ਵਿਧਾਇਕ ਖਹਿਰਾ ਦੀ ਪਾਰਕਿੰਗ ਵਾਲੀ ਜਗਾ ’ਤੇ ਚੱਲਿਆ ਪੀਲਾ ਪੰਜਾ
ਪਿੰਡ ਰਾਮਗੜ੍ਹ ’ਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪਾਰਕਿੰਗ ਵਾਲੀ ਜਗਾ ਤੇ ਸਰਕਾਰ ਦਾ ਚੱਲਿਆ ਪੀਲਾ ਪੰਜਾ
Publish Date: Mon, 23 Feb 2026 09:51 PM (IST)
Updated Date: Mon, 23 Feb 2026 09:55 PM (IST)

ਮਾਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ : ਖਹਿਰਾ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਅੱਜ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੱਦੀ ਪਿੰਡ ਰਾਮਗੜ੍ਹ ਵਿਖੇ ਮਹੌਲ ਉਸ ਵੇਲੇ ਤਨਾਅਪੂਰਨ ਹੋ ਗਿਆ ਜਦੋਂ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਤੇ ਬਲਾਕ ਪੰਚਾਇਤ ਅਫਸਰ ਨਡਾਲਾ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ, ਵਿਧਾਇਕ ਸੁਖਪਾਲ ਖਹਿਰਾ ਦੇ ਦਫਤਰ ਨੇੜੇ ਪਾਰਕਿੰਗ ਕੋਲ ਗਲੀ ਵਿਚ ਲੱਗੇ ਗੇਟ ਨੂੰ ਢਾਹੁਣ ਲਈ ਪੁੱਜਾ। ਇਸ ਦੌਰਾਨ ਪਿੰਡ ਰਾਮਗੜ੍ਹ ਵਿਚ ਚੱਪੇ-ਚੱਪੇ ’ਤੇ ਪੁਲਿਸ ਤਾਇਨਾਤ ਕਰਕੇ ਪਿੰਡ ਨੂੰ ਛਾਉਣੀ ਵਿਚ ਤਬਦੀਲ ਕੀਤਾ ਗਿਆ। ਇਸ ਦੌਰਾਨ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਬੀਡੀਪੀਓ ਤੋਂ ਇਸ ਕਾਰਵਾਈ ਸਬੰਧੀ ਨੋਟਿਸ ਤੇ ਹੋਰ ਦਸਤਾਵੇਜ਼ ਦੀ ਮੰਗ ਕੀਤੀ ਪਰ ਪ੍ਰਸ਼ਾਸ਼ਨ ਇਸ ਸਬੰਧੀ ਕੋਈ ਵੀ ਦਸਤਾਵੇਜ਼ ਪੇਸ਼ ਨਹੀ ਕਰ ਸਕਿਆ, ਪ੍ਰਸ਼ਾਸ਼ਨ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਸਾਰੇ ਸਬੂਤ ਤੇ ਉਹ ਨੋਟਿਸ ਹਨ, ਜੋ ਤੁਹਾਨੂੰ ਭੇਜੇ ਗਏ ਤੇ ਇਹ ਜੋ ਗਲੀ ਵਿਚ ਗੇਟ ਲਗਾਇਆ ਗਿਆ ਹੈ ਇਹ ਗੈਰ ਕਨੂੰਨੀ ਹੈ। ਇਸ ਸਭ ਦੇ ਵਿਚਾਲੇ ਲੰਬੀ ਬਹਿਸਬਾਜ਼ੀ ਤੋਂ ਬਾਅਦ ਇਹ ਸਹਿਮਤੀ ਬਣੀ ਕਿ ਅਸੀ ਖੁਦ ਗੇਟ ਉਤਾਰ ਦਿੰਦੇ ਹਾਂ ਪਰ ਗੇਟ ’ਤੇ ਡਿੱਚ ਮਸ਼ੀਨ ਨਾ ਚਲਾਈ ਜਾਵੇ। ਭਾਵੇਂ ਕਿ ਖਹਿਰਾ ਸਮਮਰਥਕਾਂ ਨੇ ਉਹ ਵਿਵਾਦਤ ਗੇਟ ਉਤਾਰ ਦਿੱਤਾ ਪਰ ਫਿਰ ਵੀ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਨਾਲ ਖਹਿਰਾ ਦੀ ਪਾਰਕਿੰਗ ਵਾਲੀ ਕੰਧ ਨੂੰ ਡਿੱਚ ਮਸ਼ੀਨ ਨਾਲ ਢਾਹ ਦਿੱਤਾ ਗਿਆ। ਇਸ ਦੌਰਾਨ ਪ੍ਰਸ਼ਾਸ਼ਨ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਇਹ ਕਾਰਵਾਈ ਮਨੀਸ਼ ਸ਼ਿਸੋਦੀਆ ਦੀ ਸਾਮ-ਦਾਮ-ਦੰਡ-ਭੇਦ ਨੂੰ ਸਾਫ ਦਰਸਾਉਦਾ ਹੈ ਕਿ ਕਿਵੇਂ ਪੰਜਾਬ ’ਚ ਆਪਣਾ ਗੁੰਡਾਰਾਜ ਲਾਗੂ ਕਰਨਾ ਹੈ। ਖਹਿਰਾ ਨੇ ਕਿਹਾ ਕਿ ਇਹ ਜੋ ਗੇਟ ਸਾਡੇ ਤਿੰਨ ਪਰਿਵਾਰ ਸਾਬਕਾ ਸਰਪੰਚ ਅਮਰਜੀਤ ਸਿੰਘ, ਮਾਨ ਸਿੰਘ ਤੇ ਇੰਦਰਪਾਲ ਸਿੰਘ ਦੇ ਘਰਾਂ ਨੂੰ ਜਾਂਦੀ ਗਲੀ ਨੂੰ ਲੱਗਾ ਹੈ, ਉਹ ਅੱਜ ਦੇ ਮਾੜੇ ਮਹੌਲ ਤੋਂ ਆਪਣੇ ਘਰ ਨੂੰ ਸੁਰਖਿਅਤ ਰੱਖਣ ਲਈ ਲੱਗਾ ਹੈ ਪਰ ਇਨ੍ਹਾਂ ਨੇ ਸਿਆਸੀ ਰੰਜਿਸ਼ ਦੇ ਚੱਲਦਿਆਂ ਮੇਰੀ ਨਿੱਜੀ ਕੰਧ ਨੂੰ ਢਾਹਿਆ ਹੈ ਤਾਂ ਜੋ ਖਹਿਰਾ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਉਨ੍ਹਾਂ ਆਪ ਸਰਕਾਰ ਨੂੰ ਚੈਲੰਜ ਕੀਤਾ ਕਿ ਉਹ ਜਿੰਨੀ ਮਰਜ਼ੀ ਮੇਰੇ ਨਾਲ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕਰਕੇ ਆਪਣੇ-ਆਪ ਨੂੰ ਸਤੁੰਸ਼ਟ ਕਰ ਲੈਣ ਪਰ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕ ਚ ਡੱਟਿਆ ਰਹਾਂਗਾ ਤੇ ਪੰਜਾਬ ਦੇ ਹੱਕਾਂ ਲਈ ਬੋਲਦਾ ਰਹਾਂਗਾ। ਉਨ੍ਹਾਂ ਕਿਹਾ ਕਿ ਉਹ ਇਸ ਕਾਰਵਾਈ ਸਬੰਧੀ ਇਨਸਾਫ ਲੈਣ ਲਈ ਮਾਨਯੋਗ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਇਸ ਦੌਰਾਨ ਵੱਡੀ ਗਿਣਤੀ ਵਿਚ ਪੁੱਜੇ ਖਹਿਰਾ ਸਮਰਥਕਾਂ ਨੇ ਸਰਕਾਰ ਖਿਲਾਫ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਜਦੋਂ ਬਲਾਕ ਪੰਚਾਇਤ ਅਫਸਰ ਨਡਾਲਾ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪਿੰਡ ਰਾਮਗੜ੍ਹ ਤੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਨੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਜਿਸਦੇ ਚੱਲਦਿਆਂ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ। ਇਸ ਮੌਕੇ ਕੁਲਬੀਰ ਸਿੰਘ ਖਹਿਰਾ, ਰਛਪਾਲ ਸਿੰਘ ਬੱਚਾਜੀਵੀ, ਜਸਬੀਰ ਸਿੰਘ ਲਿਟਾਂ, ਅਵਤਾਰ ਸਿੰਘ ਵਾਲੀਆ, ਜੋਗਾ ਸਿੰਘ ਇਬਰਾਹੀਮਵਾਲ, ਨਿਰਮਲ ਸਿੰਘ ਮੰਡ, ਵੇਦ ਪ੍ਰਕਾਸ਼ ਖੁਰਾਣਾ, ਬਾਬਾ ਹਰਜੀਤ ਗਿਰੀ, ਕੁਲਦੀਪ ਸਿੰਘ ਕੰਗ, ਨਿਰਮਲ ਸਿੰਘ, ਲਖਵਿੰਦਰ ਸਿੰਘ, ਜਸਵੀਰ ਸਿੰਘ, ਜੋਗਾ ਸਿੰਘ, ਬੀਬੀ ਮਨਜੀਤ ਕੌਰ ਤੇ ਹੋਰ ਵੱਡੀ ਗਿਣਤੀ ਵਿਚ ਖਹਿਰਾ ਸਮਰਥਕ ਹਾਜ਼ਰ ਸਨ।