ਆਪ ਨੇ ਵਿਰਾਸਤੀ ਸ਼ਹਿਰ ਨੂੰ ਕੂੜੇ ਦੇ ਢੇਰ ’ਚ ਬਦਲਿਆ : ਖੋਜੇਵਾਲ
ਸਥਾਨਕ ਵਿਧਾਇਕ ਅਤੇ ਸਰਕਾਰ ਦੇ ਸਥਾਨਕ ਆਗੂਆਂ ਵੱਲੋਂ ਅੱਜ ਤੱਕ ਕੂੜਾ ਡੰਪਿੰਗ ਸਾਈਟ ਮੁਹੱਈਆ ਕਰਵਾਉਣ ’ਚ ਅਸਫਲਤਾ ਨਿੰਦਣਯੋਗ : ਖੋਜੇਵਾਲ
Publish Date: Tue, 19 May 2026 09:36 PM (IST)
Updated Date: Tue, 19 May 2026 09:40 PM (IST)

ਸਥਾਨਕ ਵਿਧਾਇਕ ਤੇ ਆਗੂਆਂ ਵੱਲੋਂ ਕੂੜਾ ਡੰਪਿੰਗ ਸਾਈਟ ਮੁਹੱਈਆ ਕਰਵਾਉਣ ’ਚ ਅਸਫਲਤਾ ਨਿੰਦਣਯੋਗ : ਭਾਜਪਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ਵਿਚ ਕੂੜੇ ਦੀ ਸਮੱਸਿਆ ਇਕ ਮਹੱਤਵਪੂਰਨ ਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਚੁਣੌਤੀ ਹੈ। ਸ਼ਹਿਰ ਵਿਚ ਸਥਾਈ ਡੰਪਿੰਗ ਸਾਈਟ ਦੀ ਘਾਟ ਇਸ ਸਮੱਸਿਆ ਨੂੰ ਹੋਰ ਵੀ ਵਧਾਉਂਦੀ ਹੈ। ਇਸ ਸਬੰਧੀ ਭਾਜਪਾ ਦੇ ਆਗੂਆਂ ਵੱਲੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਤੇ ਮੌਜੂਦਾ ਵਿਧਾਇਕ ਤੇ ਮੌਜੂਦਾ ਸਰਕਾਰ ਦੇ ਸਥਾਨਕ ਆਗੂਆਂ ਦੀ ਕੂੜਾ ਡੰਪਿੰਗ ਸਾਈਟ ਮੁਹੱਈਆ ਨਾ ਕਰਵਾਉਣ ਲਈ ਸਖ਼ਤ ਆਲੋਚਨਾ ਕੀਤੀ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਵਿਰਾਸਤੀ ਸ਼ਹਿਰ ਵਿਚ ਸਥਿਤੀ ਮਾੜੀ ਹੈ। ਹਰ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ। ਸਮੇਂ ਸਿਰ ਕੂੜੇ ਦੇ ਨਿਪਟਾਰੇ ਦੀ ਘਾਟ ਵਸਨੀਕਾਂ ਲਈ ਮੁਸ਼ਕਲ ਪੈਦਾ ਕਰ ਰਹੀ ਹੈ। ਸਰਕਾਰ ਤੇ ਸਥਾਨਕ ਆਗੂ ਵੱਡੇ-ਵੱਡੇ ਦਾਅਵੇ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਰਹੇ, ਜਿਸ ਨਾਲ ਸਫ਼ਾਈ ਦੀ ਸਥਿਤੀ ਹੋਰ ਵਿਗੜ ਰਹੀ ਹੈ। ਕੂੜੇ ਦੇ ਢੇਰਾਂ ਤੋਂ ਨਿਕਲਣ ਵਾਲੀ ਬਦਬੂ, ਮੱਛਰ ਤੇ ਮੱਖੀਆਂ ਬਿਮਾਰੀਆਂ ਦਾ ਖ਼ਤਰਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਗੰਦਗੀ ਕਾਰਨ ਨੇੜਲੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ ਤੇ ਗਾਹਕ ਵੀ ਦੁਕਾਨਾਂ ’ਤੇ ਜਾਣ ਤੋਂ ਝਿਜਕ ਰਹੇ ਹਨ। ਖੋਜੇਵਾਲ ਨੇ ਕਿਹਾ ਕਿ ਵਿਰਾਸਤੀ ਸ਼ਹਿਰ ਵਿਚ ਸਰਕੂਲਰ ਰੋਡ, ਜਲੋਖਾਨਾ ਚੌਕ, ਅੰਮ੍ਰਿਤਸਰ ਰੋਡ, ਸ਼ਾਲੀਮਾਰ ਬਾਗ ਦੇ ਨੇੜੇ, ਫੁਹਾਰਾ ਚੌਕ, ਬੀਐੱਸਐੱਨਐੱਲ ਦਫਤਰ ਦੇ ਬਾਹਰ ਤੇ ਹੋਰ ਬਹੁਤ ਸਾਰੇ ਇਲਾਕਿਆਂ ਵਿਚ ਕੂੜੇ ਦੇ ਢੇਰ ਹਨ। ਆਵਾਰਾ ਜਾਨਵਰ ਸੜਕਾਂ ’ਤੇ ਕੂੜਾ ਖਿਲਾਰਦੇ ਹਨ ਤੇ ਪੈਦਲ ਚੱਲਣ ਵਾਲਿਆਂ ਦਾ ਸ਼ਿਕਾਰ ਕਰਦੇ ਹਨ। ਖੋਜੇਵਾਲ ਨੇ ਕਿਹਾ ਕਿ ਮਾੜੀ ਸਫ਼ਾਈ ਪ੍ਰਣਾਲੀ ਹੁਣ ਇਕ ਵੱਡਾ ਜਨਤਕ ਸੰਕਟ ਬਣਦੀ ਜਾ ਰਹੀ ਹੈ। ਸ਼ਹਿਰ ਤੇ ਕਸਬਿਆਂ ਵਿਚ ਹਰ ਜਗ੍ਹਾ ਕੂੜੇ ਦੇ ਢੇਰ ਲੱਗ ਰਹੇ ਹਨ, ਜਿਸ ਨਾਲ ਜਨਤਾ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਹੜਤਾਲ ਨੂੰ ਖਤਮ ਕਰਨ ਲਈ ਕੋਈ ਗੰਭੀਰ ਯਤਨ ਨਹੀਂ ਕੀਤੇ ਹਨ। ਨਾ ਤਾਂ ਸਫ਼ਾਈ ਕਰਮਚਾਰੀਆਂ ਦੇ ਨੁਮਾਇੰਦਿਆਂ ਨਾਲ ਪ੍ਰਭਾਵਸ਼ਾਲੀ ਗੱਲਬਾਤ ਸ਼ੁਰੂ ਕੀਤੀ ਗਈ ਹੈ ਤੇ ਨਾ ਹੀ ਕੋਈ ਬਦਲਵਾਂ ਪ੍ਰਬੰਧ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਹੁੰਦਾ, ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਇਸ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ।