ਐਂਟੀ ਕੁਰੱਪਸ਼ਨ ਆਫ ਇੰਡੀਆ ਦੀ ਮੀਟਿੰਗ ’ਚ ਚੁੱਕਿਆ ਗਿਆ ਨਸ਼ਿਆਂ ਦਾ ਮੁੱਦਾ
ਨਡਾਲਾ ਵਿਚ ਹੋਈ ਐਂਟੀ ਕੁਰੱਪਸ਼ਨ ਆਫ ਇੰਡੀਆ ਦੀ ਮੀਟਿੰਗ ਮੌਕੇ ਨਸ਼ਿਆਂ ਦਾ ਮੁੱਦਾ ਰਿਹਾ ਭਾਰੂ
Publish Date: Sat, 09 May 2026 08:44 PM (IST)
Updated Date: Sat, 09 May 2026 08:44 PM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਐਂਟੀ ਕਰਪਸ਼ਨ ਐਸੋਸੀਏਸ਼ਨ ਆਫ ਇੰਡੀਆ ਦੀ ਇਕ ਅਹਿਮ ਮੀਟਿੰਗ ਨਡਾਲਾ ਵਿਖੇ ਪ੍ਰਧਾਨ ਮਨਜਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਇਲਾਕੇ ਨਾਲ ਸਬੰਧਤ ਵੱਖ-ਵੱਖ ਸਮਾਜਿਕ ਤੇ ਲੋਕ ਭਲਾਈ ਦੇ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਥੇ ਨਸ਼ਿਆਂ ਦਾ ਮੁੱਦਾ ਸਭ ਤੋਂ ਵੱਧ ਭਾਰੂ ਰਿਹਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਨਜਿੰਦਰ ਸਿੰਘ ਲਾਡੀ ਨੇ ਕਿਹਾ ਕਿ ਸਬ ਡਿਵੀਜ਼ਨ ਭੁਲੱਥ ਦੇ ਥਾਣਿਆਂ ਤੇ ਪੁਲਿਸ ਚੌਂਕੀਆਂ ਵਿਚ ਪੁਲਿਸ ਨਫਰੀ ਵਧਾਈ ਜਾਣੀ ਚਾਹੀਦੀ ਹੈ ਤਾਂ ਜੋ ਇਲਾਕੇ ਵਿਚ ਵਧ ਰਹੀਆਂ ਲੁੱਟ-ਖੋਹ ਤੇ ਹੋਰ ਅਪਰਾਧਿਕ ਘਟਨਾਵਾਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਗਾਈ ਜਾ ਸਕੇ। ਉਨ੍ਹਾਂ ਕਿਹਾ ਕਿ ਹਲਕੇ ਵਿਚ ਨੌਜਵਾਨਾਂ ਦੀ ਨਸ਼ਿਆਂ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਬਹੁਤ ਹੀ ਚਿੰਤਾਜਨਕ ਹਨ ਤੇ ਇਸ ਗੰਭੀਰ ਸਮੱਸਿਆ ਨੂੰ ਤੁਰੰਤ ਧਿਆਨ ਵਿਚ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਪਿੰਡਾਂ ਦੇ ਸਰਪੰਚਾਂ, ਸਮਾਜਿਕ ਆਗੂਆਂ ਤੇ ਜਾਗਰੂਕ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤੇ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖਲ ਕਰਵਾ ਕੇ ਮੁੱਖ ਧਾਰਾ ਨਾਲ ਜੋੜਿਆ ਜਾਵੇ। ਮੀਟਿੰਗ ਵਿਚ ਇਹ ਮੰਗ ਵੀ ਕੀਤੀ ਗਈ ਕਿ ਨਸ਼ੇ ਦੇ ਸੌਦਾਗਰਾਂ ਨੂੰ ਤੁਰੰਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੇਲ੍ਹਾਂ ਵਿਚ ਭੇਜਿਆ ਜਾਵੇ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਬਚਾਇਆ ਜਾ ਸਕੇ। ਇਸ ਮੌਕੇ ਚੇਅਰਮੈਨ ਰਮੇਸ਼ ਕੁਮਾਰ ਆੜਤੀ, ਜਨਰਲ ਸਕੱਤਰ ਸੰਦੀਪ ਕੁਮਾਰ, ਸਤਪਾਲ ਸਿੱਧੂ, ਗੁਰਪ੍ਰੀਤ ਸਿੰਘ ਗੋਪੀ, ਇੰਦਰਪਾਲ ਸਿੰਘ ਪੋਪਲੀ, ਜਤਿੰਦਰ ਅਰੋੜਾ, ਬਲਕਾਰ ਸਿੰਘ, ਅਰੁਨਪ੍ਰੀਤ ਸਿੰਘ, ਕਾਲੀਦਾਸ ਕਪੂਰ ਅਤੇ ਹੋਰ ਹਾਜ਼ਰ ਸਨ।