ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਭਰਵਾਂ ਸੁਆਗਤ ਕੀਤਾ

- ਪੰਜ ਪਿਆਰਿਆਂ ਨੇ ਕੀਤੀ ਨਗਰ ਕੀਰਤਨ ਦੀ ਅਗਵਾਈ, ਵੱਡੀ ਗਿਣਤੀ ’ਚ ਸੰਗਤ ਨੇ ਭਰੀ ਹਾਜ਼ਰੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਚੜ੍ਹਦੀ ਕਲਾ ਸੇਵਾ ਸੁਸਾਇਟੀ ਦੇ ਉਪਰਾਲਿਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਵੇਰੇ 5 ਵਜੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ, ਨਜ਼ਦੀਕ ਮਾਰਕਫੈੱਡ ਚੌਕ ਤੋਂ ਆਰੰਭ ਹੋ ਕੇ ਗੁਰਦੁਆਰਾ ਗੁਰੂਸਰ ਸਾਹਿਬ, ਸੈਫਲਾਬਾਦ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੀ ਆਰੰਭਤਾ ਮੌਕੇ ਭਾਈ ਗੁਰਮੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਨੇ ਅਰਦਾਸ ਕੀਤੀ ਅਤੇ ਪ੍ਰਬੰਧਕਾਂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦਿੱਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤਾ। ਇਸ ਉਪਰੰਤ ਨਗਰ ਕੀਰਤਨ ਮਾਰਕਫੈੱਡ ਚੌਕ, ਰਮਨੀਕ ਚੌਕ, ਚਾਰ ਬੱਤੀ ਚੌਕ, ਸਟੇਟ ਗੁਰਦੁਆਰਾ ਸਾਹਿਬ ਜਿੱਥੇ ਹਜ਼ੂਰੀ ਹੈੱਡ ਗ੍ਰੰਥੀ ਭਾਈ ਮੋਹਕਮ ਸਿੰਘ ਅਤੇ ਭਾਈ ਸਤਨਾਮ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਟ ਕੀਤਾ, ਉਪਰੰਤ ਸ਼ਹੀਦ ਭਗਤ ਸਿੰਘ ਚੌਕ, ਸਤ ਨਾਰਾਇਣ ਮੰਦਰ, ਗੁਰਦੁਆਰਾ ਸਾਹਿਬ ਬਾਵਿਆਂ, ਨਵਾਂ ਪਿੰਡ ਭੱਠਾ, ਪ੍ਰਵੇਜ਼ ਨਗਰ, ਭਵਾਨੀਪੁਰ, ਖੀਰਾਂਵਾਲੀ, ਉੱਚਾ ਪਿੰਡ ਤੋਂ ਹੁੰਦਿਆਂ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਪਹੁੰਚਿਆ।
ਰਸਤੇ ਵਿਚ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਜਥੇਬੰਦੀਆਂ ਅਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰ ਕੇ, ਸਵਾਗਤੀ ਗੇਟ ਬਣਾ ਕੇ ਅਤੇ ਠੰਢੇ-ਮਿੱਠੇ ਜਲ ਦੀ ਛਬੀਲ, ਲੱਸੀ ਅਤੇ ਮਿੱਸੇ ਪ੍ਰਸ਼ਾਦਿਆਂ ਦਾ ਲੰਗਰ ਲਗਾ ਕੇ ਭਰਵਾਂ ਸਵਾਗਤ ਕੀਤਾ। ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਸੈਫਲਾਬਾਦ ਪਹੁੰਚਣ ਉਪਰੰਤ ਮੁੱਖ ਸੇਵਾਦਾਰ ਸੰਤ ਮਹਾਂਪੁਰਸ਼ ਸੰਤ ਬਾਬਾ ਲੀਡਰ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤਾ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਮਹਾਪੁਰਸ਼ ਬਾਬਾ ਲੀਡਰ ਸਿੰਘ ਨੇ ਕਿਹਾ ਕਿ ਸੇਵਾ, ਸਿਮਰਨ ਅਤੇ ਸੰਗਤ ਕਲਯੁੱਗੀ ਜੀਵਨ ਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਂਦਿਆਂ ਨਾਮ ਬਾਣੀ ਪ੍ਰਤੀ ਵਿਸ਼ਵਾਸ ਨੂੰ ਦ੍ਰਿੜ ਕਰਵਾਉਂਦਾ ਹੈ।
ਯਾਤਰਾ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸੰਤ ਬਾਬਾ ਲੀਡਰ ਸਿੰਘ, ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਲੰਗਰ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਹਿਯੋਗੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਖੁਰਾਣਾ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਸੁਰਿੰਦਰਪਾਲ ਸਿੰਘ, ਸੁਰਜੀਤ ਸਿੰਘ ਵਿੱਕੀ, ਹਰਭਜਨ ਸਿੰਘ, ਪਰਮਜੀਤ ਸਿੰਘ ਸੇਖੂਪੁਰ, ਰਛਪਾਲ ਸਿੰਘ, ਜਸਬੀਰ ਸਿੰਘ ਰਾਣਾ, ਜਥੇਦਾਰ ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਬਾਬਾ ਹਰਜੀਤ ਸਿੰਘ, ਗੁਰਟੇਕ ਸਿੰਘ, ਮਨਪ੍ਰੀਤ ਸਿੰਘ, ਲਖਬੀਰ ਸਿੰਘ ਸ਼ਾਹੀ, ਰਛਪਾਲ ਸਿੰਘ, ਸਾਹਿਬ ਪ੍ਰੀਤ ਸਿੰਘ, ਪ੍ਰੀਤਪਾਲ ਸਿੰਘ ਸੋਨੂੰ, ਦਵਿੰਦਰ ਸਿੰਘ, ਹਰਸਿਮਰਨ ਸਿੰਘ, ਬਲਵਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ ਬਟਾਲਵੀ, ਮਨਮੋਹਨ ਸਿੰਘ, ਮਹਿੰਦਰਪਾਲ ਸਿੰਘ, ਜਸਪ੍ਰੀਤ ਸਿੰਘ ਸਚਦੇਵਾ, ਹਰਵੰਤ ਸਿੰਘ, ਹਰਦਿਆਲ ਸਿੰਘ, ਜਸਬੀਰ ਸਿੰਘ, ਨਵਜੀਤ ਸਿੰਘ ਰਾਜੂ, ਮਲਕੀਤ ਸਿੰਘ, ਹਰਵੀਰ ਸਿੰਘ,ਧੰਨਪ੍ਰੀਤ ਸਿੰਘ ਭਾਟੀਆ,ਗੁਰਵਿੰਦਰ ਸਿੰਘ ਸਮੇਤ ਸਮੂਹ ਸੰਗਤਾਂ ਆਦਿ ਹਾਜ਼ਰ ਸਨ।