ਕੂੜੇ ਦੇ ਡੰਪ ਨੂੰ ਤੁਰੰਤ ਹਟਾਇਆ ਜਾਵੇ : ਮਹਿਮੀ
ਅਰਬਨ ਅਸਟੇਟ ਨੇੜੇ ਜੀ.ਟੀ.ਰੋਡ 'ਤੇ ਬਣੇ ਕੂੜੇ ਦੇ ਡੰਪ ਨੂੰ ਤੁਰੰਤ ਹਟਾਇਆ ਜਾਵੇ - ਮਨੀਸ਼ ਮਹਿਮੀ
Publish Date: Fri, 01 May 2026 06:21 PM (IST)
Updated Date: Fri, 01 May 2026 06:23 PM (IST)
ਫਗਵਾੜਾ : ਬਹੁਜਨ ਸੰਘਰਸ਼ ਆਰਗੇਨਾਈਜੇਸ਼ਨ ਆਫ ਇੰਡੀਆ ਦਾ ਵਫਦ ਚੇਅਰਮੈਨ ਰਜਿੰਦਰ ਘੇੜਾ ਦੀ ਅਗਵਾਈ ਵਿੱਚ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਅਤੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਨੂੰ ਮਿਲਿਆ। ਇਸ ਮੌਕੇ ਵਫ਼ਦ ਨੇ ਰਾਈਟਸ ਟੂ ਐਜੂਕੇਸ਼ਨ ਐਕਟ 2009 ਬਾਰੇ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਨਾਲ ਖੁੱਲ ਕੇ ਵਿਚਾਰ-ਵਟਾਂਦਰਾ ਕੀਤਾ। ਇਸ ਦਾ ਲਾਭ ਲੈਣ ਲਈ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਚੇਅਰਮੈਨ ਰਜਿੰਦਰ ਘੇੜਾ ਨੇ ਰਾਈਟਸ ਟੂ ਐਜੂਕੇਸ਼ਨ ਐਕਟ 2009 ਤਹਿਤ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਾਈਵੇਟ ਸਕੂਲਾਂ ਵਿੱਚ 25% ਗ਼ਰੀਬ ਵਰਗ ਦੇ ਬੱਚਿਆਂ ਲਈ ਨਰਸਰੀ ਤੋਂ ਪਹਿਲੀ ਤੱਕ ਫ੍ਰੀ ਦਾਖਲੇ ਲਈ ਧੰਨਵਾਦ ਕੀਤਾ, ਪਰ ਉਨ੍ਹਾਂ ਕਿਹਾ ਕਿ ਜੋ ਸਰਕਾਰ ਵੱਲੋਂ 16 ਅਪ੍ਰੈਲ ਤੋਂ 2 ਮਈ ਤੱਕ ਦਾਖਲਾ ਫਾਰਮ ਭਰਨ ਦੀ ਤਰੀਕ ਰੱਖੀ ਗਈ ਹੈ, ਇਸ ਦਾ ਸਮਾਂ ਬਹੁਤ ਘੱਟ ਹੈ ਅਤੇ ਉਸਨੂੰ ਵਧਾ ਕੇ ਜੂਨ ਤੱਕ ਕੀਤਾ ਜਾਵੇ।
ਇਸ ਮੌਕੇ ਬਹੁਜਨ ਸੰਘਰਸ਼ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਧਰਮਿੰਦਰ ਸਿੰਘ ਭੁੱਲਾਰਾਈ ਨੇ ਮੰਗ ਕੀਤੀ ਕਿ ਸਰਕਾਰ ਨੂੰ ਇਹ ਦਾਖਲੇ ਪ੍ਰੀ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਆਨਲਾਈਨ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਸਿੱਖਿਆ ਦਾ ਅਧਿਕਾਰ 2009 ਐਕਟ ਤਹਿਤ ਮੁਫਤ ਅਤੇ ਲਾਜ਼ਮੀ ਗਰੀਬ ਵਰਗ ਦੇ ਬੱਚੇ ਇਸ ਦਾ ਲਾਭ ਲੈ ਸਕਣ। ਧਰਮਿੰਦਰ ਭੁੱਲਾਰਾਈ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਵੈੱਬਸਾਈਟ ਆਰਟੀਈ ਈ ਪੰਜਾਬ ਸਕੂਲ.ਗੌਰਮਿੰਟ.ਇਨ ਤੇ ਜਾ ਕੇ ਹਰ ਵਰਗ ਦੇ ਗਰੀਬ ਬੱਚੇ ਇਸਦੀ ਜਾਣਕਾਰੀ ਅਤੇ ਲਾਭ ਪ੍ਰਾਪਤ ਕਰ ਸਕਦੇ ਹਨ। ਸਿੱਖਿਆ ਦਾ ਅਧਿਕਾਰ 2009 ਐਕਟ ਲਾਭ ਐੱਸਸੀ/ਬੀਸੀ ਅਤੇ ਓਬੀਸੀ ਵਰਗ, ਜੰਗੀ ਵਿਧਵਾਵਾਂ ਦੇ ਬੱਚੇ ਅਤੇ ਹੈਂਡੀਕੈਪਡ ਇਸ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਸਮਾਜ ਸੇਵਕ ਮਨੀਸ਼ ਮਹਿੰਮੀ ਨੇ ਜੀਟੀ ਰੋਡ ਨੇੜੇ ਅਰਬਨ ਅਸਟੇਟ ਵਿਖੇ ਬਣੇ ਕੂੜੇ ਦੇ ਡੰਪ ਦਾ ਮਾਮਲਾ ਵੀ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਅਤੇ ਹਲਕਾ ਇੰਚਾਰਜ ਹਰਜੀ ਮਾਨ ਕੋਲ ਉਠਾਇਆ ਅਤੇ ਮੰਗ ਕੀਤੀ ਕਿ ਕੂੜੇ ਦਾ ਡੰਪ ਜਲਦੀ ਤੋਂ ਜਲਦੀ ਉੱਥੋਂ ਚੁੱਕਿਆ ਤਾਂ ਜੋ ਉੱਥੋਂ ਲੰਘਣ ਵਾਲੇ ਰਾਹਗੀਰਾਂ ਅਤੇ ਅਰਬਨ ਅਸਟੇਟ ਦੇ ਵਾਸੀਆ ਨੂੰ ਸੁੱਖ ਦਾ ਸਾਹ ਆ ਸਕੇ। ਸੁਰਿੰਦਰ ਰਾਵਲਪਿੰਡੀ ਨੇ ਵੀ ਪਿੰਡਾ ਦੀਆ ਟੁੱਟੀਆਂ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਬਣਾਉਣ ਦੀ ਮੰਗ ਕੀਤੀ।