ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਸੀਐੱਮ ਦਾ ਪੁਤਲਾ ਫੂਕਿਆ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਜ਼ਿਲਾ ਹੈਡਕੁਆਰਟਰ ਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕ ਕੇ ਕੀਤਾ ਗਿਆ ਜ਼ੋਰਦਾਰ ਪ੍ਰਦਰਸ਼ਨ
Publish Date: Thu, 19 Feb 2026 06:58 PM (IST)
Updated Date: Thu, 19 Feb 2026 07:00 PM (IST)
ਪੰਜਾਬ ਸਰਕਾਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕਰੇ : ਸੰਗਤ ਰਾਮ/ਕੋਹਲੀ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਹੈੱਡਕੁਆਰਟਰ ਕਪੂਰਥਲਾ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਤ ਰਾਮ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਮਾਸਟਰ ਕੈਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਤੁਰੰਤ ਮੁਲਾਜ਼ਮਾਂ ਦਾ 16% ਡੀਏ ਦਾ ਬਕਾਇਆ ਜਾਰੀ ਕੀਤਾ ਜਾਵੇ। ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ। ਇਸ ਮੌਕੇ ਜਲਸੇ ਨੂੰ ਸੰਬੋਧਨ ਕਰਦੇ ਹੋਏ ਡੀਸੀ ਦਫਤਰ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ, ਪ੍ਰਿਤਪਾਲ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ 17.7.20 ਦਾ ਮਾਰੂ ਪੱਤਰ ਤੁਰੰਤ ਰੱਦ ਕਰੇ, ਮੁਲਾਜ਼ਮਾਂ ਦਾ ਟੈੱਟ ਪਾਸ ਕਰਨ ਵਾਲਾ ਪੱਤਰ ਵੀ ਰੱਦ ਕੀਤਾ ਜਾਵੇ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਨਰੇਸ਼ ਕੋਹਲੀ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਤੇ ਫਰਵਰੀ ਮਹੀਨੇ ਵਿਚ ਵਿਧਾਨ ਸਭਾ ਦੇ ਸੈਸ਼ਨ ਵਿਚ ਵਿਧਾਨ ਸਭਾ ਦਾ ਚੰਡੀਗੜ੍ਹ ਵਿਖੇ ਘੇਰਾਓ ਕੀਤਾ ਜਾਵੇਗਾ।
ਜ਼ਿਲ੍ਹਾ ਹੈੱਡਕੁਆਰਟਰ ’ਤੇ ਬਹੁਤ ਭਾਰੀ ਗਿਣਤੀ ਵਿਚ ਔਰਤ ਮੁਲਾਜ਼ਮ, ਪੰਜਾਬ ਸੁਬਾਰਡੀਨੇਟਸ ਸਰਵਿਸ ਫੈੱਡਰੇਸ਼ਨ ਦੇ ਮੁਲਾਜ਼ਮ, ਸਿਹਤ ਵਿਭਾਗ ਦੇ ਮੁਲਾਜ਼ਮ, ਪੀਡਬਲਯੂਡੀ ਦੇ ਮੁਲਾਜ਼ਮ ਤੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਰਪ੍ਰੀਤ ਸਿੰਘ ਸੰਧੂ, ਗੁਲਸ਼ਨ ਕੁਮਾਰ, ਨਿਰਮਲ ਸਿੰਘ, ਪਰਮਿੰਦਰ ਸਿੰਘ, ਸੰਗਤ ਰਾਮ, ਧਰਮਿੰਦਰ ਮੱਲੀ, ਸਰਤਾਜ ਸਿੰਘ, ਜਗਮੋਹਨ ਸਿੰਘ ਜਾੰਗਲਾ, ਪ੍ਰਿਤਪਾਲ ਸਿੰਘ, ਗੁਰਮੁਖ ਸਿੰਘ ਬਾਬਾ, ਨਰੇਸ਼ ਕੁਮਾਰ ਕੋਹਲੀ, ਨਰੇਸ਼ ਕੁਮਾਰ, ਸੰਨੀ ਸਹੋਤਾ, ਸੰਦੀਪ ਦੁਰਗਾਪੁਰ ਤੇ ਹੋਰ ਸਾਥੀ ਹਾਜ਼ਰ ਸਨ।