ਦਿਲ ਦੀ ਧੜਕਨ ਵਧਣਾ ਚਿੰਤਾ ਦਾ ਵਿਸ਼ਾ
ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੱਧ ਰਹੀ ਧੜਕਣ ਦੀ ਸਮੱਸਿਆ ਚਿੰਤਾ ਦਾ ਵਿਸ਼ਾ
Publish Date: Fri, 06 Mar 2026 07:47 PM (IST)
Updated Date: Fri, 06 Mar 2026 07:51 PM (IST)
ਤਣਾਅ, ਗਲਤ ਜੀਵਨ ਸ਼ੈਲੀ ਤੇ ਨੀਂਦ ਦੀ ਕਮੀ ਮੁੱਖ ਕਾਰਨ : ਡਾ. ਕਲੇਰ
ਡਡਵਿੰਡੀ : ਅੱਜ ਦੇ ਤੇਜ਼ ਰਫ਼ਤਾਰ ਤੇ ਤਣਾਅ ਭਰੇ ਦੌਰ ਵਿਚ ਬੱਚਿਆਂ, ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ਵਿਚ ਦਿਲ ਦੀ ਧੜਕਣ ਵੱਧ ਜਾਣ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ, ਜੋ ਸਿਹਤ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਪਹਿਲਾਂ ਇਹ ਸਮੱਸਿਆ ਮੁੱਖ ਤੌਰ ‘ਤੇ ਬਜ਼ੁਰਗਾਂ ਵਿਚ ਵੇਖੀ ਜਾਂਦੀ ਸੀ ਪਰ ਹੁਣ ਇਹ ਹਰ ਉਮਰ ਦੇ ਲੋਕਾਂ ਵਿਚ ਆਮ ਹੋ ਰਹੀ ਹੈ। ਇਸ ਸਬੰਧੀ ਡਾ. ਕੁਲਦੀਪ ਕਲੇਰ (ਐੱਮਬੀਬੀਐੱਸ, ਐੱਮਡੀ) ਦਿਲ, ਸ਼ੂਗਰ ਤੇ ਸਕੈਨਿੰਗ ਦੇ ਮਾਹਰ (ਐਕਸ ਪੀਜੀਆਈ ਚੰਡੀਗੜ੍ਹ) ਨੇ ਕਿਹਾ ਕਿ ਅੱਜਕੱਲ੍ਹ ਦੀ ਭੱਜਦੌੜ ਵਾਲੀ ਜੀਵਨ ਸ਼ੈਲੀ ’ਚ ਮਾਨਸਿਕ ਤਣਾਅ, ਨੀਂਦ ਦੀ ਕਮੀ ਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕਾਂ ਵਿਚ ਦਿਲ ਦੀ ਧੜਕਣ ਤੇਜ਼ ਹੋਣ ਦੀ ਸਮੱਸਿਆ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਜ਼ਿਆਦਾ ਕੈਫ਼ੀਨ ਵਾਲੇ ਡਰਿੰਕ, ਸਿਗਰਟਨੋਸ਼ੀ, ਨਸ਼ਿਆਂ ਦੀ ਵਰਤੋਂ ਤੇ ਮੋਬਾਈਲ ਜਾਂ ਸਕਰੀਨ ਅੱਗੇ ਲੰਮਾ ਸਮਾਂ ਬਿਤਾਉਣਾ ਵੀ ਇਸ ਸਮੱਸਿਆ ਨੂੰ ਵਧਾਉਂਦਾ ਹੈ। ਡਾ. ਕਲੇਰ ਨੇ ਦੱਸਿਆ ਕਿ ਜੇ ਕਿਸੇ ਵਿਅਕਤੀ ਨੂੰ ਅਚਾਨਕ ਦਿਲ ਦੀ ਧੜਕਣ ਬਹੁਤ ਤੇਜ਼ ਮਹਿਸੂਸ ਹੋਵੇ, ਛਾਤੀ ਵਿਚ ਘਬਰਾਹਟ, ਚੱਕਰ ਆਉਣ ਜਾਂ ਸਾਹ ਲੈਣ ਵਿਚ ਦਿੱਕਤ ਹੋਵੇ ਤਾਂ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਮੇਂ ਸਿਰ ਜਾਂਚ ਤੇ ਇਲਾਜ ਨਾਲ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸੁਝਾਅ ਦਿੱਤਾ ਕਿ ਦਿਲ ਦੀ ਮਜ਼ਬੂਤੀ ਲਈ ਸੰਤੁਲਿਤ ਖੁਰਾਕ ਲੈਣੀ, ਨਿਯਮਿਤ ਕਸਰਤ ਕਰਨੀ, ਤਣਾਅ ਤੋਂ ਦੂਰ ਰਹਿਣਾ ਤੇ ਪੂਰੀ ਨੀਂਦ ਲੈਣੀ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਸਮੇਂ-ਸਮੇਂ ‘ਤੇ ਬਲੱਡ ਪ੍ਰੈਸ਼ਰ ਤੇ ਦਿਲ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਸਕੇ। ਡਾ. ਕੁਲਦੀਪ ਕਲੇਰ ਅਨੁਸਾਰ ਜੇ ਲੋਕ ਆਪਣੀ ਜੀਵਨ ਸ਼ੈਲੀ ਵਿਚ ਸੁਧਾਰ ਲਿਆਉਣ ਤੇ ਸਿਹਤ ਪ੍ਰਤੀ ਜਾਗਰੂਕ ਰਹਿਣ ਤਾਂ ਵਧ ਰਹੀ ਧੜਕਣ ਵਰਗੀਆਂ ਸਮੱਸਿਆਵਾਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।