ਕਪੂਰਥਲਾ ਨਿਗਮ ਚੋਣਾਂ ਦੀ ਤਸਵੀਰ ਹੋਈ ਸਾਫ਼, ਰਾਖਵਾਂਕਰਨ ਨੇ ਬਦਲੇ ਸਿਆਸੀ ਸਮੀਕਰਨ
ਕਪੂਰਥਲਾ ਨਿਗਮ ਚੋਣਾਂ ਦਾ ਚਿੱਤਰ ਹੋਇਆ ਸਾਫ, ਰਾਖਵਾਕਰਣ ਨੇ ਬਦਲੇ ਸਿਆਸੀ ਸਮੀਕਰਨ
Publish Date: Sat, 09 May 2026 09:07 PM (IST)
Updated Date: Sat, 09 May 2026 09:09 PM (IST)

-ਪੰਜਾਬੀ ਜਾਗਰਣ ਦੀ ਪਹਿਲਾਂ ਪ੍ਰਕਾਸ਼ਿਤ ਖਬਰ ‘ਤੇ ਲੱਗੀ ਸਰਕਾਰੀ ਮੋਹਰ, ਵਾਇਰਲ ਚਰਚਾਵਾਂ ਦਰਮਿਆਨ ਹੁਣ ਅਧਿਕਾਰਿਕ ਸੂਚੀ ਨੇ ਤਸਵੀਰ ਕੀਤੀ ਸਪੱਸ਼ਟ ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਚਰਚਾਵਾਂ ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਰਾਖਵਾਂਕਰਨ ਸੂਚੀਆਂ ਦੇ ਦਰਮਿਆਨ ਹੁਣ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਕੀਤੀ ਗਈ ਅਧਿਕਾਰਕ ਸੂਚੀ ਨੇ ਪੂਰੀ ਤਸਵੀਰ ਸਾਫ ਕਰ ਦਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਪੰਜਾਬੀ ਜਾਗਰਣ ਵੱਲੋਂ ਪਹਿਲਾਂ ਪ੍ਰਕਾਸ਼ਿਤ ਕੀਤੀ ਗਈ ਸੰਭਾਵੀ ਰਾਖਵਾਂਕਰਨ ਸਬੰਧੀ ਖਬਰ ਨੂੰ ਲੈ ਕੇ ਭਾਵੇਂ ਕੁਝ ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਸਨ, ਪਰ ਹੁਣ ਸਰਕਾਰ ਦੀ ਅਧਿਕਾਰਕ ਸੂਚੀ ਨੇ ਉਸ ਖਬਰ ਦੀ ਭਰੋਸੇਯੋਗਤਾ ‘ਤੇ ਮੋਹਰ ਲਾ ਦਿੱਤੀ ਹੈ। ਸ਼ਹਿਰ ਦੀਆਂ ਸਿਆਸੀ ਗਲੀਆਂ ਵਿਚ ਹੁਣ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੰਜਾਬੀ ਜਾਗਰਣ ਵੱਲੋਂ ਪਹਿਲਾਂ ਹੀ ਜਿਹੜੇ ਸੰਕੇਤ ਦਿੱਤੇ ਗਏ ਸਨ, ਉਹ ਪੂਰੀ ਤਰ੍ਹਾਂ ਸਹੀ ਸਾਬਤ ਹੋਏ ਹਨ। ਇਸ ਕਾਰਨ ਚੋਣ ਮੈਦਾਨ ਵਿਚ ਉਤਰਣ ਦੀ ਤਿਆਰੀ ਕਰ ਰਹੇ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਵਿਚ ਨਵੀਂ ਹਲਚਲ ਪੈਦਾ ਹੋ ਗਈ ਹੈ। ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਨਗਰ ਨਿਗਮ ਕਪੂਰਥਲਾ ਦੇ ਕੁੱਲ 50 ਵਾਰਡਾਂ ਵਿਚੋਂ 19 ਵਾਰਡ ਔਰਤਾਂ ਲਈ ਰਾਖਵੇਂ ਰੱਖੇ ਗਏ ਹਨ। ਇਨ੍ਹਾਂ ਵਿਚ ਵਾਰਡ ਨੰਬਰ 2, 6, 8, 14, 20, 22, 24, 26, 28, 30, 32, 34, 36, 38, 42, 44, 46, 48 ਤੇ 50 ਸ਼ਾਮਲ ਹਨ। ਇਸ ਤੋਂ ਇਲਾਵਾ 18 ਵਾਰਡ ਜਨਰਲ ਵਰਗ ਲਈ ਰੱਖੇ ਗਏ ਹਨ, ਜਿਨ੍ਹਾਂ ਵਿਚ 1, 3, 5, 7, 9, 15, 17, 25, 27, 29, 33, 35, 40, 41, 43, 45, 47 ਤੇ 49 ਨੰਬਰ ਵਾਰਡ ਸ਼ਾਮਲ ਹਨ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਮਹਿਲਾਵਾਂ ਲਈ 4, 10, 12, 16, 18 ਤੇ 39 ਨੰਬਰ ਵਾਰਡ ਰਾਖਵੇਂ ਕੀਤੇ ਗਏ ਹਨ, ਜਦਕਿ ਐੱਸਸੀ ਵਰਗ ਲਈ 11, 13, 19, 21 ਤੇ 31 ਨੰਬਰ ਵਾਰਡ ਨਿਰਧਾਰਿਤ ਕੀਤੇ ਗਏ ਹਨ। ਪੱਛੜੇ ਵਰਗ ਲਈ ਵਾਰਡ ਨੰਬਰ 23 ਤੇ 37 ਰਾਖਵੇਂ ਰੱਖੇ ਗਏ ਹਨ। ਰਾਖਵਾਂਕਰਨ ਦੀ ਇਸ ਸੂਚੀ ਨੇ ਕਈ ਵਾਰਡਾਂ ਵਿਚ ਚੋਣ ਹਾਲਾਤ ਪੂਰੀ ਤਰ੍ਹਾਂ ਬਦਲ ਦਿੱਤੇ ਹਨ। ਜਿਹੜੇ ਆਗੂ ਆਪਣੇ ਵਾਰਡਾਂ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸਨ, ਹੁਣ ਉਨ੍ਹਾਂ ਵਿਚੋਂ ਕਈਆਂ ਨੂੰ ਨਵੇਂ ਵਾਰਡਾਂ ਦੀ ਭਾਲ ਕਰਨੀ ਪੈ ਸਕਦੀ ਹੈ। ਕੁਝ ਸਿਆਸੀ ਪਰਿਵਾਰਾਂ ਨੇ ਮਹਿਲਾ ਰਾਖਵਾਂਕਰਨ ਵਾਲੇ ਵਾਰਡਾਂ ਵਿਚ ਆਪਣੀਆਂ ਘਰੇਲੂ ਰਣਨੀਤੀਆਂ ਤੱਕ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਦੂਜੇ ਪਾਸੇ ਐੱਸਸੀ ਤੇ ਬੀਸੀ ਵਰਗ ਲਈ ਰਾਖਵਾਂਕਰਨ ਹੋਣ ਨਾਲ ਨਵੇਂ ਚਿਹਰਿਆਂ ਨੂੰ ਮੌਕਾ ਮਿਲਣ ਦੀ ਸੰਭਾਵਨਾ ਵੀ ਕਾਫ਼ੀ ਵਧ ਗਈ ਹੈ। ਚੋਣ ਮਾਹਿਰਾਂ ਦਾ ਮੰਨਣਾ ਹੈ ਕਿ ਕਪੂਰਥਲਾ ਨਗਰ ਨਿਗਮ ਦੀਆਂ ਚੋਣਾਂ ਇਸ ਵਾਰ ਕਾਫ਼ੀ ਦਿਲਚਸਪ ਤੇ ਟੱਕਰ ਵਾਲੀਆਂ ਹੋਣਗੀਆਂ। ਰਾਖਵਾਂਕਰਨ ਸਪੱਸ਼ਟ ਹੋਣ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਵੱਲੋਂ ਸੰਭਾਵੀ ਉਮੀਦਵਾਰਾਂ ਦੀ ਨਵੀਂ ਲਿਸਟ ਤਿਆਰ ਕੀਤੀ ਜਾ ਰਹੀ ਹੈ ਤੇ ਟਿਕਟਾਂ ਲਈ ਦੌੜ ਹੋਰ ਤੇਜ਼ ਹੋਣ ਦੀ ਸੰਭਾਵਨਾ ਬਣ ਗਈ ਹੈ। ਉਧਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਚਰਚਾਵਾਂ ਦੇ ਦਰਮਿਆਨ ਹੁਣ ਇਹ ਗੱਲ ਵੀ ਸਾਫ਼ ਹੋ ਗਈ ਹੈ ਕਿ ਪੰਜਾਬੀ ਜਾਗਰਣ ਵੱਲੋਂ ਪਹਿਲਾਂ ਪ੍ਰਕਾਸ਼ਿਤ ਕੀਤੀ ਗਈ ਖਬਰ ਸਿਰਫ ਅਟਕਲ ਨਹੀਂ ਸੀ, ਸਗੋਂ ਉਸ ਵਿਚ ਦਿੱਤੀ ਗਈ ਜਾਣਕਾਰੀ ਹਕੀਕਤ ਦੇ ਨੇੜੇ ਸੀ। ਇਸ ਕਾਰਨ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿਚ ਹੁਣ ਪੰਜਾਬੀ ਜਾਗਰਣ ਦੀ ਖਬਰ ਨੂੰ “ਸਭ ਤੋਂ ਪਹਿਲਾਂ ਸਹੀ ਤਸਵੀਰ ਪੇਸ਼ ਕਰਨ ਵਾਲੀ ਰਿਪੋਰਟ” ਵਜੋਂ ਵੀ ਦੇਖਿਆ ਜਾ ਰਿਹਾ ਹੈ।