ਸਿਹਤ ਯੋਜਨਾ ਕਾਰਡ ਦੀ ਰਜਿਸਟ੍ਰੇਸ਼ਨ ਦਾ ਅਗਲਾ ਫੇਸ ਮੰਗਲਵਾਰ ਤੋਂ : ਡੀਸੀ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣਾਏ ਜਾ ਰਹੇ ਕਾਰਡ ਦੀ ਰਜਿਸਟਰੇਸ਼ਨ ਦਾ ਅਗਲਾ ਫੇਸ ਮੰਗਲਵਾਰ ਤੋਂ ਹੋਵੇਗਾ ਸ਼ੁਰੂ - ਡਿਪਟੀ ਕਮਿਸ਼ਨਰ
Publish Date: Sat, 07 Mar 2026 08:58 PM (IST)
Updated Date: Sat, 07 Mar 2026 09:00 PM (IST)

--ਮੰਗਲਵਾਰ ਤੋਂ ਐਤਵਾਰ ਤੱਕ ਲਗਾਤਾਰ ਬਣਾਏ ਜਾਣਗੇ ਸਿਹਤ ਯੋਜਨਾ ਦੇ ਕਾਰਡ --ਕਾਰਡ ਬਣਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਫੀਸ ਨਹੀਂ ਲੱਗੇਗੀ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੇਣ ਲਈ ਸਿਹਤ ਕਾਰਡ ਦੀ ਰਜਿਸਟ੍ਰੇਸ਼ਨ ਦਾ ਅਗਲਾ ਫੇਸ ਮੰਗਲਵਾਰ ਤੋਂ ਸ਼ੁਰੂ ਹੋਵੇਗਾ। ਸੇਵਾ ਕੇਂਦਰਾਂ ਦੇ ਨਾਲ ਨਾਲ ਸੀਐੱਚਸੀ ਸੈਂਟਰ ਦੇ ਵਿਚ ਵੀ ਕਾਰਡ ਬਣਾਏ ਜਾਣਗੇ। ਮੰਗਲਵਾਰ ਤੋਂ ਐਤਵਾਰ ਤੱਕ ਲਗਾਤਾਰ ਛੇ ਦਿਨਾਂ ਤੱਕ ਇਹ ਕਾਰਡ ਜ਼ਿਲ੍ਹੇ ਦੇ ਸਾਰੇ ਸੁਵਿਧਾ ਕੇਂਦਰਾਂ ਤੇ ਸੀਐੱਚਸੀ ਸੈਂਟਰਾਂ ਦੇ ਵਿਚ ਬਣਾਏ ਜਾਣਗੇ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸੂਚੀਬੱਧ ਹਰੇਕ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵਿਚ ਇਸ ਯੋਜਨਾ ਤਹਿਤ ਮੁਫ਼ਤ ਇਲਾਜ਼ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ 2 ਹਜ਼ਾਰ ਤੋਂ ਵਧੇਰੇ ਸਿਹਤ ਸੇਵਾਵਾਂ ਤੇ ਵੱਡੇ ਆਪ੍ਰੇਸ਼ਨ ਇਸ ਯੋਜਨਾ ਵਿਚ ਕਵਰ ਹੋਣਗੇ। ਓਨ੍ਹਾਂ ਕਿਹਾ ਕਿ ਵੱਡੀਆਂ ਤੇ ਛੋਟੀਆਂ ਬਿਮਾਰੀਆਂ ਲਈ 10 ਲੱਖ ਰੁਪਏ ਤੱਕ ਦੀਆਂ ਸਾਰੀਆਂ ਦਵਾਈਆਂ ਤੇ ਟੈਸਟ ਮੁਫ਼ਤ ਹੋਣਗੇ। ਇਸ ਯੋਜਨਾ ਲਈ ਕੋਈ ਆਮਦਨ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ। ਇਸ ਸਕੀਮ ਵਿਚ 2,356 ਤੋਂ ਵੱਧ ਇਲਾਜ ਪੈਕੇਜ ਸ਼ਾਮਲ ਕੀਤੇ ਗਏ ਹਨ। ਇਸ ਸਿਹਤ ਯੋਜਨਾ ਅਧੀਨ ਆਰਥੋਪੀਡਿਕਸ, ਜਨਰਲ ਮੈਡੀਸਨ, ਕਾਰਡੀਓਲੋਜੀ, ਨਿਊਰੋਲੋਜੀ, ਨੈਫਰੋਲੋਜੀ, ਯੂਰੋਲੋਜੀ, ਓਨਕੋਲੋਜੀ ਸਮੇਤ ਹੋਰ ਵਿਸ਼ੇਸ਼ ਇਲਾਜ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਦਿਲ ਨਾਲ ਸਬੰਧਤ ਤੇ ਕੈਂਸਰ ਦੇ ਇਲਾਜ, ਕਿਡਨੀ ਡਾਇਲਸਿਸ ਤੇ ਟ੍ਰਾਂਸਪਲਾਂਟ, ਦਿਮਾਗ ਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ, ਜਣੇਪਾ ਤੇ ਨਵਜੰਮੇ ਬੱਚਿਆਂ ਦੀ ਦੇਖਭਾਲ, ਦੁਰਘਟਨਾ ਤੇ ਐਮਰਜੈਂਸੀ, ਗੋਡੇ ਤੇ ਚੂਲੇ ਦੀਆਂ ਸਰਜਰੀਆਂ, ਮੋਤੀਆਬਿੰਦ ਸਰਜਰੀ ਤੇ ਹੋਰ ਇਲਾਜ ਸੇਵਾਵਾਂ ਵੀ ਇਸ ਯੋਜਨਾ ਵਿਚ ਸ਼ਾਮਲ ਹਨ। ਹਸਪਤਾਲ ਦੇ ਖਰਚਿਆਂ ਦੇ ਨਾਲ-ਨਾਲ ਡਾਇਗਨੋਸਟਿਕ ਸੇਵਾਵਾਂ ਨੂੰ ਵੀ ਇਸ ਸਕੀਮ ਅਧੀਨ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਾਰਡ ਬਣਾਉਣ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਇਹ ਕਾਰਡ ਜ਼ਰੂਰ ਬਣਵਾਉਣ ਤਾਂ ਜੋ ਲੋੜ ਪੈਣ ’ਤੇ ਇਸ ਯੋਜਨਾ ਦਾ ਲਾਭ ਲਿਆ ਜਾ ਸਕੇ।