ਵਿਰਾਸਤੀ ਸ਼ਹਿਰ ਅੱਜ ਸਰਕਾਰਾਂ ਅਤੇ ਸਥਾਨਕ ਆਗੂਆਂ ਦੀ ਲਾਪਰਵਾਹੀ ਕਾਰਨ ਨਰਕ ਨਗਰ ਵਜੋਂ ਜਾਣਿਆ ਜਾਂਦਾ ਹੈ : ਸਰਬਜੀਤ ਰਾਜ

ਕਿਹਾ : ਵੋਟ ਤੁਹਾਡਾ ਅਧਿਕਾਰ ਹੈ, ਇਸਦੀ ਵਰਤੋਂ ਸਮਝਦਾਰੀ ਨਾਲ ਕਰੋ
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਸ਼ਹਿਰ ਦੇ ਢਹਿ-ਢੇਰੀ ਹੋ ਰਹੇ ਬੁਨਿਆਦੀ ਢਾਂਚੇ, ਟੁੱਟੀਆਂ ਸੜਕਾਂ, ਸੀਵਰੇਜ ਸਮੱਸਿਆ ਤੇ ਵਿਗੜਦੇ ਹਾਲਤਾਂ ਨੇ ਸਥਾਨਕ ਨਿਵਾਸੀਆਂ ਦਾ ਜੀਵਨ ਮੁਸ਼ਕਲ ਬਣਾ ਦਿੱਤਾ ਹੈ। ਸਰਕਾਰ, ਜਨਤਕ ਪ੍ਰਤੀਨਿਧੀ ਤੇ ਸਥਾਨਕ ਪ੍ਰਸ਼ਾਸਨ ਇਸ ਦੁਰਦਸ਼ਾ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਇਹ ਗੱਲ ਆਲ ਇੰਡੀਆ ਕ੍ਰਿਸ਼ਚੀਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਵੀਰਵਾਰ ਨੂੰ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਕਹੀ। ਉਨ੍ਹਾਂ ਕਿਹਾ ਕਿ ਵਿਰਾਸਤੀ ਸ਼ਹਿਰ, ਜਿਸ ਨੂੰ ਕਦੇ ਦੂਸਰਾ ਪੈਰਿਸ ਕਿਹਾ ਜਾਂਦਾ ਸੀ ਹੁਣ ਸਰਕਾਰਾਂ ਤੇ ਸਥਾਨਕ ਨੇਤਾਵਾਂ ਦੀ ਲਾਪਰਵਾਹੀ ਕਾਰਨ ਨਰਕ ਨਗਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਵੱਲੋਂ ਆਪਣੇ ਝੂਠੇ ਵਾਅਦੇ ਪੂਰੇ ਕਰਨ ਵਿਚ ਅਸਫਲ ਰਹਿਣ ਤੇ ਸਫ਼ਾਈ ਕਰਮਚਾਰੀਆਂ ਦੀ ਜਾਇਜ਼ ਹੜਤਾਲ ਦੇ ਵਿਚਕਾਰ ਸ਼ਹਿਰ ਗੰਦਗੀ ਦੀ ਬਦਬੂ ਹੇਠ ਕੁਰਲਾ ਰਿਹਾ ਹੈ ਪਰ ਸਰਕਾਰ ਤੇ ਸਥਾਨਕ ਨੇਤਾ ਬੇਫਿਕਰ ਹਨ। ਸ਼ਹਿਰ ਦੀ ਕਾਫ਼ੀ ਸਮੇਂ ਤੋਂ ਸਫ਼ਾਈ ਨਹੀਂ ਕੀਤੀ ਗਈ ਹੈ। ਸ਼ਹਿਰ ਦੇ ਜ਼ਿਆਦਾਤਰ ਚੌਰਾਹੇ ਕੂੜੇ ਨਾਲ ਭਰੇ ਹੋਏ ਹਨ। ਮੀਂਹ ਦੇ ਸਮੇਂ ਕੂੜਾ ਫੈਲ ਸਕਦਾ ਹੈ। ਕੂੜੇ ਤੋਂ ਫੈਲ ਰਿਹਾ ਪ੍ਰਦੂਸ਼ਣ ਸ਼ਹਿਰ ਦੇ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ। ਇਸ ਵੇਲੇ ਸ਼ਹਿਰ ਵਿਚ ਕੂੜੇ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਦੇ ਯਤਨ ਦਿਖਾਈ ਨਹੀਂ ਦੇ ਰਹੇ,ਜਿਸ ਕਾਰਨ ਲੋਕਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੇ ਹੜਤਾਲ ’ਤੇ ਜਾਣ ਕਾਰਨ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਕਈ ਧਾਰਮਿਕ ਸਥਾਨਾਂ ਤੇ ਸਕੂਲਾਂ ਦੇ ਸਾਹਮਣੇ ਗੰਦਗੀ ਤੋਂ ਬਚ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਭਰ ਵਿਚ ਗੰਦਗੀ ਤੋਂ ਤੰਗ ਆ ਕੇ ਜਨਤਾ ਨਗਰ ਨਿਗਮ ਵਿਰੁੱਧ ਗੁੱਸਾ ਪ੍ਰਗਟ ਕਰ ਰਹੀ ਹੈ। ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਸਰਬਜੀਤ ਰਾਜ ਨੇ ਕਿਹਾ ਵੋਟ ਪਾਉਣਾ ਤੁਹਾਡਾ ਅਧਿਕਾਰ ਹੈ। ਇਸਦੀ ਸਮਝਦਾਰੀ ਨਾਲ ਵਰਤੋਂ ਕਰੋ। ਹਰ ਵੋਟ ਦੇਸ਼ ਤੇ ਸਮਾਜ ਦੀ ਭਲਾਈ ਲਈ ਕੀਮਤੀ ਹੈ। ਉਨ੍ਹਾਂ ਨਾਗਰਿਕਾਂ ਨੂੰ ਵੋਟ ਪਾਉਣ ਦੇ ਆਪਣੇ ਅਧਿਕਾਰ ਪ੍ਰਤੀ ਜਾਗਰੂਕ ਹੋ ਕੇ ਇਸ ਵਿਸ਼ਾਲ ਚੋਣ ਤਿਉਹਾਰ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਕਿਉਂਕਿ ਉਹ ਸਹੀ ਕੌਂਸਲਰ ਚੁਣਨ ਵਿਚ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਦੇ ਇਸ ਸ਼ਾਨਦਾਰ ਤਿਉਹਾਰ ਦੌਰਾਨ ਇਹ ਸਾਡਾ ਮੁੱਢਲਾ ਫਰਜ਼ ਹੈ ਕਿ ਅਸੀਂ ਆਪਣੀਆਂ ਵੋਟਾਂ ਦੀ ਸਮਝਦਾਰੀ ਨਾਲ ਵਰਤੋਂ ਕਰੀਏ ਤੇ ਸਹੀ ਉਮੀਦਵਾਰ ਦੀ ਚੋਣ ਕਰੀਏ। ਲੋਕਤੰਤਰ ਵਿਚ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ, ਇਸ ਲਈ ਸਾਨੂੰ ਆਪਣੀਆਂ ਵੋਟਾਂ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।