ਸਬਜ਼ੀ ਮੰਡੀ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ
ਫਗਵਾੜਾ ਸਬਜੀ ਮੰਡੀ ਦੇ ਹਾਲ ਮਾੜੇ, ਹਰਜੀਤ ਸਿੰਘ ਕਿੰਨੜਾ
Publish Date: Sat, 11 Apr 2026 10:31 PM (IST)
Updated Date: Sat, 11 Apr 2026 10:33 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਸਬਜ਼ੀ ਮੰਡੀ ਫਗਵਾੜਾ ਆੜ੍ਹਤੀ ਐਸੋਸੀਏਸ਼ਨ ਵੱਲੋਂ ਸਬਜ਼ੀ ਮੰਡੀ ਦੀਆਂ ਸਮੱਸਿਆਵਾਂ ਸੰਬਧੀ ਹਰਜੀਤ ਸਿੰਘ ਕਿੰਨੜਾ ਪ੍ਰਧਾਨ ਸਬਜ਼ੀ ਮੰਡੀ ਫਗਵਾੜਾ ਦੀ ਅਗਵਾਈ ਹੇਠ ਮੰਗ ਪੱਤਰ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਤੇ ਹਲਕਾ ਇੰਚਾਰਜ ਹਰਜੀ ਮਾਨ ਨੂੰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਕਿੰਨੜਾ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋ ਮੰਡੀ ਦੀ ਲਾਈਟ ਬੰਦ ਪਈ ਹੋਈ ਹੈ ਪਰ ਮੰਡੀ ਬੋਰਡ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਕੂੜੇ ਦੀ ਸਮੱਸਿਆ ਆਮ ਬਣੀ ਹੋਈ ਹੈ ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਬਾਇਓ ਗੈਸ ਪਲਾਂਟ ਕਰੋੜਾਂ ਰੁਪਏ ਦੀ ਲਾਗਤ ਨਾਲ ਲੱਗਾ ਹੋਇਆ ਹੈ ਪਰ ਸਹੀ ਰੱਖ-ਰਖਾਅ ਨਾ ਹੋਣ ਕਾਰਨ ਉਹ ਬੰਦ ਪਿਆ ਹੈ। ਸ਼ੈੱਡ ਦੇ ਪੱਖੇ ਕਾਫੀ ਘੱਟ ਅਤੇ ਖ਼ਸਤਾ ਹਾਲਤ ਵਿੱਚ ਹਨ। ਪੁਰਾਣੀ ਸ਼ੈੱਡ ਜੋ 30-35 ਸਾਲ ਪਹਿਲਾਂ ਬਣੀ ਸੀ, ਉਸ ਦੇ ਲੈਂਟਰ ਦਾ ਬਹੁਤ ਬੁਰਾ ਹਾਲ ਹੈ। ਛੱਤ ਬਹੁਤ ਖ਼ਰਾਬ ਹੈ। ਰਿਪੇਅਰ ਤੇ ਸਫ਼ਾਈ ਜ਼ਰੂਰੀ ਹੈ। ਮੰਡੀ ਦੇ ਗੇਟ ਵੀ ਸਹੀ ਨਹੀਂ ਹਨ। ਸੜਕਾਂ ਵੀ ਮੰਡੀ ਅੰਦਰ ਬਹੁਤ ਬੁਰੀ ਹਾਲਤ ਵਿਚ ਹਨ ਪਰ ਬੀਤੇ ਚਾਰ ਸਲ ਵਿਚ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਐੱਮਪੀ ਡਾ. ਚਬੇਵਾਲ ਨੂੰ ਮੰਗ ਪੱਤਰ ਭੇਟ ਕਰ ਕੇ ਬੇਨਤੀ ਕੀਤੀ ਕਿ ਹੁਣ ਉਨ੍ਹਾਂ ਤੋਂ ਹੀ ਉਮੀਦਾਂ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਤਲਵਿੰਦਰ ਰਾਮ, ਮੇਅਰ ਰਾਮਪਾਲ ਉੱਪਲ, ਸੈਕਟਰੀ ਬਲਜਿੰਦਰ ਸਿੰਘ, ਜਸਪਾਲ ਸਿੰਘ, ਕੁਲਵੰਤ ਪੱਬੀ, ਆੜ੍ਹਤੀ ਗੁਰਦੀਪ ਡਾਵਰ, ਕੁਲਵਿੰਦਰ ਸਿੰਘ ਕਿੰਦਾ, ਗੋਰਵ ਡਾਵਰ, ਰਾਮ ਖਡੂਜਾ, ਸ਼ਾਮ ਖਡੂਜਾ, ਸੁਭਾਸ਼ ਚੰਦਰ ਸ਼ਰਮਾ, ਭੂਸ਼ਨ ਤਨੇਜਾ ਤੋਂ ਇਲਾਵਾ ‘ਆਪ’ ਸੰਗਠਨ ਇੰਚਾਰਜ ਗੁਰਦੀਪ ਦੀਪਾ ਆਦਿ ਹਾਜ਼ਰ ਸਨ।