ਖੁਸ਼ੀ ਨਾਲ ਮਨਾਇਆ ‘ਈਦ ਉਲ ਅਜ਼ਹਾ’
ਫਗਵਾੜਾ ਚ ਵੱਖ ਵੱਖ ਸਥਾਨਾਂ ਤੇ ਮਨਾਇਆ ਗਿਆ ‘ਈਦ ਉਲ ਅਜ਼ਹਾ’ ਦਾ ਪਵਿੱਤਰ ਤਿਉਹਾਰ
Publish Date: Thu, 28 May 2026 07:14 PM (IST)
Updated Date: Thu, 28 May 2026 07:16 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਈਦ ਉੱਲ ਅਜ਼ਹਾ ਦਾ ਪਵਿੱਤਰ ਤਿਉਹਾਰ ਪੂਰੇ ਦੇਸ਼ ਭਰ ਵਿਚ ਖੁਸ਼ੀ ਨਾਲ ਮਨਾਇਆ ਗਿਆ। ਪੂਰੇ ਮੁਸਲਿਮ ਭਾਈਚਾਰੇ ਵੱਲੋਂ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ਵਿਚ ਜਾ ਕੇ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸੇ ਤਰ੍ਹਾਂ ਪਲਾਹੀ ਦੀ ਮਦੀਨਾ ਮਸਜਿਦ ਵਿਖੇ ਈਦ ਉਲ ਅਜ਼ਹਾ ਦਾ ਮੁਬਾਰਕ ਤਿਉਹਾਰ ਮਨਾਇਆ ਗਿਆ। ਮੁਸਲਿਮ ਭਾਈਚਾਰੇ ਵੱਲੋਂ ਈਦ ਉੱਲ ਅਜ਼ਹਾ ਦੀ ਨਮਾਜ ਮਦੀਨਾ ਮਸਜਿਦ ਪਲਾਹੀ ਵਿਖੇ ਮੌਲਾਨਾ ਨਸੀਮ ਅਹਿਮਦ ਕਾਸਮੀ ਨੇ ਅਦਾ ਕਰਵਾਈ। ਇਸ ਮੌਕੇ ਰਾਸ਼ਟਰੀ ਘੱਟਗਿਣਤੀ ਰਾਖਵਾਂਕਰਨ ਮੋਰਚਾ ਦੇ ਸੂਬਾ ਪ੍ਰਧਾਨ ਨੇ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਈਦ ਉੱਲ ਅਜ਼ਹਾ ਨਾ ਸਿਰਫ ਹਜਰਤ ਇਬਰਾਹੀਮ ਆਲੇ ਸਲਾਮ ਤੇ ਹਜਰਤ ਇਸਮਾਇਲ ਆਲੇ ਸਲਾਮ ਦੀ ਅਜੀਮ ਕੁਰਬਾਨੀ ਦੀ ਯਾਦਗਾਰ ਹੈ ਬਲਕਿ ਮੁਸਲਮਾਨਾਂ ਨੂੰ ਜਜ਼ਬਾ-ਏ-ਕੁਰਬਾਨੀ ਆਪਣੇ ਅੰਦਰ ਪੈਦਾ ਕਰਨ ਦਾ ਸਬਕ ਦਿੰਦਾ ਹੈ। ਉਨ੍ਹਾਂ ਨੇ ਅੱਲਾ ਅੱਗੇ ਦੁਆ ਕਰਦਿਆਂ ਕਿਹਾ ਕਿ ਅੱਲਾ ਤਾਲਾ ਸਾਰੇ ਇਨਸਾਨਾਂ ਨੂੰ ਹਰ ਪ੍ਰੇਸ਼ਾਨੀ ਤੋਂ ਮਹਿਫੂਜ਼ ਰੱਖੇ ਤੇ ਦੇਸ਼ ਦੇ ਵਿਚ ਅਮਨੋ-ਅਮਾਨ ਕਾਇਮ ਰੱਖੇ ਤੇ ਆਪਸੀ ਮੁਹੱਬਤ ਤੇ ਪਿਆਰ ਨਾਲ ਰਹਿਣ ਦੀ ਸਾਰਿਆਂ ਨੂੰ ਤੋਫੀਕ ਦੇਵੇ। ਸੱਬਾ ਨੇ ਕਿਹਾ ਕਿ ਪੂਰੇ ਦੇਸ਼ ਭਰ ਵਿਚ ਕਿਤੇ ਵੀ ਗਊ ਦੀ ਕੁਰਬਾਨੀ ਨਹੀਂ ਦਿੱਤੀ ਗਈ। ਉਨ੍ਹਾਂ ਨੇ ਅੱਗੇ ਵੀ ਗਊ ਦੀ ਕੁਰਬਾਨੀ ਨਾ ਦੇਣ ਲਈ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਸੀਂ ਗਊ ਨੂੰ ਰਾਸ਼ਟਰੀ ਪਸ਼ੂ ਐਲਾਨਣ ਦਾ ਐਲਾਨ ਕਰਨ ਲਈ ਇਕ ਮੰਗ ਪੱਤਰ ਦਿੱਤਾ ਸੀ ਕਿਉਂਕਿ ਇਹ ਦੇਸ਼ ਦੀ ਵੱਡੀ ਗਿਣਤੀ ਲੋਕਾਂ ਦੀ ਆਸਥਾ ਦਾ ਕੇਂਦਰ ਹੈ ਤੇ ਹਿੰਦੂ ਭਾਈਚਾਰੇ ਨੇ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਹੋਇਆ ਹੈ। ਸੱਬਾ ਨੇ ਇਸ ਖੁਸ਼ੀ ਮੌਕੇ ਵਧਾਈ ਦੇਣ ਪੁੱਜੇ ਸਭਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਸਮਗਾਮ ਦੌਰਾਨ ਲੋਕ ਗਾਇਕ ਫਿਰੋਜ਼ ਖਾਨ ਨੇ ਸਮੁੱਚੇ ਦੇਸ਼ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਈਦ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆ ਨੂੰ ਸਾਰੇ ਤਿਉਹਾਰ ਰਲ-ਮਿਲਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਆਪਸੀ ਮੁਹੱਬਤ ਤੇ ਪਿਆਰ ਕਾਇਮ ਕੀਤਾ ਜਾ ਸਕੇ। ਇਸ ਮੌਕੇ ਕਾਰੀ ਗਯੂਰ ਅਹਿਮਦ, ਮੰਗਲ ਹੁਸੈਨ, ਮੁਹੰਮਦ ਕੈਸਰ, ਮੁਹੰਮਦ ਅਸਲਮ, ਮੁਹੰਮਦ ਸਮੀਰ, ਮੁਹੰਮਦ ਕਮਾਲ ਖਾਨ, ਇਕਰਾਮਦੀਨ, ਸੌਕਤ ਅਲੀ, ਮੁਹੰਮਦ ਸਹਿਜਾਦ, ਅਬਦੁਲ ਬਾਸ਼ਿਦ, ਸੋਢੀ ਸੁਨੜਾ, ਮੁਹੰਮਦ ਜਹਾਂਗੀਰ, ਮੁਹੰਮਦ ਫਰਿਆਦ, ਮੁਹੰਮਦ ਸਲੀਮ, ਮੁਹੰਮਦ ਜਨੇਦ, ਨਿਸ਼ਾਨ ਮੱਟੂ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ। ਇਸ ਮੌਕੇ ਦੇਸ਼ ਦੀ ਅਮਨ ਸਾਂਤੀ ਤੇ ਖੁਸ਼ਹਾਲੀ ਤੇ ਤਰੱਕੀ ਲਈ ਮਖ਼ਸੂਸ ਦੁਆ ਵੀ ਕੀਤੀ ਗਈ।