ਜੀਡੀਆਰ ਕਾਨਵੈਂਟ ਸਕੂਲ ’ਚ ਮਨਾਈ ਮਹਾਵੀਰ ਜੈਅੰਤੀ
ਜੀ.ਡੀ.ਆਰ. ਕਾਨਵੈਂਟ ਸਕੂਲ ਵਿੱਚ ਮਨਾਇਆ ਗਿਆ ਮਹਾਵੀਰ ਜੈਅੰਤੀ ਦਾ ਪਵਿੱਤਰ ਤਿਉਹਾਰ
Publish Date: Mon, 30 Mar 2026 08:04 PM (IST)
Updated Date: Mon, 30 Mar 2026 08:06 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਮਹਾਵੀਰ ਜੈਅੰਤੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੀ ਰੂਪਰੇਖਾ ਲੋਟਸ ਸਦਨ ਦੀ ਇੰਚਾਰਜ ਮੈਡਮ ਬਲਵੀਰ ਕੌਰ ਵੱਲੋਂ ਤਿਆਰ ਕੀਤੀ ਗਈ। ਸਵੇਰ ਦੀ ਪ੍ਰਾਰਥਨਾ ਸਭਾ ਦਾ ਸ਼ੁਭ ਆਰੰਭ ਅੱਠਵੀਂ ਜਮਾਤ ਦੀ ਵਿਦਿਆਰਥਣ ਖੁਸ਼ਦੀਪ ਕੌਰ ਨੇ ਆਪਣੇ ਸੁੰਦਰ ਵਿਚਾਰ ਨਾਲ ਕੀਤਾ ਤੇ ਮੈਡਮ ਗੋਮਾ ਨੇ ਉਨ੍ਹਾਂ ਵਿਚਾਰਾਂ ਦਾ ਅਰਥ ਵਿਸਥਾਰ ਨਾਲ ਬੱਚਿਆਂ ਨੂੰ ਸਮਝਾਇਆ। ਇਸ ਤੋਂ ਬਾਅਦ ਪ੍ਰਾਰਥਨਾ ਸਭਾ ਵਿਚ ਨੌਵੀਂ ਕਲਾਸ ਦੇ ਵਿਦਿਆਰਥੀ ਦਿਵਿਆਂਸ਼ ਸੈਣੀ ਨੇ ਇਸ ਪਵਿੱਤਰ ਦਿਹਾੜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵਾਨ ਮਹਾਵੀਰ ਜੈਨ ਧਰਮ ਦੇ 24ਵੇਂ ਤੀਰਥੰਕਰ ਸਨ। ਉਨ੍ਹਾਂ ਦਾ ਜਨਮ 599 ਈਪ. ਵਿਚ ਕੁੰਡਲਪੁਰ, ਵੈਸ਼ਾਲੀ ਦੇ ਨੇੜੇ ਇਕ ਰਾਜ ਘਰਾਣੇ ਵਿਚ ਹੋਇਆ ਸੀ। ਉਨ੍ਹਾਂ ਦਾ ਬਚਪਨ ਦਾ ਨਾਮ ਵਰਧਮਾਨ ਸੀ। 30 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਪਣਾ ਧਨ-ਦੌਲਤ ਤੇ ਵੈਭਵ ਛੱਡ ਕੇ ਸੱਚ ਦੀ ਖੋਜ ਲਈ ਸੰਸਾਰਿਕ ਜੀਵਨ ਤਿਆਗ ਦਿੱਤਾ ਤੇ ਆਪਣੇ ਆਪ ਨੂੰ ਪਰਮਾਤਮਾ ਨੂੰ ਸਮਰਪਿਤ ਕਰ ਦਿੱਤਾ। ਲੋਟਸ ਹਾਊਸ ਦੇ ਵਿਦਿਆਰਥੀਆਂ ਨੇ ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਨੂੰ ਵਿਸਥਾਰ ਨਾਲ ਪ੍ਰਾਰਥਨਾ ਸਭਾ ਵਿਚ ਪੇਸ਼ ਕੀਤਾ। ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਸਭ ਨੂੰ ਮਹਾਵੀਰ ਜੈਅੰਤੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ ਦੇ ਤਣਾਅ ਭਰੇ ਜੀਵਨ ਵਿਚ ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਤੇ ਉਨ੍ਹਾਂ ਦੇ ਦਿੱਤੇ ਸੰਦੇਸ਼ ਹੀ ਸਾਨੂੰ ਅਸਲੀ ਸੁੱਖ ਤੇ ਸ਼ਾਂਤੀ ਪ੍ਰਦਾਨ ਕਰ ਸਕਦੇ ਹਨ। ਇਸ ਲਈ ਸਾਨੂੰ ਸਭ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਜੀਵਨ ਪਿਆਰ ਤੇ ਸ਼ਾਂਤੀ ਨਾਲ ਬਿਤਾਉਣਾ ਚਾਹੀਦਾ ਹੈ।