ ਸਦਕਾ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਸਦਾ ਹੀ ਕਾਰਜਸ਼ੀਲ ਹਨ। ਕਵੀ-ਦਰਬਾਰ ਦੀ ਸ਼ੁਰੂਆਤ ਕਰਦਿਆਂ ਸ਼ਾਇਰਾਂ ਤੇ ਕਲਮਕਾਰਾਂ ਵਿਚ ਸ਼ਾਮਲ ਗੁਰਦੀਪ ਗਿੱਲ, ਅਵਤਾਰ ਸਿੰਘ ਗਿੱਲ, ਤੇਜਬੀਰ ਸਿੰਘ, ਅਵਤਾਰ ਸਿੰਘ ਭੰਡਾਲ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਕੇਵਲ ਸਿੰਘ ਰੱਤੜਾ, ਡਾ. ਸੁਰਿੰਦਰਪਾਲ ਸਿੰਘ, ਅਮਨ ਗਾਂਧੀ, ਕੁਲਵਿੰਦਰ ਸਿੰਘ ਚਾਹਲ, ਸਰਵਣ ਸਿੰਘ, ਜਨਕਪ੍ਰੀਤ ਬੇਗੋਵਾਲ, ਡਾ. ਹਰਭਜਨ ਸਿੰਘ, ਸ਼ਹਿਬਾਜ਼ ਖ਼ਾਨ ਤੇ ਸੁਰਜੀਤ ਸਾਜਨ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮੁੱਚੇ ਮਾਹੌਲ ਨੂੰ ਕਾਵਿਕ ਰੰਗਤ ਦਿੱਤੀ। ਕਵੀ-ਦਰਬਾਰ ਉਪਰੰਤ ਪ੍ਰਧਾਨਗੀ ਮੰਡਲ ਵਿਚ ਹਾਜ਼ਰ ਨਾਵਲਕਾਰ ਚੰਨ ਮੋਮੀ ਨੇ ਆਖਿਆ ਕਿ ਸਾਹਿਤ ਸਭਾਵਾਂ ਤੇ ਵੱਖ-ਵੱਖ ਅਦਾਰੇ ਸ਼ਲਾਘਾ ਦੇ ਪਾਤਰ ਹਨ ਕਿ ਉਹ ਪੰਜਾਬੀ ਭਾਸ਼ਾ ਦੇ ਪਸਾਰ ਲਈ ਉੱਦਮ ਕਰ ਰਹੇ ਨੇ। ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ ਨੇ ਸਿਰਜਣਾ ਕੇਂਦਰ ਦੇ ਇਸ ਉਪਰਾਲੇ ਦੀ ਸਿਫ਼ਤ ਕਰਦਿਆਂ ਆਖਿਆ ਕਿ ਪੰਜਾਬੀ ਮਾਂ-ਬੋਲੀ ਦਾ ਬੂਟਾ ਓਨੀਂ ਦੇਰ ਵਧਦਾ-ਫੁੱਲਦਾ ਹੀ ਰਹੇਗਾ, ਜਿੰਨੀ ਦੇਰ ਇਸਦੇ ਸਪੁੱਤਰ ਇਸਦੀ ਸੇਵਾ ਲਈ ਤਤਪਰ ਰਹਿਣਗੇ। ਪ੍ਰੋ. ਹਰਜੀਤ ਸਿੰਘ ਅਸ਼ਕ ਨੇ ਭਾਸ਼ਾ ਦੀ ਅਹਿਮੀਅਤ ਬਾਰੇ ਜ਼ਿਕਰ ਕਰਦਿਆਂ ਇਹ ਕਿਹਾ ਕਿ ਪੰਜਾਬੀ ਚਾਹੇ ਧਰਤੀ ਦੇ ਕਿਸੇ ਵੀ ਕੋਨੇ ਉੱਤੇ ਬੈਠਾ ਹੈ ਪਰ ਉਸਦਾ ਮੋਹ ਆਪਣੀ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਹਮੇਸ਼ਾ ਹੀ ਕਾਇਮ ਰਹੇਗਾ। ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਆਏ ਹੋਏ ਸਾਥੀਆਂ ਨੂੰ ਇਸ ਸ਼ੁਭ ਦਿਨ ਦੀ ਮੁਬਾਰਕ ਦਿੰਦਿਆਂ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ, ਸਾਹਿਤ ਤੇ ਸੱਭਿਆਚਾਰ ਨੂੰ ਇਨ੍ਹਾਂ ਦੀ ਸੇਵਾ ਕਰਨ ਵਾਲੇ ਚੰਗੇ ਲੇਖਕ ਤੇ ਪਾਠਕ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦੇ ਰਹਿਣਗੇ। ਸ਼ਾਇਰ ਮਨਜੀਤ ਸੋਹਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਸਾਹਿਤਕ ਸਭਾਵਾਂ ਦਾ ਇਹ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਮਾਂ-ਬੋਲੀ ਦੀ ਸੇਵਾ ਲਈ ਨਿਰੰਤਰ ਯਤਨਸ਼ੀਲ ਰਹਿਣ। ਉੱਘੇ ਆਲੋਚਕ ਤੇ ਲੇਖਕ ਡਾ. ਰਾਮ ਮੂਰਤੀ ਨੇ ਪੰਜਾਬੀ ਭਾਸ਼ਾ ਨਾਲ ਸਬੰਧਤ ਕਈ ਅਹਿਮ ਪਹਿਲੂਆਂ ਉੱਤੇ ਵਿਚਾਰ ਚਰਚਾ ਕੀਤੀ ਤੇ ਆਖਿਆ ਕਿ ਸਿਰਜਣਾ ਕੇਂਦਰ ਅਜਿਹੇ ਸਮਾਗਮਾਂ ਲਈ ਵਧਾਈ ਦਾ ਹੱਕਦਾਰ ਹੈ। ਸਮਾਗਮ ਦੇ ਸੰਯੋਜਕ ਤੇ ਪਹਿਲੀ ਕਤਾਰ ਦੇ ਅਹੁਦੇਦਾਰ ਆਸ਼ੂ ਕੁਮਰਾ, ਮਲਕੀਤ ਮੀਤ, ਡਾ. ਅਵਤਾਰ ਸਿੰਘ ਭੰਡਾਲ, ਡਾ. ਸੁਰਿੰਦਰ ਪਾਲ ਸਿੰਘ, ਅਵਤਾਰ ਸਿੰਘ ਗਿੱਲ ਤੇ ਪ੍ਰਿੰ. ਕੇਵਲ ਸਿੰਘ ਰੱਤੜਾ ਅਨੁਸਾਰ ਸਮਾਗਮ ਦੀ ਕਾਵਿਕ ਖ਼ੂਬਸੂਰਤੀ ਵਿਚ ਉਸ ਸਮੇਂ ਹੋਰ ਵਾਧਾ ਹੋਇਆ ਜਦੋਂ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਮਹਿਮਾਨਾਂ ਨੇ ਆਪਣੀਆਂ ਰਚਨਾਵਾਂ ਸਭ ਦੇ ਸਨਮੁੱਖ ਪੇਸ਼ ਕੀਤੀਆਂ। ਸਮਾਗਮ ਦੇ ਅੰਤ ਵਿਚ ਮਨਜੀਤ ਸੋਹਲ ਦੀਆਂ ਦੋ ਪੁਸਤਕਾਂ “ਤੁਹਾਡੇ ਖ਼ਤ” (ਖ਼ਤ-ਸੰਗ੍ਰਹਿ), “ਤੁਹਾਡੇ ਮੁਤਾਬਿਕ” (ਕਾਵਿ-ਸੰਗ੍ਰਹਿ) ਅਤੇ ਹਜ਼ਾਰਾ ਸਿੰਘ “ਮੰਡ” ਦੀ ਪੁਸਤਕ “ਮੌਤ ਚੋਂ ਜ਼ਿੰਦਗੀ” (ਗੜ੍ਹੀ ਚਮਕੌਰ ਦਾ ਯੁੱਧ) ਦੀ ਲੋਕ ਅਰਪਣ ਰਸਮ ਅਦਾ ਕੀਤੀ ਗਈ। ਸਮਾਗਮ ਦੇ ਅਖ਼ੀਰ ਵਿਚ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਜਨਰਲ ਸਕੱਤਰ ਸ਼ਹਿਬਾਜ਼ ਖਾਨ ਤੇ ਸਹਾਇਕ ਪ੍ਰੈੱਸ ਸਕੱਤਰ ਰਜਨੀ ਵਾਲੀਆ ਨੇ ਦੱਸਿਆ ਕਿ ਇਸ ਸਮੇਂ ਗੁਰਮਿੰਦਰ ਸਿੰਘ, ਡਾ. ਪਰਮਜੀਤ ਸਿੰਘ ਮਾਨਸਾ, ਜਸਪ੍ਰੀਤ ਸਿੰਘ ‘ਧਿੰਜਣ’, ਮਨਜਿੰਦਰ ਕਮਲ, ਨਵਦੀਪ ਕੁਮਾਰ, ਉੱਘੇ ਰੰਗਕਰਮੀ ਦੀਪਕ ਨਾਹਰ, ਰੰਗਕਰਮੀ ਅਨਿਲ ਕੁਮਾਰ ਆਦਮ, ਸੁਖਪਾਲ ਸਿੰਘ, ਸਤਨਾਮ ਕੌਰ, ਕੁਲਦੀਪ ਸਿੰਘ, ਪਲਵਿੰਦਰ ਸਿੰਘ, ਜਗਮੋਹਣ ਸਿੰਘ ਅਤੇ ਨਿਰਮਲ ਸਿੰਘ ਗਿੱਲ ਆਦਿ ਹਾਜ਼ਰ ਸਨ।