ਪਵਿੱਤਰ ਨਗਰੀ ’ਚ ਪੈਲੀ ਬਦਬੂ : ਆਹਲੀ
ਕੂੜੇ ਦੇ ਢੇਰਾਂ ਦੀ ਗੰਦਗੀ ਤੇ ਬਦਬੂ ਨੇ ਪਾਵਨ ਨਗਰੀ ਦੀ ਸਥਿਤੀ ਕੀਤੀ ਭਿਆਨਕ-
Publish Date: Mon, 18 May 2026 09:28 PM (IST)
Updated Date: Mon, 18 May 2026 09:30 PM (IST)

ਸਰਕਾਰ ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨੇ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿਛਲੇ ਲਗਭਗ 10 ਦਿਨਾਂ ਤੋਂ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਜਾਰੀ ਹੈ। ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਅਜੇ ਤੱਕ ਕੰਨੀ ਕਤਰਾ ਰਹੀ ਹੈ, ਜਿਸ ਨਾਲ ਪਾਵਨ ਨਗਰੀ ਸੁਲਤਾਨਪੁਰ ਲੋਧੀ ਸ਼ਹਿਰ ਭਿਆਨਕ ਸਥਿਤੀ ਵਿਚ ਸ਼ਾਮਲ ਹੋ ਰਿਹਾ ਹੈ। ਸਮੁੱਚਾ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਫਿਰ ਵੀ ਪੰਜਾਬ ਸਰਕਾਰ ਉਨ੍ਹਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਵਿਚ ਅਸਫਲ ਰਹੀ ਹੈ। ਨਤੀਜੇ ਵਜੋਂ ਸ਼ਹਿਰ ਵਿਚ ਹਰ ਪਾਸੇ ਕੂੜੇ ਦੇ ਢੇਰ ਲੱਗ ਰਹੇ ਹਨ। ਕੂੜੇ ਦੇ ਡੰਪਾਂ ਦੇ ਨੇੜੇ ਦੁਕਾਨਦਾਰ ਅਤੇ ਕੰਮ ਕਰਨ ਵਾਲੇ ਲੋਕ ਬਹੁਤ ਹੀ ਭਿਆਨਕ ਸਥਿਤੀ ਵਿਚ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਕਰਨਜੀਤ ਸਿੰਘ ਆਹਲੀ ਨੇ ਸ਼ਹਿਰ ਦੀ ਗੰਦਗੀ ਭਰੀ ਸਥਿਤੀ ਸਬੰਧੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਾਵਨ ਨਗਰੀ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਆ ਰਹੀਆਂ ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੈਦਲ ਚੱਲਣ ਵਾਲੀਆਂ ਸੰਗਤਾਂ ਨੂੰ ਜਿਥੇ ਟੁੱਟੀਆਂ-ਫੁੱਟੀਆਂ ਸੜਕਾਂ ਤੇ ਗਰਮੀ ਵਿਚ ਉਡਦੀ ਧੂੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਚਾਰੇ ਪਾਸੇ ਫੈਲੀ ਬਦਬੂ ਵਿਚ ਵੀ ਨੱਕ ਨਹੀਂ ਦਿੱਤਾ ਜਾ ਰਿਹਾ। ਜੇਕਰ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰ ਸਕਦੀ ਤਾਂ ਉਹ ਵਾਅਦੇ ਕਰਦੀ ਹੀ ਕਿਉਂ ਹੈ? ਇਸ ਤੋਂ ਇਲਾਵਾ ਸਰਕਾਰ ਨੇ ਨਗਰ ਕੌਂਸਲ ਚੋਣਾਂ ਦਾ ਐਲਾਨ ਕੀਤਾ ਹੋਇਆ ਹੈ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਪ੍ਰਚਾਰ ਵਿਚ ਲੱਗੇ ਹਨ। ਇਸ ਦੌਰਾਨ ਸ਼ਹਿਰ ਦੇ ਵਸਨੀਕ, ਜਿਨ੍ਹਾਂ ਦੀ ਕੋਈ ਗਲਤੀ ਵੀ ਨਹੀਂ ਹੈ ਉਹ ਤਕਲੀਫ ਝੱਲ ਰਹੇ ਹਨ। ਕਰਨਜੀਤ ਆਹਲੀ ਨੇ ਕਿਹਾ ਕਿ ਸ਼ਹਿਰ ਵਾਸੀ ਪਿਛਲੇ 3 ਸਾਲਾਂ ਤੋਂ ਗੰਦਗੀ ਭਰੇ ਮਾਹੌਲ ਵਿਚ ਰਹਿ ਰਹੇ ਹਨ ਤੇ ਪੰਜਾਬ ਸਰਕਾਰ ਪਾਵਨ ਨਗਰੀ ਸੁਲਤਾਨਪੁਰ ਲੋਧੀ ਤੇ ਇਸ ਦੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਵਿਚ ਅਸਫਲ ਰਹੀ ਹੈ। ਆਹਲੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਮੇਂ ਸਿਰ ਪੂਰਾ ਨਹੀਂ ਕਰਦੀ ਹੈ,ਤਾਂ ਫਿਰ ਇਹ ਚੋਣ ਹੁਣ ਕੂੜੇ ਦੇ ਢੇਰਾਂ ਤੋਂ ਲੰਘ ਕੇ ਤੇ ਬਦਬੂ ਭਰੇ ਮਾਹੌਲ ਵਿਚ ਹੋਵੇਗੀ। ਚੋਣਾਂ ਦੌਰਾਨ ਸ਼ਹਿਰ ਵਿਚ ਬਹੁਤ ਸਾਰੇ ਸਥਾਨਾਂ ’ਤੇ ਪੋਲਿੰਗ ਬੂਥ ਲੱਗਣਗੇ, ਜਿਨ੍ਹਾਂ ਦੇ ਬਿਲਕੁਲ ਸਾਹਮਣੇ ਸੜਕਾਂ ਕਿਨਾਰੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ, ਜਿਥੋਂ ਦੀ ਵੋਟਰ ਬਦਬੂ ਭਰੇ ਮਾਹੌਲ ਵਿਚੋਂ ਲੰਘ ਕੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਪੰਜਾਬ ਸਰਕਾਰ ਨਗਰ ਨਿਗਮ ਕਰਮਚਾਰੀਆਂ ਦੇ ਸੰਘਰਸ਼ ’ਤੇ ਚੁੱਪ ਧਾਰ ਕੇ ਬੈਠੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਤੁਰੰਤ ਹੱਲ ਕੱਢਿਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਪ੍ਰਦੂਸ਼ਿਤ ਵਾਤਾਵਰਣ ਤੋਂ ਰਾਹਤ ਮਿਲ ਸਕੇ। ਕੀ ਕਹਿਣਾ ਕਾਰਜ ਸਾਧਕ ਅਫਸਰ ਦਾ- ਸੁਲਤਾਨਪੁਰ ਲੋਧੀ ਸ਼ਹਿਰ ਵਿਚ ਨਗਰ ਕੌਂਸਲ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਪਾਵਨ ਨਗਰੀ ਅੰਦਰ ਲੱਗੇ ਕੂੜੇ ਦੇ ਢੇਰਾਂ ਤੇ ਗੰਦਗੀ ਸਬੰਧੀ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸਰਕਾਰ ਜਲਦੀ ਹੱਲ ਕਰੇਗੀ ਤੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਮੇਂ-ਸਮੇਂ ’ਤੇ ਸਫ਼ਾਈ ਅਭਿਆਨ ਚਲਾਇਆ ਗਿਆ ਹੈ ਤੇ ਹੁਣ ਵੀ ਅਸੀਂ ਸਮੁੱਚੇ ਸ਼ਹਿਰ ਦੀ ਸਫਾਈ ਵੱਲ ਉਚੇਚੇ ਤੌਰ ’ਤੇ ਧਿਆਨ ਦੇ ਰਹੇ ਹਾਂ।